ਨਵੀਂ ਦਿੱਲੀ (ਸਮਾਜ ਵੀਕਲੀ): ਕਰਨਾਟਕ ’ਚ ਹਿਜਾਬ ਵਿਵਾਦ ਦਰਮਿਆਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਕੁਝ ਲੋਕ ਵਿਦਿਅਕ ਅਦਾਰਿਆਂ ਦੇ ਅਨੁਸ਼ਾਸਨ ਅਤੇ ਡਰੈੱਸ ਕੋਡ ਨੂੰ ਫਿਰਕੂ ਰੰਗਤ ਦੇ ਰਹੇ ਹਨ ਤਾਂ ਜੋ ਦੇਸ਼ ਦੇ ਸੱਭਿਆਚਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਜਾ ਸਕੇ। ਪਾਕਿਸਤਾਨੀ ਮੰਤਰੀਆਂ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੌਧਰੀ ਫਵਾਦ ਹੁਸੈਨ ਵੱਲੋਂ ਹਿਜਾਬ ਵਿਵਾਦ ’ਤੇ ਭਾਰਤ ਦੀ ਆਲੋਚਨਾ ਕੀਤੇ ਜਾਣ ’ਤੇ ਨਕਵੀ ਨੇ ਪਾਕਿਸਤਾਨ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਗੁਆਂਢੀ ਮੁਲਕ ਘੱਟ ਗਿਣਤੀਆਂ ਲਈ ਅਪਰਾਧ ਅਤੇ ਕਰੂਰਤਾ ਦਾ ਜੰਗਲ ਹੈ ਪਰ ਉਹ ਭਾਰਤ ਨੂੰ ਸਹਿਣਸ਼ੀਲਤਾ ਤੇ ਧਰਮਨਿਰਪੱਖਤਾ ਦਾ ਸਬਕ ਪੜ੍ਹਾ ਰਿਹਾ ਹੈ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਦੇ ਸਮਾਜਿਕ, ਵਿਦਿਅਕ ਅਤੇ ਧਾਰਮਿਕ ਹੱਕਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਬਰਾਬਰ ਦੇ ਹੱਕ ਦੇਣ, ਖੁਸ਼ਹਾਲੀ, ਸਦਭਾਵਨਾ ਅਤੇ ਸਹਿਣਸ਼ੀਲਤਾ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ 10 ਮੁਸਲਮਾਨਾਂ ’ਚੋਂ ਇਕ ਭਾਰਤ ’ਚ ਰਹਿੰਦਾ ਹੈ ਅਤੇ ਮੁਲਕ ’ਚ ਤਿੰਨ ਲੱਖ ਤੋਂ ਜ਼ਿਆਦਾ ਮਸਜਿਦਾਂ ਹਨ। ‘ਮੁਲਕ ’ਚ 50 ਹਜ਼ਾਰ ਤੋਂ ਜ਼ਿਆਦਾ ਮਦਰੱਸੇ ਅਤੇ 50 ਹਜ਼ਾਰ ਤੋਂ ਵਧ ਘੱਟ ਗਿਣਤੀ ਵਿਦਿਅਕ ਅਦਾਰੇ ਹਨ। ਜਦਕਿ ਪਾਕਿਸਤਾਨ ’ਚ ਆਜ਼ਾਦੀ ਤੋਂ ਪਹਿਲਾਂ 1,288 ਮੰਦਰ ਸਨ ਜਿਨ੍ਹਾਂ ’ਚੋਂ ਹੁਣ ਸਿਰਫ਼ 31 ਰਹਿ ਗਏ ਹਨ।’ ਕਾਂਗਰਸ ਅਤੇ ਵਿਰੋਧੀ ਧਿਰ ਵੱਲੋਂ ਭਾਜਪਾ ’ਤੇ ਵੰਡੀਆਂ ਪਾਉਣ ਦੇ ਲਾਏ ਗਏ ਦੋਸ਼ਾਂ ਬਾਰੇ ਨਕਵੀ ਨੇ ਕਿਹਾ ਕਿ ‘ਭਾਰਤ ਵਿਰੋਧੀ ਬ੍ਰਿਗੇਡ’ ਨੂੰ ਇਕ ਵਾਰ ਫਿਰ ਪਾਕਿਸਤਾਨ ਦੀ ਹਮਾਇਤ ਮਿਲ ਗਈ ਹੈ।
ਹਿਜਾਬ ਵਿਵਾਦ ਉਡੁਪੀ ਦੇ ਸਰਕਾਰੀ ਪੀਯੂ ਕਾਲਜ ’ਚ ਪਹਿਲਾਂ ਜਨਵਰੀ ’ਚ ਭਖਿਆ ਸੀ ਜਦੋਂ ਛੇ ਵਿਦਿਆਰਥਣਾਂ ਨੂੰ ਡਰੈੱਸ ਕੋਡ ਦੀ ਉਲੰਘਣਾ ’ਤੇ ਕੈਂਪਸ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਇਹ ਮੁੱਦਾ ਕਰਨਾਟਕ ਦੇ ਦੂਜੇ ਹਿੱਸਿਆਂ ’ਚ ਵੀ ਫੈਲ ਗਿਆ ਸੀ ਅਤੇ ਹਿੰਦੂ ਵਿਦਿਆਰਥੀਆਂ ਨੇ ਭਗਵਾ ਰੰਗ ਦੀਆਂ ਸ਼ਾਲਾਂ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਦਿਆਰਥੀਆਂ ਨੂੰ ਵੀ ਜਮਾਤਾਂ ’ਚ ਬੈਠਣ ਤੋਂ ਰੋਕ ਦਿੱਤਾ ਗਿਆ ਸੀ। ਹੁਕਮਰਾਨ ਭਾਜਪਾ ਨੇ ਵਰਦੀ ਨਾਲ ਸਬੰਧਤ ਨੇਮਾਂ ਦੀ ਹਮਾਇਤ ਕੀਤੀ ਅਤੇ ਹਿਜਾਬ ਨੂੰ ਧਾਰਮਿਕ ਚਿੰਨ੍ਹ ਕਰਾਰ ਦਿੱਤਾ ਜਦਕਿ ਕਾਂਗਰਸ ਮੁਸਲਿਮ ਲੜਕੀਆਂ ਦੇ ਪੱਖ ’ਚ ਆ ਗਈ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly