(ਸਮਾਜ ਵੀਕਲੀ)
(05 ਸਤੰਬਰ ਜਨਮ ਦਿਨ )
ਕਰਕੇ ਹੌਂਸਲਾ ਵੱਡਾ ਕਰਮ ਕਮਾਇਆ ਸਿੱਖੀ ਦਾ।
ਰੰਗਰੇਟੇ ਗੁਰੂ ਕੇ ਬੇਟੇ ਤੂੰ ਮਾਣ ਵਧਾਇਆ ਸਿੱਖੀ ਦਾ।
ਹਿੰਮਤ ਕਰਕੇ ਗੁਰੂ ਪਿਤਾ ਦਾ ਸੀਸ ਉਠਾ ਲਿਆ ਤੂੰ,
ਨਾਲ ਅਦਬ ਦੇ ਘੁੱਟ ਕੇ ਛਾਤੀ ਨਾਲ ਲਗਾ ਲਿਆ ਤੂੰ,
ਜਾਨ ਤਲੀ ‘ਤੇ ਧਰਕੇ ਫਰਜ਼ ਨਿਭਾਇਆ ਸਿੱਖੀ ਦਾ।
ਰੰਗਰੇਟੇ……………………………………।
ਮੁਗਲ ਰਾਜ ਦੇ ਪਹਿਰੇ ਵਿਚ ਤੂੰ ਸੰਨ ਲਗਾ ਦਿੱਤੀ,
ਬੜੀ ਖ਼ਤਰਨਾਕ ਸੀ ਖੇਡ ਜਿਹੜੀ ਖੇਡ ਦਿਖਾ ਦਿੱਤੀ,
ਜਾ ਦੁਸ਼ਮਣ ਦੇ ਦਰ ‘ਤੇ ਬਿਗਲ ਵਜਾਇਆ ਸਿੱਖੀ ਦਾ।
ਰੰਗਰੇਟੇ …………………………………..।
ਔਰੰਗਜ਼ੇਬ ਦਾ ਸੁਪਨਾ ਤੂੰ ਕਰ ਚਕਨਾਚੂਰ ਦਿੱਤਾ,
ਭਰਮ ਪਾਲਿਆ ਉਸਨੇ ਜੋ ਕਰ ਉਸਨੂੰ ਦੂਰ ਦਿੱਤਾ,
ਅਸਲੀ ਰੁਤਬਾ ਉਸ ਨੂੰ ਤੂੰ ਦਰਸਾਇਆ ਸਿੱਖੀ ਦਾ।
ਰੰਗਰੇਟੇ…………………………………।
ਨਾਲ ਹੌਂਸਲੇ ਸਫ਼ਰ ਮੁਕਾਇਆ ਨੇ੍ਹਰੀਆਂ ਰਾਤਾਂ ਦਾ,
ਡੱਟਕੇ ਸਾਹਮਣਾ ਕਰਦਾ ਰਿਹਾ ਤੂੰ ਬੁਰੇ ਹਲਾਤਾਂ ਦਾ,
ਸਹਿ ਕੇ ਦੁੱਖ਼ ਤਕਲੀਫ਼ਾਂ ਚੰਗਾ ਚਾਹਿਆ ਸਿੱਖੀ ਦਾ।
ਰੰਗਰੇਟੇ………………………………..।
ਤੇਰਾ ਇਹ ਉਪਕਾਰ ਨਾ ਕਦੇ ਭੁਲਾਇਆ ਜਾਵੇਗਾ,
ਸਿੱਖ ਇਤਿਹਾਸ ਦੇ ਪੰਨੇ ‘ਤੇ ਵਡਿਆਇਆ ਜਾਵੇਗਾ,
ਉੱਚਾ ਕਰਕੇ ਪਰਚਮ ਤੂੰ ਲਹਿਰਾਇਆ ਸਿੱਖੀ ਦਾ।
ਰੰਗਰੇਟੇ………………………………..।
ਚਕਮਾ ਦੇ ਕੇ ਮੁਗ਼ਲ ਰਾਜ ਦੀ ਪਹਿਰੇਦਾਰੀ ਨੂੰ,
ਸਾਬਤ ਕਦਮਾਂ ਨਾਲ ਨਿਭਾਇਆ ਜ਼ਿੰਮੇਵਾਰੀ ਨੂੰ,
‘ਚੋਹਲਾ’ ਕਹਿੰਦਾ ਤੂੰ ਸੱਚਾ ਸਰਮਾਇਆ ਸਿੱਖੀ ਦਾ।
ਰੰਗਰੇਟੇ ਗੁਰੂ ਕੇ ਬੇਟੇ ਤੂੰ ਮਾਣ ਵਧਾਇਆ ਸਿੱਖੀ ਦਾ।
ਰਮੇਸ਼ ਬੱਗਾ ਚੋਹਲਾ
#1348/17/1 ਗਲੀ ਨੰ:8
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿ:) ਮੋ:9463132719
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly