ਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ: ਭਾਗ ੪.

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪੰਜਾਬੀ ਵਿੱਚ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਅੰਤ ਵਿੱਚ ‘ਤ’ ਅੱਖਰ ਆਉਂਦਾ ਹੈ ਤੇ ਇਹਨਾਂ ਤੋਂ ਪਹਿਲੇ ਅੱਖਰ ਨਾਲ਼ ‘ਕ-ਅੰਤਿਕ’ ਸ਼ਬਦਾਂ ਵਾਂਗ ਸਿਹਾਰੀ ਲਾਈ ਜਾਂਦੀ ਹੈ। ਅਜਿਹਾ ਕਰਨ ਨਾਲ਼ ਇਹ ਸ਼ਬਦ ‘ਕ-ਅੰਤਿਕ’ ਸ਼ਬਦਾਂ ਵਾਂਗ ਵਿਸ਼ੇਸ਼ਣੀ ਰੂਪ ਧਾਰ ਲੈਂਦੇ ਹਨ। ਅਜਿਹੇ ਸ਼ਬਦਾਂ ਨੂੰ ‘ਭੂਤ-ਕ੍ਰਿਦੰਤੀ’ ਸ਼ਬਦ ਆਖਿਆ ਜਾਂਦਾ ਹੈ ਕਿਉਂਕਿ ਇਹ ਸ਼ਬਦ ਕਿਰਿਆ ਦੇ ਕਾਰਜ ਦੇ ਬੀਤੇ ਸਮੇਂ ਵਿੱਚ ਹੋਣ ਵੱਲ ਇਸ਼ਾਰਾ ਕਰਦੇ ਹਨ। ਅਜਿਹੇ ਸ਼ਬਦਾਂ ਵਿੱਚੋਂ ਕੁਝ ਸ਼ਬਦ ਇਸ ਪ੍ਰਕਾਰ ਹਨ:

ਪ੍ਰਬੰਧਿਤ (ਜਿਸ ਦਾ ਪ੍ਰਬੰਧ ਕੀਤਾ ਜਾ ਚੁੱਕਿਆ ਹੋਵੇ), ਪ੍ਰਕਾਸ਼ਿਤ (ਜਿਸ ਦੀ ਪ੍ਰਕਾਸ਼ਨਾ ਹੋ ਚੁੱਕੀ ਹੋਵੇ), ਅੰਕਿਤ, ਸੰਚਿਤ, ਵੰਚਿਤ, ਆਯੋਜਿਤ, ਸੋਧਿਤ, ਸ਼ੋਸ਼ਿਤ, ਸੰਬੋਧਿਤ, ਸੰਸ਼ੋਧਿਤ, ਗ੍ਰੰਥਿਤ, ਗਠਿਤ, ਸੰਗਠਿਤ, ਇਕੱਤਰਿਤ, ਕਥਿਤ, ਸਸ਼ੋਭਿਤ, ਸੰਗ੍ਰਹਿਤ, ਚਿੰਤਿਤ, ਜਾਗਰਿਤ, ਸਥਾਪਿਤ, ਅਰਪਿਤ, ਸਮਰਪਿਤ, ਖੰਡਿਤ, ਪ੍ਰਚਲਿਤ, ਪ੍ਰਜ੍ਵਲਿਤ, ਪਰਾਜਿਤ, ਪ੍ਰਵਾਨਿਤ, ਅਪਮਾਨਿਤ, ਅਨੁਵਾਦਿਤ, ਸੰਤੁਲਿਤ, ਸਥਗਿਤ, ਸਨਮਾਨਿਤ, ਸੰਭਾਵਿਤ, ਸੁਰੱਖਿਅਤ, ਪ੍ਰਭਾਵਿਤ, ਨਿਸ਼ਚਿਤ, ਨਿਸ਼ਚਿੰਤ, ਨਿਯਮਿਤ, ਨਿਮੰਤਰਿਤ, ਵਿਸਤ੍ਰਿਤ, ਪ੍ਰਫੁਲਿਤ, ਨਿਰਮਿਤ, ਨਿਮੰਤਰਿਤ, ਨਿਯੰਤਰਿਤ, ਪੀੜਿਤ ਆਦਿ।

ਅਜਿਹੇ ਸ਼ਬਦ ‘ਭੂਤ-ਕ੍ਰਿਦੰਤੀ” ਸ਼ਬਦ ਹੋਣ ਦੇ ਨਾਲ਼-ਨਾਲ਼ ਵਿਸ਼ੇਸ਼ਣੀ ਸ਼ਬਦ ਵੀ ਹਨ, ਜਿਵੇਂ: ‘ਆਯੋਜਿਤ ਸਮਾਗਮ’ ਸ਼ਬਦ-ਜੁੱਟ ਵਿੱਚ ‘ਆਯੋਜਿਤ’ (ਵਿਸ਼ੇਸ਼ਣੀ) ਸ਼ਬਦ, ਸਮਾਗਮ (ਨਾਂਵ) ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ ਅਤੇ ‘ਸੰਤੁਲਿਤ ਭੋਜਨ’ ਸ਼ਬਦਾਂ ਵਿੱਚ ਸੰਤੁਲਿਤ (ਵਿਸ਼ੇਸ਼ਣੀ) ਸ਼ਬਦ, ਭੋਜਨ (ਨਾਂਵ) ਦੀ ਵਿਸ਼ੇਸ਼ਤਾ ਪ੍ਰਗਟ ਕਰ ਰਿਹਾ ਹੈ। ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਅਸੀਂ ਇਹਨਾਂ ਵਿੱਚੋਂ ਕੁਝ ਕੁ ਸ਼ਬਦਾਂ ਨਾਲ਼ ਤਾਂ ‘ਤ’ ਅੱਖਰ ਤੋਂ ਪਹਿਲੇ ਅੱਖਰ ਨਾਲ਼ ਲੱਗਣ ਵਾਲ਼ੀ ਸਿਹਾਰੀ ਪਾ ਦਿੰਦੇ ਹਾਂ ਪਰ ਅਜਿਹੇ ਬਹੁਤ ਸਾਰੇ ‘ਭੂਤ-ਕ੍ਰਿਦੰਤੀ’ ਸ਼ਬਦ ਸਿਹਾਰੀ ਤੋਂ ਬਿਨਾਂ ਹੀ ਲਿਖਦੇ ਹਾਂ। ਵਿਸ਼ੇਸ਼ ਤੌਰ ‘ਤੇ ‘ਪੀੜਿਤ’ ਵਰਗੇ ਸ਼ਬਦਾਂ ਨਾਲ਼ ਸਿਹਾਰੀ ਦੇ ਦਰਸ਼ਨ ਤਾਂ ਕਦੇ-ਕਦਾਈਂ ਹੀ ਨਸੀਬ ਹੁੰਦੇ ਹਨ। ਇਸ ਤੋਂ ਬਿਨਾਂ ‘ਸਸ਼ੋਭਿਤ’ ਸ਼ਬਦ ‘ਸ+ਸ਼ੋਭਿਤ’ ਸ਼ਬਦਾਂ ਤੋਂ ਬਣਿਆ ਹੋਇਆ ਹੈ ਪਰ ਇਸ ਨੂੰ ਵੀ ਅਸੀਂ ਅਕਸਰ ‘ਸੁਸ਼ੋਭਿਤ’ ਦੇ ਤੌਰ ‘ਤੇ ਅਰਥਾਤ ‘ਸ’ ਅੱਖਰ ਨੂੰ ਔਂਕੜ ਪਾ ਕੇ ਹੀ ਲਿਖਦੇ ਹਾਂ।

ਇਹਨਾਂ ਵਿਚਲਾ ‘ਵਿਸਤ੍ਰਿਤ’ ਸ਼ਬਦ ‘ਵਿਸਤਾਰ’ ਤੋਂ ਬਣਿਆ ਹੈ ਪਰ ਇੱਕਾ-ਦੁੱਕਾ ਪ੍ਰੈੱਸ ਵਾਲ਼ਿਆਂ ਨੇ ਵਿਸਤਾਰ ਸ਼ਬਦ ਨੂੰ ‘ਵਿਸਥਾਰ’ ਅਤੇ ਇਸ ਤੋਂ ਬਣੇ ਵਿਸ਼ੇਸ਼ਣੀ ਸ਼ਬਦ ‘ਵਿਸਤ੍ਰਿਤ’ ਨੂੰ ਧੱਕੇ ਨਾਲ਼ ਹੀ ‘ਵਿਸਥਾਰਤ’ ਸ਼ਬਦ ਦਾ ਰੂਪ ਦੇ ਦਿੱਤਾ ਹੈ ਤੇ ਦੂਜੀ ਗੱਲ ਇਹ ਕਿ ਅਜਿਹੇ ਭੂਤ-ਕ੍ਰਿਦੰਤੀ ਸ਼ਬਦਾਂ ਜਿਨ੍ਹਾਂ ਵਿੱਚ ਆਖ਼ਰੀ ਤ ਅੱਖਰ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਉਣੀ ਹੈ, ਨੂੰ ਉਹ ਸਿਹਾਰੀ ਲਾਉਣ ਦੀ ਲੋੜ ਵੀ ਨਹੀਂ ਸਮਝਦੇ ਯਾਅਨੀ ਕਿ ‘ਨਾਲ਼ੇ ਚੋਰੀ ਤੇ ਨਾਲ਼ੇ ਸੀਨਾ-ਜ਼ੋਰੀ’ ਦੀ ਅਖਾਉਤ ਅਨੁਸਾਰ ਇੱਥੇ ਧੱਕੇ ਨਾਲ਼ ਹੀ ਗ਼ਲਤ ਪੰਜਾਬੀ ਲਿਖਣ ਤੋਂ ਬਿਨਾਂ ਪੰਜਾਬੀ ਦੇ ਵਿਆਕਰਨਿਕ ਅਤੇ ਤਕਨੀਕੀ ਨਿਯਮਾਂ ਦਾ ਵੀ ਉਲੰਘਣ ਕਰ ਰਹੇ ਹਨ। ਭਾਸ਼ਾ ਨੂੰ ਦਰਪੇਸ਼ ਅਜਿਹੇ ਮਸਲਿਆਂ ਪ੍ਰਤਿ ਸਾਰੇ ਪੰਜਾਬੀਆਂ ਨੂੰ ਇਕਜੁਟ ਹੋ ਕੇ ਸਖ਼ਤ ਰੁਖ਼ ਅਪਣਾਉਣ ਦੀ ਲੋੜ ਹੈ।ਅਜਿਹੀਆਂ ਮਨ-ਮਰਜ਼ੀਆਂ ਹੀ ਪੰਜਾਬੀ ਬੋਲੀ ਦੀ ਇਕਸਾਰਤਾ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਹਨ। ‘ਘਰ-ਘਰ ਟਕਸਾਲ’ ਵਾਲ਼ਾ ਇਹ ਰੁਝਾਨ ਪੂਰੀ ਤਰ੍ਹਾਂ ਬੰਦ ਹੋਣਾ ਚਾਹੀਦਾ ਹੈ।

ਹਿੰਦੀ ਦੇ ਸੰਸਕ੍ਰਿਤ ਮੂਲ ਵਾਲ਼ੇ ਕੁਝ ਅਜਿਹੇ ਸ਼ਬਦ ਜਿਨ੍ਹਾਂ ਨੂੰ ਨਾਂਵ-ਸ਼ਬਦ ਬਣਾਉਣ ਲਈ ਉਹਨਾਂ ਦੇ ਪਿੱਛੇ ‘ਵ’ ਅੱਖਰ ਜੋੜਿਆ ਜਾਂਦਾ ਹੈ; ਪੰਜਾਬੀ ਵਿੱਚ ਇਸ ‘ਵ’ ਦੀ ਥਾਂ ‘ਅ’ ਧੁਨੀ ਵਰਤੀ ਜਾਂਦੀ ਹੈ, ਜਿਵੇਂ: बदलाव= ਬਦਲਾਅ; दबाव= ਦਬਾਅ; बहाव= ਵਹਾਅ; बचाव= ਬਚਾਅ; बर्ताव= ਵਰਤਾਅ (ਵਰਤ-ਵਰਤਾਅ); झुकाव= ਝੁਕਾਅ; सुझाव= ਸੁਝਾਅ; स्वभाव = ਸੁਭਾਅ; तनाव = ਤਣਾਅ; दांव= ਦਾਅ; देव= ਦੇਅ; चाव= ਚਾਅ; टकराव= ਟਕਰਾਅ; छिड़काव= ਛਿੜਕਾਅ, लगाव= ਲਗਾਅ। ਇਸ ਤੋਂ ਬਿਨਾਂ ਢੁਕਾਅ, ਲੋਅ, ਲੇਅ (ਪਰਤ), ਰੱਖ-ਰਖਾਅ, ਲੁਕਾਅ/ਲੁਕ-ਲੁਕਾਅ, ਉਪਾਅ (ਹਿੰਦੀ ਦੇ ‘उपाय’ ਸ਼ਬਦ ਤੋਂ ਬਣਿਆ) ਆਦਿ ਕੁਝ ਹੋਰ ਸ਼ਬਦ ਵੀ ਅੰਤ ਵਿੱਚ ਅ ਅੱਖਰ ਜੋੜ ਕੇ ਹੀ ਲਿਖਣੇ ਹਨ।

ਉਪਰੋਕਤ ਅਨੁਸਾਰ ਹਿੰਦੀ ਦੇ ਕੁਝ ਨਾਂਵ-ਸ਼ਬਦ ਜਿਨ੍ਹਾਂ ਦੇ ਪਿੱਛੇ ‘ਵ’ ਦੀ ਥਾਂ ਭਾਵੇਂ ਕਈ ਵਾਰ ‘ਯ’ ਅੱਖਰ ਵੀ ਹੋਵੇ ਤਾਂ ਵੀ ਉਹਨਾਂ ਦੀ ਥਾਂ ‘ਅ’ ਅੱਖਰ ਪਾ ਕੇ ਹੀ ਲਿਖਣਾ ਹੈ, ਜਿਵੇਂ: उपाय= ਉਪਾਅ, सराय= ਸਰਾਂਅ ਆਦਿ। ਗੌਂ (ਮਤਲਬ), ਬੋ/ਬਦਬੋ/ਖ਼ੁਸ਼ਬੋ (ਬੂ/ਬਦਬੂ/ਖ਼ੁਸ਼ਬੂ ਲਿਖਣਾ ਗ਼ਲਤ ਹੈ), ਚੋ (ਪਹਾੜਾਂ ‘ਚੋਂ ਆਉਂਦੇ), ਕਨਸੋ (ਖ਼ਬਰ), ਸ਼ੈ (ਚੀਜ਼), ਲੈ (ਸੁਰ), ਤੈ (ਮਸਲਾ ਤੈ ਹੋਣਾ), ਸ਼ੋ/ ਸ਼ੋ-ਕੇਸ ਆਦਿ ਕਈ ਸ਼ਬਦ ਇਸੇ ਤਰ੍ਹਾਂ ਅਰਥਾਤ ਬਿਨਾਂ ‘ਅ’ ਤੋਂ ਹੀ ਲਿਖਣੇ ਹਨ ਪਰ ਇਹਨਾਂ ਪਿੱਛੇ ਵੀ ਅਕਸਰ ਅਸੀਂ ਬਿਨਾਂ ਲੋੜ ਤੋਂ ਹੀ ‘ਅ’ ਅੱਖਰ ਪਾਈ ਜਾ ਰਹੇ ਹਾਂ।

ਕੁਝ ਲੋਕ, ਵਿਸ਼ੇਸ਼ ਤੌਰ ‘ਤੇ ਪ੍ਰੈੱਸ ਦਾ ਇੱਕ ਹਿੱਸਾ ‘ਨਾਂ’ ਸ਼ਬਦ ਨਾਲ਼ ਵੀ ਇਸ ਦੇ ਪਿੱਛੇ ‘ਅ’ ਜੋੜ ਕੇ ‘ਨਾਂਅ’ ਦੇ ਤੌਰ ‘ਤੇ ਹੀ ਲਿਖ ਰਿਹਾ ਹੈ। ਇਹ ਸ਼ਬਦ ਮੂਲ ਰੂਪ ਵਿੱਚ ਭਾਵੇਂ ‘ਨਾਮ’ ਸ਼ਬਦ ਤੋਂ ਹੀ ਬਣਿਆ ਹੈ ਪਰ ਕਿਉਂਕਿ ਇਸ ਦੇ ਪਿੱਛੇ ‘ਅ’ ਪਾਉਣ ਜਾਂ ਨਾ ਪਾਉਣ ਨਾਲ਼ ਇਸ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਇਸ ਲਈ ਇੱਥੇ ‘ਅ’ ਅੱਖਰ ਪਾਉਣ ਦੀ ਲੋੜ ਨਹੀਂ ਹੈ। ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਅਨੁਸਾਰ ਵੀ ਇਸ ਦਾ ਇਹੋ ਰੂਪ (ਨਾਂ) ਹੀ ਸਹੀ ਮੰਨਿਆ ਗਿਆ ਹੈ। ਧਿਆਨ ਕੇਵਲ ਏਨਾ ਰੱਖਣਾ ਹੈ ਕਿ ‘ਨਾਂਹ’ ਦੇ ਅਰਥਾਂ ਵਾਲ਼ੇ ‘ਨਾ’ ਉੱਤੇ ਬਿੰਦੀ ਨਹੀਂ ਪੈਣੀ ਅਤੇ ਨਾਂ (ਨਾਮ) ਦੇ ਅਰਥਾਂ ਵਾਲ਼ੇ ਸ਼ਬਦ ਉੱਤੇ ਬਿੰਦੀ ਪੈਣੀ ਹੈ।

ਇਹੋ-ਜਿਹੇ ਕਈ ਸ਼ਬਦਾਂ ਪਿੱਛੇ ਅਕਸਰ ‘ਅ’ ਪਾਉਣ ਜਾ ਨਾ ਪਾਉਣ ਨਾਲ਼ ਸ਼ਬਦਾਂ ਦੇ ਅਰਥ ਹੀ ਬਦਲ ਜਾਂਦੇ ਹਨ। ਉਦਾਹਰਨ ਦੇ ਤੌਰ ‘ਤੇ ਜੇਕਰ ‘ਬਚਾ’ ਸ਼ਬਦ ਪਿੱਛੇ ‘ਅ’ ਨਾ ਪਾਇਆ ਜਾਵੇ ਤਾਂ ਇਹ ਸ਼ਬਦ ਕਿਰਿਆ-ਸ਼ਬਦ ਬਣ ਜਾਂਦਾ ਹੈ, ਜਿਵੇਂ: “ਸਾਨੂੰ ਔਖੇ ਸਮੇਂ ਲਈ ਕੁਝ ਨਾ ਕੁਝ ਜ਼ਰੂਰ “ਬਚਾ” ਕੇ ਰੱਖਣਾ ਚਾਹੀਦਾ ਹੈ।” ਜੇਕਰ ਇਸੇ ਸ਼ਬਦ ਦੇ ਪਿੱਛੇ ‘ਅ’ ਪਾ ਕੇ ‘ਬਚਾਅ’ ਲਿਖਿਆ ਜਾਵੇ ਤਾਂ ਇਹ ਨਾਂਵ-ਸ਼ਬਦ ਬਣ ਜਾਂਦਾ ਹੈ, ਜਿਵੇਂ: “ਬਚਾਅ ਵਿੱਚ ਹੀ ਬਚਾਅ ਹੈ।” ਇਸੇ ‘ਬਚਾ’ ਦੇ ਪਿੱਛੇ ਜੇਕਰ ਓ (ਊੜੇ ਨੂੰ ਹੋੜਾ) ਅੱਖਰ ਜੋੜ ਦਿੱਤਾ ਜਾਵੇ ਤਾਂ ਇਹ ਸ਼ਬਦ ਫਿਰ ਤੋਂ ਕਿਰਿਆ-ਰੂਪ ਧਾਰ ਲੈਂਦਾ ਹੈ, ਜਿਵੇਂ: “ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਓ।” ਇਸ ਪ੍ਰਕਾਰ ਅਜਿਹੇ ਕਈ ਸ਼ਬਦਾਂ ਪਿੱਛੇ ‘ਅ’ ਨਾ ਪਾਉਣ ਨਾਲ਼ ਉਸ ਦੇ ਅਰਥ ਹੋਰ ਹੁੰਦੇ ਹਨ, ‘ਅ’ ਪਾਉਣ ਨਾਲ਼ ਹੋਰ। ਇਸ ਲਈ ਸਾਨੂੰ ਅਜਿਹੇ ਸ਼ਬਦ ਲਿਖਣ ਲੱਗਿਆਂ ਇਹਨਾਂ ਗੱਲਾਂ ਨੂੰ ਵਿਸ਼ੇਸ਼ ਤੌਰ ‘ਤੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਹਨਾਂ ਤੋਂ ਬਿਨਾਂ ਪੰਜਾਬੀ ਦੇ ਕੁਝ ਹੋਰ ਸ਼ਬਦ, ਜਿਵੇਂ: ਸਰਾਂਅ/सराय (ਬਹੁਵਚਨ: ਸਰਾਂਵਾਂ), ਲੋਅ (ਰੋਸ਼ਨੀ), ਲਮਕਾਅ (ਕਿਸੇ ਕੰਮ ਆਦਿ ਨੂੰ ਲਮਕਾਉਣਾ), ਢੁਕਾਅ (ਜੰਞ ਦਾ ਢੁਕਾਅ) ਵੀ ਪੰਜਾਬੀ ਲਹਿਜੇ ਅਨੁਸਾਰ ਅੰਤ ਵਿੱਚ ਅ ਅੱਖਰ ਪਾ ਕੇ ਹੀ ਲਿਖਣੇ ਹਨ। ਭਰਾ ਅਤੇ ਭਰਾਅ (ਰਜਾਈਆਂ ਆਦਿ ਦਾ ਭਰਾਉਣਾ) ਸ਼ਬਦਾਂ ਵਿੱਚ ਅੰਤਰ ਪਾਉਣ ਲਈ ਅੰਤਲੇ ਸ਼ਬਦ ਪਿੱਛੇ ‘ਅ’ ਅੱਖਰ ਜੋੜਿਆ ਗਿਆ ਹੈ। ਗਰਾਂਅ (ਪਿੰਡ) ਸ਼ਬਦ ਨੂੰ ਲਿਖਣ ਸਮੇਂ ਵੀ ਅੰਤ ਵਿੱਚ ‘ਅ’ ਪਾਉਣ ਦੀ ਹਿਦਾਇਤ ਹੈ। ‘ਗਰਾਂਅ’ ਦਾ ਬਹੁਬਚਨ ‘ਗਰਾਂਵਾਂ’ ਅਤੇ ਵਿਸ਼ੇਸ਼ਣ ‘ਗਰਾਂਈਂ ‘ ਹੈ।

ਉਪਰੋਕਤ ਨਿਯਮ ਅਨੁਸਾਰ ਦੇਖਿਆ ਜਾਵੇ ਤਾਂ ਸੰਸਕ੍ਰਿਤ ਮੂਲ ਦੇ ਘੇਰਾਵ/घेराव= ਘੇਰਨਾ/ਘੇਰਾ ਪਾਉਣਾ ਦਾ ਨਾਂਵ-ਰੂਪ ‘ਘਿਰਾਅ’ ਬਣਦਾ ਹੈ ਪਰ ਪ੍ਰਚਲਿਤ ਰਵਾਇਤ ਅਨੁਸਾਰ ਇਹਨਾਂ ਸ਼ਬਦਾਂ ਦੇ ਸਥਾਪਿਤ ਹੋ ਚੁੱਕੇ ਤੇ ਆਮ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੇ ਸ਼ਬਦ ‘ਘਿਰਾਓ’ ਨੂੰ ਹੀ ਸਹੀ ਮੰਨਿਆ ਗਿਆ ਹੈ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ‘ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼’ ਦੇ ਵਿਦਵਾਨਾਂ ਨੇ ਕਿਸੇ ਸ਼ਬਦ ਦੇ ਉਹਨਾਂ ਸ਼ਬਦ-ਜੋੜਾਂ ਨੂੰ ਹੀ ਪ੍ਰਮਾਣਿਕ ਮੰਨਿਆ ਹੈ ਜਿਹੜੇ ਆਮ ਲੋਕਾਂ ਵਿੱਚ ਪ੍ਰਚਲਿਤ ਅਤੇ ਸਥਾਪਿਤ ਹੋ ਚੁੱਕੇ ਸਨ। ਇਸੇ ਤਰ੍ਹਾਂ ‘ਦਸਤਖ਼ਤ’ ਸ਼ਬਦ ਵਿੱਚੋਂ ਪਹਿਲਾ ਤ ਹਟਾ ਕੇ (ਜਿਵੇਂ ਬੋਲੋ, ਤਿਵੇਂ ਲਿਖੋ ਦੇ ਨਿਯਮ ਅਨੁਸਾਰ) ‘ਦਸਖ਼ਤ’ ਕਰ ਦਿੱਤਾ ਗਿਆ ਹੈ, ਮੁਆਫ਼/ਮੁਆਫ਼ੀ ਨੂੰ ਮਾਫ਼/ਮਾਫ਼ੀ ਅਤੇ ਤਮਗ਼ਾ ਨੂੰ ‘ਤਗਮਾ’ ਕਰ ਦਿੱਤਾ ਗਿਆ ਹੈ।

ਉਪਰੋਕਤ ‘ਸ਼ਬਦ-ਕੋਸ਼’ ਨੇ ਹੀ ਸਾਨੂੰ ਦੱਸਿਆ ਹੈ ਕਿ ਹੁਣ ‘ਲਗ-ਭਗ’ ਅਤੇ ‘ਭੀ’ ਸ਼ਬਦਾਂ ਦੇ ਸ਼ਬਦ-ਜੋੜ ‘ਲਗ-ਪਗ’ ਅਤੇ ‘ਵੀ’ ਸ਼ਬਦਾਂ ਵਿੱਚ ਬਦਲ ਚੁੱਕੇ ਹਨ ਪਰ ਕੁਝ ਲੋਕ ਅੱਜ ਵੀ ਇਹਨਾਂ ਨੂੰ ਮੰਨਣ ਲਈ ਤਿਆਰ ਨਹੀਂ ਹਨ ਤੇ ਉਹ ਅਜੇ ਵੀ ਇਹਨਾਂ ਨੂੰ ‘ਭ’ ਅੱਖਰ ਨਾਲ਼ ਹੀ ਲਿਖੀ ਜਾ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਮੈਂ ਪੰਜਾਬੀ ਦਾ ਇੱਕ ਪ੍ਰਮੁੱਖ ਅਖ਼ਬਾਰ ਪੜ੍ਹਦਿਆਂ ਦੇਖ ਰਿਹਾ ਸੀ ਕਿ ‘ਲਗ-ਪਗ’ ਸ਼ਬਦ ਨੂੰ ਅਜੇ ਵੀ ‘ਲਗ-ਭਗ’ ਹੀ ਲਿਖਿਆ ਹੋਇਆ ਸੀ। ਸਮੇਂ ਦੇ ਬੀਤਣ ਨਾਲ਼ ਭਾਸ਼ਾ ਵਿੱਚ ਕਈ ਪ੍ਰਕਾਰ ਦੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ, ਸਾਨੂੰ ਇਹਨਾਂ ਤਬਦੀਲੀਆਂ ਨੂੰ ਗ੍ਰਹਿਣ ਕਰਨ ਦੀ ਕੋਸ਼ਸ਼ ਅਤੇ ਉਹਨਾਂ ਅਨੁਸਾਰ ਚੱਲਣ ਦੇ ਜਤਨ ਵੀ ਕਰਨੇ ਚਾਹੀਦੇ ਹਨ।

ਸੰਸਕ੍ਰਿਤ ਮੂਲ ਦਾ ‘ਖੰਘਾਲ਼’ ਸ਼ਬਦ ਵੀ ਪੰਜਾਬੀ ਵਿੱਚ ਆ ਕੇ ‘ਹੰਘਾਲ਼’ ਵਿੱਚ ਬਦਲ ਚੁੱਕਿਆ ਹੈ ਪਰ ਇਸ ਨੂੰ ਵੀ ਅਜੇ ਤੱਕ ਅਸੀਂ ਹਿੰਦੀ ਦੀ ਰੀਸੇ ‘ਖੰਘਾਲ਼’ ਹੀ ਲਿਖੀ ਜਾ ਰਹੇ ਹਾਂ। ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਪੰਜਾਬੀ ਵਿਦਵਾਨ ਡਾ. ਸ਼ਿਆਮ ਦੇਵ ਪਾਰਾਸ਼ਰ ਅਨੁਸਾਰ ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਧਾਤੂ ‘क्षल्’, क्षालन (ਧੋਣਾ) ਤੋਂ ਬਣਿਆ ਹੈ। ਹਿੰਦੀ ਵਿੱਚ ‘ਕਸ਼ੈ’ ਅੱਖਰ ਦੀ ਇਹ ਧੁਨੀ ਖ (ਖੰਘਾਲ਼) ਵਿੱਚ ਅਤੇ ਪੰਜਾਬੀ ਵਿੱਚ ‘ਹ’ ਧੁਨੀ (ਹੰਘਾਲ਼) ਵਿੱਚ ਬਦਲ ਗਈ ਹੈ। ਪੰਜਾਬੀ ਦਾ ਆਮ ਬੋਲ-ਚਾਲ ਦੀ ਬੋਲੀ ਵਿੱਚ ਵਰਤਿਆ ਜਾਣ ਵਾਲ਼ਾ ਸ਼ਬਦ ‘ਝਕੱਲ/ਝਕੱਲਣਾ’ (ਪਾਣੀ ਵਿੱਚ ਕੱਪੜਿਆਂ ਆਦਿ ਦਾ ਹੰਘਾਲ਼ਨਾ) ਸ਼ਬਦ ਵੀ ਸੰਸਕ੍ਰਿਤ ਦੇ ਉਪਰੋਕਤ ‘क्षल् /क्षलना ਸ਼ਬਦਾਂ ਤੋ ਹੀ ਹੋਂਦ ਵਿੱਚ ਆਇਆ ਹੈ।

ਇੱਥੇ ਕਸ਼ੈ (क्ष) ਅੱਖਰ ਦੀ ਧੁਨੀ ਝ+ਕ ਦੇ ਰੂਪ ਵਿੱਚ ਬਦਲ ਗਈ ਹੈ। ਸੰਸਕ੍ਰਿਤ ਮੂਲ ਦੇ ਹੀ ਸੰਵਾਰ/ਸੰਵਰਨਾ (संवरण) ਸ਼ਬਦਾਂ ਨੂੰ ਵੀ ਅਸੀਂ ਲਗ-ਪਗ ਇਹਨਾਂ ਹੀ ਰੂਪਾਂ ਵਿੱਚ ਵਰਤ ਰਹੇ ਹਾਂ ਜਦਕਿ ਸੰਵਾਰ ਦੀ ਥਾਂ ਪੰਜਾਬੀ ਵਿੱਚ ਸੁਆਰ, ਜਿਵੇਂ: “ਆਪਣੇ ਕੱਪੜੇ ਸੁਆਰ ਲਓ।” ਅਤੇ ਸੰਵਰ ਦੀ ਥਾਂ ‘ਸੌਰ’ (ਜਿਵੇਂ: ਮੇਰਾ ਕੰਮ ਸੌਰ ਗਿਆ ਹੈ) ਸ਼ਬਦ ਵਰਤਣਾ ਚਾਹੀਦਾ ਹੈ। ਇਹ ‘ਸੁਆਰ’ ਸ਼ਬਦ ਦਾ ਹੀ ਨਾਂਵ-ਰੂਪ ਹੈ। ਸੁਆਰ (ਸੁਆਰਨਾ) ਅਤੇ ਸਵਾਰ ਦੋ ਅਲੱਗ-ਅਲੱਗ ਸ਼ਬਦ ਹਨ। ਅਸੀਂ ਇਹਨਾਂ ਨੂੰ ਵੀ ਆਪਸ ਵਿੱਚ ਰਲ਼ਗੱਡ ਕਰ ਕੇ ਕਈ ਵਾਰ ਸੁਆਰ (ਸੁਆਰਨਾ/ਠੀਕ ਕਰਨਾ) ਨੂੰ ‘ਸਵਾਰ’ ਅਤੇ ਸਵਾਰ (ਬੱਸ ਆਦਿ ਦੀ ਸਵਾਰੀ) ਨੂੰ “ਸੁਆਰ’ ਹੀ ਲਿਖ ਦਿੰਦੇ ਹਾਂ। ਇਸੇ ਤਰ੍ਹਾਂ ਸਵਾਲ, ਜਵਾਬ, ਸਵਾਬ (ਪੁੰਨ), ਜਵਾਨ/ਜਵਾਨੀ, ਗਵਾਹ/ਗਵਾਹੀ, ਗਵਾਰ ਆਦਿ ਕੁਝ ਸ਼ਬਦ ‘ਵ’ ਅੱਖਰ ਨਾਲ਼ ਹੀ ਲਿਖਣੇ ਹਨ ਪਰ ਕੁਝ ਲੋਕ ਇਹਨਾਂ ਨੂੰ ਵੀ ਕਈ ਵਾਰ ‘ਅ’ ਅੱਖਰ ਨਾਲ਼ ਹੀ ਲਿਖ ਦਿੰਦੇ ਹਨ।
—(ਚੱਲਦਾ)

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁੱਪ
Next articleਚੋਰ