(ਸਮਾਜ ਵੀਕਲੀ)
ਲਿਖਤੁਮ ਤੇਰਾ ਪੁੱਤ ਪ੍ਰਦੇਸੀ।
ਅੱਗੇ ਮਾਤਾ ਧਰਤ ਪੰਜਾਬ।
ਅੱਖਰਾਂ ਨੂੰ ਪਹਿਰਾਵਾ ਦਿੱਤਾ,
ਇਹ ਧਰਤੀ ਮੇਰੀ ਲਾਜਵਾਬ।
ਇਸ ਧਰਤੀ ਨੂੰ ਨਮਸਕਾਰ ਲੱਖ,
ਜਿਸ ਨੇ ਲਿਖੀ ਪਹਿਲੀ ਕਿਤਾਬ।
ਹਿੰਦ ਦਾ ਨੰਗਾ ਸਿਰ ਢਕਿਆ ਸੀ,
‘ਚਾਦਰ’ ਸੀ ਉਹ ਬੇ-ਹਿਸਾਬ।
ਸੁੱਖੀਂ ਵੱਸਦੇ ਵਿਹੜੇ ਅੰਦਰ,
ਕੀਹਨੇ ਬੀਜਿਆ ਦੱਸ ਅਜ਼ਾਬ।
ਇਹ ਜਿਹੜੇ ਨਿਰਗੁਣੇ ਨੇ ਫਿਰਦੇ,
ਤੋਹਮਤਾਂ ਵਰਗੇ ਨਾ-ਮੁਰਾਦ।
ਹੱਥ ਜੋੜਨ ਵਾਲੇ ਹੀ ਪੁੱਛਣ,
ਸਾਥੋਂ ਸਾਡਾ “ਸਾਬ੍ਹ-ਕਿਤਾਬ”।
ਸਾਡੇ ਅੰਨ ਦੇ ਨਾਲ ਜੀਊਂਦੇ,
ਪੁੱਛਣ ‘ਤੇ ਨਾ ਦੇਣ ਜਵਾਬ।
ਇਸ ਧਰਤੀ ਕਦੇ ਹਾਰ ਨਾ ਮੰਨੀ,
ਜਿਸਦਾ ਨਾਮ ਰਿਹਾ ਪੰਜ-ਆਬ।
ਆਸ ਰਹੇਗੀ ਸਦਾ ਜਿਉਂਦੀ,
ਇਹਦੇ ਵਿਹੜੇ ਖਿੜਨ ਗੁਲਾਬ।
ਕੇਹਰ ਸ਼ਰੀਫ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly