(ਸਮਾਜ ਵੀਕਲੀ)
ਕੀ ਦੱਸਾਂ ਤੇ ਕੀਹਨੂੰ ਦੱਸਾਂ,ਦਿਲ ਆਪਣੇ ‘ਤੇ ਬੀਤ ਰਹੀ ਜੋ?
ਹਾਸੇ ਲੈ ਕੇ ਗ਼ਮ ਦੇ ਜਾਵੇ, ਦਿਲ ਚੰਦਰੇ ਦੀ ਪ੍ਰੀਤ ਰਹੀ ਜੋ?
—-
ਸੁਬ੍ਹਾ ਸਵੇਰੇ ਊਸ਼ਾ ਰਾਣੀ, ਰੰਗ ਖ਼ੁਸ਼ੀਆਂ ਦਾ ਸਭ ਨੂੰ ਵੰਡੇ।
ਮੇਰੇ ਪੱਲੇ ਸ਼ਾਮ ਦੀ ਲਾਲੀ , ਅੱਲੇ ਜ਼ਖ਼ਮ ਜੋ ਮੇਰੇ ਚੰਡੇ।
ਕਿਵੇਂ ਬਣੀ ਉਹ ਮੇਰੀ ਵੈਰਨ,ਜਿੰਦ ਮੇਰੀ ਦੀ ਮੀਤ ਰਹੀ ਜੋ?
ਕੀ ਦੱਸਾਂ ਤੇ ਕੀਹਨੂੰ ਦੱਸਾਂ, ਦਿਲ ਆਪਣੇ ‘ਤੇ ਬੀਤ ਰਹੀ ਜੋ?
—-
ਜਦ ਮਿਲਦੀ ਤਾਂ ਮਹਿਕਾਂ-ਮਹਿਕਾਂ, ਨਾ ਹੁਣ ਜੀਵਨ ਚਹਿਕੇ।
ਮਧੁਰ ਸੰਗੀਤ ਨਾ ਬੋਲਾਂ ਵਿਚੋਂ, ਨਾ ਹੁਣ ਰਹੇ ਉਹ *ਕਹਿਕੇ।
*ਹਾਸੇ
ਕਿੰਝ ਸੋਗੀ ਗੂੰਜਣ ਭੰਵਰੇ ਦੀ, ਸਦਾ ਸੁਰੀਲੀ ਕਦੇ ਰਹੀ ਜੋ?
ਕੀ ਦੱਸਾਂ ਤੇ ਕੀਹਨੂੰ ਦੱਸਾਂ, ਦਿਲ ਆਪਣੇ ‘ਤੇ ਬੀਤ ਰਹੀ ਜੋ?
____
ਬਿਨ ਕਾਰਨ ਰੁੱਸ- ਰੁੱਸ ਕੇ ਬਹਿਣਾ, ਛੱਡ ਦਸਤੂਰ ਪੁਰਾਣਾ।
ਸਿਰ ਧਰ ਤਲੀ ਗਲੀ ਆ ਤੁਰੀਏ, ਖੇਡ ਇਸ਼ਕ ਅਜ਼ਮਾਣਾ।
ਸੁਗੰਧ ਵੰਡ’ਸੁਰਜੀਤ’ਪ੍ਰੇਮ ਦੀ,ਰੀਤ ਯੁਗਾਂ ਤੋਂ ਚੱਲ ਰਹੀ ਜੋ।
ਕੀ ਦੱਸਾਂ ਤੇ ਕੀਹਨੂੰ ਦੱਸਾਂ, ਦਿਲ ਆਪਣੇ ‘ਤੇ ਬੀਤ ਰਹੀ ਜੋ?
-ਸੁਰਜੀਤ ਸਿੰਘ ਭੁੱਲਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly