HOME ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਦੀ ਗਾਥਾ

ਸੋਮਾਲੀਆ ਦੇ ਸਮੁੰਦਰੀ ਲੁਟੇਰਿਆਂ ਦੀ ਗਾਥਾ

1
   (ਸਮਾਜ ਵੀਕਲੀ)  ਸਮੁੰਦਰਾਂ ਵਿਚ ਸਮੁੰਦਰੀ ਜਹਾਜਾਂ ਨੂੰ ਕਬਜੇ ਵਿਚ ਕਰਕੇ ਉਹਨਾਂ ਦੇ ਕਰੂਜ਼ ਮੈਂਬਰਾਂ, ਯਾਤਰੀਆਂ, ਅਤੇ ਕੈਪਟਨ ਨੂੰ ਡਰਾ ਧਮਕਾ ਕੇ, ਦਬਾਅ ਬਣਾ ਕੇ ਜਹਾਜ ਮਾਲਕਾਂ ਤੋਂ ਫਿਰੋਤੀ ਦੀ ਮੰਗ ਕਰਨ ਵਾਲੇ ਸਮੁੰਦਰੀ ਲੁਟੇਰੇ ਲਗਾਤਾਰ ਬੜੇ ਸਰਗਰਮ ਹਨ। ਉਹਨਾਂ ਦਾ ਆਪਣੇ ਸਮੁੰਦਰੀ ਖੇਤਰ ਵਿਚ ਪੂਰਾ ਦਬਦਬਾ ਚੱਲਦਾ ਹੈ ਤੇ ਉਹਨਾਂ ਦਾ ਭੈਅ ਹਰ ਪਾਸੇ ਫੈਲਿਆ ਹੋਇਆ ਹੈ। ਸੋਮਾਲੀਆ ਦੇ ਦੇਸ਼ ਦਾ ਸਮੁੰਦਰੀ ਤੱਟ ਦਾ ਖੇਤਰ ਅਦਨ ਦੀ ਖਾੜੀ, ਅਰਬ ਸਾਗਰ ਅਤੇ ਹਿੰਦ ਮਹਾਂਸਾਗਰ ਨਾਲ ਲੱਗਦਾ ਹੈ। ਇਹਨਾਂ ਸਮੁੰਦਰੀ ਖੇਤਰਾਂ ਦੇ ਨੇੜਲੇ ਖੇਤਰਾਂ ਵਿਚ ਜਿੱਥੋਂ ਦੇ ਸਮੁੰਦਰੀ ਜਹਾਜ਼ ਬੇੜੇ ਲੰਘਦੇ ਹਨ ਉਥੋਂ ਤੱਕ ਸਮਾਲੀਆ ਦੇ ਸਮੁੰਦਰੀ ਲੁਟੇਰਿਆਂ ਦੀ ਲੁੱਟ ਦਾ ਖੇਤਰ ਹੈ। ਸੰਨ 1960 ਵਿਚ ਸੋਮਾਲੀਆ ਆਜ਼ਾਦ ਹੋਇਆ ਪਰ ਫਿਰ ਵੀ ਉਥੋਂ ਦਾ ਸਰਕਾਰੀ ਢਾਂਚਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਅਤੇ ਦੇਸ਼ ਵਿਚ ਅਰਾਜਕਤਾ ਫੈਲ ਗਈ। ਸੋਮਾਲੀਆ ਦੇ ਲਾਗੇ ਸਮੁੰਦਰ ਵਿਚ ਮੱਛੀਆਂ ਦਾ ਭੰਡਾਰ ਹੋਣ ਕਰਕੇ ਬਹੁਤ ਸਾਰੇ ਲੋਕ ਮੱਛੀਆਂ ਦਾ ਵਪਾਰ ਕਰਦੇ ਸਨ ਉਦੋਂ ਸਮੁੰਦਰੀ ਲੁਟੇਰਿਆਂ ਦਾ ਕੋਈ ਨਾਮੋਂ ਨਿਸ਼ਾਨ ਨਹੀਂ ਸੀ ਜਦੋਂ ਦੇਸ਼ ਵਿਚ ਖਾਨਾ ਜੰਗੀ ਹੋਈ ਤਾਂ ਇਸ ਦਾ ਫਾਇਦਾ ਵਿਦੇਸ਼ੀ ਕੰਪਨੀਆਂ ਨੇ ਚੁੱਕਿਆ ਤੇ ਵੱਡੀ ਪੱਧਰ ਤੇ ਆਰਥਿਕ ਲੁੱਟ ਕੀਤੀ। ਜਦੋਂ ਸੋਮਾਲੀਆ ਦੇ ਲੋਕ ਆਪਣੀਆਂ ਛੋਟੀਆਂ ਕਿਸ਼ਤੀਆਂ ਨਾਲ ਸਮੁੰਦਰ ਵਿਚ ਜਾ ਕੇ ਮੱਛੀਆਂ ਫੜਦੇ ਸਨ ਤੇ ਇਸ ਤਰਾਂ ਉਹ ਆਪਣਾ ਵਪਾਰ ਕਰਦੇ ਸਨ। ਉਦੋਂ ਸੋਮਾਲੀਆ ਦੇ ਲੋਕਾਂ ਸਾਹਮਣੇ ਵਿਦੇਸ਼ੀ ਕੰਪਨੀਆਂ ਆ ਖੜੀਆਂ ਤੇ ਉਹਨਾਂ ਕੰਪਨੀਆਂ ਦੇ ਆਪਣੇ ਲੋਕ ਅਤੇ ਕਾਮੇ ਸਨ। ਇਸ ਤਰਾਂ ਸੋਮਾਲੀਆ ਦੇ ਲੋਕਾਂ ਦੇ ਕਾਰਜ ਪ੍ਰਭਾਵਿਤ ਹੋਏ, ਨੌਕਰੀਆਂ ਖਤਮ ਹੋਣ ਲੱਗੀਆਂ। ਦੇਸ਼ ਵਿਚ ਅਕਾਲ, ਭੁੱਖ, ਭੁੱਖ ਮਰੀ ਅਤੇ ਬੇਰੁਜ਼ਗਾਰੀ ਨੇ ਵੱਡੀ ਪੱਧਰ ਤੇ ਪੈਰ ਪਸਾਰ ਲਏ ਤੇ ਉਹਨਾਂ ਦਾ ਜਿਉਣਾ ਦੁੱਬਰ ਹੋ ਗਿਆ। ਸੋਮਾਲੀਆ ਦੇਸ਼ ਵਿਚ ਨਾ ਸਰਕਾਰ ਸੀ, ਨਾ ਪੁਲਿਸ ਸੀ ਤੇ ਨਾ ਹੀ ਕੋਈ ਪ੍ਰਬੰਧ ਸੀ। ਜਦੋਂ ਵਿਦੇਸ਼ੀ ਕੰਪਨੀਆਂ ਸੋਮਾਲੀਆ ਖੇਤਰ ਵਿਚ ਆਉਂਦੇ ਸਨ ਤਾਂ ਉਹ ਜਾਨਲੇਵਾ ਜ਼ਹਿਰ, ਕੂੜਾ ਕਰਕਟ ਸੁੱਟਦੇ ਤੇ ਮੁੜਦੇ ਹੋਏ ਮੱਛੀਆਂ ਫੜ ਕੇ ਲੈ ਜਾਂਦੇ ਸਨ। ਇਸ ਤਰਾਂ ਵਿਦੇਸ਼ੀ ਕੰਪਨੀਆਂ ਨੇ ਸੋਮਾਲੀਆ ਦੇ ਲੋਕਾਂ ਦੇ ਕਾਰੋਬਾਰ ਖਤਮ ਕਰ ਦਿੱਤੇ। ਸੋਮਾਲੀਆ ਦੇ ਲੋਕ ਇਹ ਧੱਕੇਸ਼ਾਹੀ, ਜ਼ੁਲਮ ਅਤੇ ਅਨਿਆ ਦੇਖ ਰਹੇ ਸਨ ਅਤੇ ਇਸਦੇ ਵਿਰੁੱਧ ਸੋਮਾਲੀਆ ਦੇ ਜਵਾਨ ਅੱਗੇ ਆਏ। ਉਹਨਾਂ ਨੇ ਆਪਣੇ ਸਮੁੰਦਰੀ ਤੱਟ ਦੀ ਰੱਖਿਆ ਲਈ ਵਿਦੇਸ਼ੀਆਂ ਦੇ ਵਿਰੁੱਧ ਡੱਟ ਕੇ ਪਹਿਰਾ ਦੇਣ ਲੱਗ ਗਏ। ਜਦੋਂ ਵਿਦੇਸ਼ੀ ਸਮੁੰਦਰੀ ਬੇੜੇ ਸੋਮਾਲੀਆ ਦੇ ਸਮੁੰਦਰ ਨੇੜੇ ਦੇ ਇਲਾਕਿਆਂ ਵਿਚ ਆਉਂਦੇ ਸਨ ਤਾਂ ਪਹਿਲਾਂ ਪਹਿਲ ਉਹ ਉਹਨਾਂ ਨੂੰ ਖਦੇੜ ਦਿੰਦੇ ਸਨ ਤੇ ਆਪਣੇ ਤੱਟ ਦੀ ਰੱਖਿਆ ਕਰਦੇ ਸਨ। ਫਿਰ ਸੋਮਾਲੀਆ ਦੇ ਰੱਖਿਆ ਜਵਾਨਾਂ ਦੇ ਦਿਮਾਗ ਵਿਚ ਸ਼ੈਤਾਨੀ ਯੋਜਨਾ ਆਈ ਤੇ ਉਹ ਆਪਣੀਆਂ ਕਿਸ਼ਤੀਆਂ ਵਿਚ ਬੈਠ ਕੇ ਹਥਿਆਰਾਂ ਨਾਲ ਸਮੁੰਦਰੀ ਜਹਾਜ਼ਾਂ ਨੂੰ ਕਬਜ਼ੇ ਵਿਚ ਕਰ ਲੈਂਦੇ ਤੇ ਲੁੱਟਾਂ ਖੋਹਾਂ ਕਰਦੇ। ਉਦੋਂ ਉਹਨਾਂ ਦੀ ਵਿਚਾਰਧਾਰਾ ਹੀ ਬਦਲ ਗਈ ਕਿਉਂਕ ਦੇਸ਼ ਵਿਚ ਨਾ ਨੌਕਰੀ, ਨਾ ਸਿੱਖਿਆ, ਨਾ ਖਾਣਾ ਅਤੇ ਨਾ ਧਨ ਸੀ। ਜ਼ਿੰਦਗੀ ਜਿਉਣ ਲਈ ਹਰ ਚੀਜ਼ ਦੀ ਲੋੜ ਹੁੰਦੀ ਹੈ ਤੇ ਉਹਨਾਂ ਕੋਲ ਕੁੱਝ ਵੀ ਨਹੀਂ ਸੀ। ਇਸ ਤਰਾਂ ਉਹਨਾਂ ਨੇ ਆਪਣੀ ਰਣਨੀਤੀ ਬਦਲ ਲਈ, ਉਹਨਾਂ ਕੋਲ ਪੁਰਾਤਨ ਸਮੇਂ ਵਾਲੀਆਂ ਕਿਸ਼ਤੀਆਂ ਤੇ ਬੰਦੂਕਾਂ ਸਨ। ਉਹ ਆਪਣੀਆਂ ਚਾਲਾਂ ਨਾਲ ਸਮੁੰਦਰੀ ਬੇੜਿਆਂ ਨੂੰ ਘੇਰ ਕੇ ਕਾਬੂ ਵਿਚ ਕਰ ਲੈਂਦੇ। ਉਹ ਪਹਿਲਾਂ ਬੰਦਿਆਂ ਨੂੰ ਡਰਾਉਂਦੇ, ਫਿਰ ਕਰੂਜ਼ ਮੁਲਾਜ਼ਮਾਂ ਨੂੰ ਧਮਕਾਉਂਦੇ ਤੇ ਬਾਅਦ ਵਿਚ ਕੈਪਟਨਾਂ ਨੂੰ ਜਾਨੋ ਮਾਰਨ ਦੀ ਧਮਕੀ ਦਿੰਦੇ ਸੀ। ਇਸ ਤਰ੍ਹਾਂ ਫਿਰ ਲੰਬਾ ਸਮਾਂ ਕਾਬੂ ਕਰੀ ਰੱਖਦੇ ਤੇ ਫਿਰ ਕੰਪਨੀ ਮਾਲਕਾਂ ਕੋਲੋਂ ਫਿਰੋਤੀ ਲੈ ਕੇ ਛੱਡਦੇ ਸਨ। ਇਸ ਸਮੁੰਦਰੀ ਰਸਤੇ ਰਾਹੀਂ, ਕਰੀਬ 20 ਫੀਸਦੀ ਸਮੁੰਦਰੀ ਬੇੜੇ ਲੰਘਦੇ ਸਨ। ਉਹ ਕਾਰਗੋ ਜਹਾਜ਼ ਨੂੰ ਕਾਬੂ ਕਰਕੇ ਲੁੱਟਦੇ ਸਨ ਤੇ ਫਿਰੋਤੀਆਂ ਲੈ ਕੇ ਖਹਿੜਾ ਛੱਡਦੇ ਸਨ। ਸੋਮਾਲੀਆ ਦੇ 70 ਫ਼ੀਸਦੀ ਆਮ ਨਾਗਰਿਕ ਸੋਮਾਲੀਆ ਲੁਟੇਰਿਆਂ ਦਾ ਸਮਰਥਨ ਕਰਦੇ ਹਨ। ਉਹਨਾਂ ਦੇ ਹੱਕ ਵਿਚ ਹਨ। ਉਹਨਾਂ ਨੇ ਹੌਲੀ ਹੌਲੀ ਸਪੀਡ ਬੋਟ, ਚੰਗੇ ਨਵੇਂ ਹਥਿਆਰ ,ਟਰੈਕਿੰਗ ਡਿਵਾਈਸ ਅਤੇ ਨਵਾਂ ਤਜਰਬਾ ਅਪਣਾਉਣਾ ਸ਼ੁਰੂ ਕਰ ਦਿੱਤਾ। ਇਹ ਸਪੀਡ ਬੋਟ ਸਮੁੰਦਰੀ ਬੇੜਿਆਂ ਨਾਲੋਂ ਬਹੁਤ ਤੇਜ਼ ਚੱਲਦੀ ਸੀ। ਇਸ ਤਰ੍ਹਾਂ ਉਹ ਤਿੰਨ ਚਾਰ ਸਪੀਡ ਬੋਟ ਲੈ ਕੇ ਸਮੁੰਦਰੀ ਬੇੜਿਆਂ ਨੂੰ ਘੇਰਾ ਪਾ ਕੇ ਕਾਬੂ ਕਰ ਲੈਂਦੇ ਸਨ ਤੇ ਫਿਰ ਫਿਰ ਆਪਣੀ ਸਪੀਡ ਬੋਟ, ਸਮੁੰਦਰੀ ਜਹਾਜ਼ ਦੇ ਨਾਲ ਲਾ ਕੇ ਹੁੱਕਾ, ਰੱਸੀਆਂ ਅਤੇ ਪੌੜੀਆਂ ਨਾਲ ਸਮੁੰਦਰੀ ਜਹਾਜਾਂ ਦੇ ਚੜ ਜਾਂਦੇ ਸਨ ਤੇ ਹਥਿਆਰਾਂ ਦੇ ਬਲਬੂਤੇ ਨਾਲ ਸਭ ਕੁੱਝ ਆਪਣੇ ਕਬਜ਼ੇ ਵਿਚ ਕਰ ਲੈਂਦੇ ਸਨ। ਉਹ ਇਹ ਸਾਰਾ ਕੰਮ ਅੱਧੇ ਘੰਟੇ ਵਿਚ ਕਰ ਲੈਂਦੇ ਸਨ। ਸਮੁੰਦਰੀ ਲੁਟੇਰੇ ਫਿਰ ਇੰਨਾਂ ਜਹਾਜਾਂ ਨੂੰ ਇਕ ਪਾਸੇ ਟਿਕਾਣੇ ਤੇ ਲੈ ਜਾਂਦੇ ਸਨ ਉਥੇ ਉਨ੍ਹਾਂ ਚਿਰ ਕਾਬੂ ਵਿਚ ਰੱਖਦੇ ਸਨ ਜਿੰਨਾ ਚਿਰ ਉਹਨਾਂ ਨੂੰ ਚੰਗੀ ਫਿਰੋਤੀ ਨਹੀਂ ਮਿਲ ਜਾਂਦੀ ਸੀ। ਉਹਨਾਂ ਦੀ ਪ੍ਰਾਪਤੀ ਦੀ ਰਾਸ਼ੀ ਉਹਨਾਂ ਤੱਕ ਪੈਰਾਸ਼ੂਟ ਰਾਹੀਂ ਪਹੁੰਚਦੀ ਸੀ। ਅਕਸਰ ਹੀ ਸਮੁੰਦਰੀ ਲੁਟੇਰੇ ਇੱਕ ਅੱਖ ਢੱਕ ਕੇ ਰੱਖਦੇ ਸਨ ਕਿਉਂਕਿ ਜਦੋਂ ਵੀ ਉਹ ਚਾਨਣ ਤੋਂ ਹਨੇਰੇ ਜਾਂ ਹਨੇਰੇ ਤੋਂ ਚਾਨਣ ਵਿਚ  ਜਾਂਦੇ ਸੀ ਤਾਂ ਉਦੋਂ ਅੱਖਾਂ ਨੂੰ ਸੈਟ ਹੋਣ ਲਈ ਕੁੱਝ ਸਮਾਂ ਲੱਗਦਾ ਸੀ। ਇਸ ਕਰਕੇ ਉਹ ਜਹਾਜ਼ ਉਪਰ ਉਪਰਲੀ ਖੁੱਲੀ ਛੱਤ ਚਾਨਣ ਵਾਲੀ ਤੋਂ ਹੇਠਲੀ ਅੰਦਰਲੀ ਹਨੇਰੇ ਵਾਲੀ ਮੰਜ਼ਿਲ ਵਿਚ ਜਾਣ ਸਮੇਂ ਉਹ ਹੇਠਾਂ ਜਾ ਕੇ ਆਪਣੀ ਅੱਖ ਤੋਂ ਪੱਟੀ ਉਤਾਰ ਦਿੰਦੇ ਸਨ ਤੇ ਉਹਨਾਂ ਨੂੰ ਉਸ ਅੱਖ ਵਿਚ ਮੌਕੇ ਤੇ ਹੀ ਸਹੀ ਦਿਸਦਾ ਸੀ ਤੇ ਦੂਜੀ ਖੁੱਲੀ ਅੱਖ ਲਈ ਸਮਾਂ ਲੱਗਦਾ ਸੀ। ਇਸ ਕਰਕੇ ਉਹਨਾਂ ਨੂੰ ਦੇਖਣ ਵਿਚ ਕੋਈ ਮੁਸ਼ਕਿਲ ਨਹੀਂ ਆਉਂਦੀ ਸੀ ਉਹ ਜਲਦੀ ਹੀ ਸਭ ਨੂੰ ਕਾਬੂ ਕਰ ਲੈਂਦੇ ਸਨ। ਸੋਮਾਲੀਆ ਦੇ ਲੁਟੇਰਿਆਂ ਕੋਲ ਚੰਗਾ ਧਨ ਅਤੇ ਚੰਗੀ ਸ਼ਕਤੀ ਸੀ। ਉਹ ਦਿਨੋ ਦਿਨ ਤਕੜੇ ਹੋ ਰਹੇ ਸਨ। ਉਹ ਸੁੰਦਰ ਔਰਤਾਂ ਨਾਲ ਵਿਆਹੇ ਹੋਏ ਹਨ ਤੇ ਉਹਨਾਂ ਦੀ ਉਮਰ ਵੀ 25 ਤੋਂ 35 ਸਾਲ ਦੇ ਵਿਚਕਾਰ ਹੈ ਜਿਹੜੇ ਲੁਟੇਰੇ ਜਲਦੀ ਸੈੱਟ ਹੋ ਜਾਂਦੇ ਸੀ ਉਹ ਦੂਜਾ ਅਤੇ ਤੀਜਾ ਵਿਆਹ ਕਰਵਾ ਲੈਂਦੇ ਸੀ ਅਤੇ ਬੜੇ ਫੈਸ਼ਨ ਕਰਦੇ ਸੀ। ਉਹਨਾਂ ਕੋਲ ਵੱਡੇ ਘਰ, ਨਵੀਆਂ ਕਾਰਾਂ ਅਤੇ ਨਵੇਂ ਹਥਿਆਰ ਸਨ। ਉਹ ਲੁੱਟੀ ਹੋਈ ਰਾਸ਼ੀ ਦਾ ਕੁੱਝ ਹਿੱਸਾ ਆਪਣੇ ਗਰੀਬ ਨਾਗਰਿਕਾਂ ਅਤੇ ਅਪਾਹਜਾਂ ਤੇ ਖਰਚ ਕਰਦੇ ਸਨ। ਸੰਨ 2009 ਵਿਚ ਅਮਰੀਕਾ ਤੇ ਹੋਰ ਦੇਸ਼ਾਂ ਨੇ ਅੰਤਰਰਾਸ਼ਟਰੀ ਜਲ ਮਿਸ਼ਨ ਟਾਸਕ ਬਲ ਦਾ ਗਠਨ ਕੀਤਾ, ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਤੇ ਨਾਟੋ ਦੇਸ਼ ਅਤੇ ਫਿਰ ਚੀਨ, ਰੂਸ ਅਤੇ ਭਾਰਤ ਨੇ ਵੀ ਸੁਰੱਖਿਆ ਬਲ ਤੈਨਾਤ ਕਰ ਦਿਤੇ। ਇਸ ਤਰ੍ਹਾਂ ਸੰਨ 2011 ਵਿਚ 237, ਸੰਨ 2012 ਵਿਚ 75 ਅਤੇ ਸੰਨ 2013 ਵਿਚ 15 ਘਟਨਾਵਾਂ ਹੋਈਆਂ ਸਨ। ਜਦੋਂ ਤੋਂ ਸਮੁੰਦਰੀ ਵਪਾਰਕ ਜਹਾਜਾਂ ਤੇ ਹਥਿਆਰਬੰਦ ਸੁਰੱਖਿਆ ਦਸਤੇ ਤੈਨਾਤ ਹੋਏ ਹਨ ਉਸ ਸਮੇਂ ਤੋਂ ਸਮੁੰਦਰੀ ਲੁਟੇਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਕਿਉਂਕਿ ਜਦੋਂ ਵੀ ਸਮੁੰਦਰੀ ਲੁਟੇਰੇ ਸਪੀਡ ਬੋਟ ਰਾਹੀਂ ਸਮੁੰਦਰੀ ਜਹਾਜ ਨੂੰ ਲੁੱਟਣ ਲਈ ਆਉਂਦੇ ਸਨ ਤਾਂ ਇਹ ਸੁਰੱਖਿਆ ਗਾਰਡ ਉਹਨਾਂ ਤੇ ਹਮਲਾ ਕਰ ਦਿੰਦੇ ਤੇ ਉਹਨਾਂ ਨੂੰ ਜਹਾਜ਼ ਤੱਕ ਪਹੁੰਚਣ ਤੋਂ ਪਹਿਲਾਂ ਖਦੇੜ ਦਿੰਦੇ ਸਨ ਤੇ ਨਾ ਖਹਿੜਾ ਛੱਡਣ ਵਾਲਿਆਂ ਨੂੰ ਮਾਰ ਮੁਕਾਉਂਦੇ ਸੀ। ਇਸ ਤਰਾਂ ਸੰਨ 2017 ਤੋਂ 2023 ਤੱਕ ਸਮੁੰਦਰੀ ਲੁਟੇਰੇ ਕਿਸੇ ਵੀ ਕਾਰਵਾਈ ਦੇ ਵਿਚ ਸਫਲ ਨਹੀਂ ਹੋਏ ਤੇ ਉਹਨਾਂ ਦੇ ਮਨਸੂਬੇ ਫੇਲ ਹੋ ਗਏ। ਉਹਨਾਂ ਦੀਆਂ ਕਾਰਵਾਈਆਂ ਖਤਮ ਹੋ ਗਈਆਂ ਸਨ। ਸੰਨ 2023 ਵਿਚ ਜਦੋਂ ਹਮਾਸ ਇਜ਼ਰਾਇਲ ਜੰਗ ਸ਼ੁਰੂ ਹੋਈ ਤਾਂ ਸਮੁੰਦਰੀ ਲੁਟੇਰੇ ਫਿਰ ਸਰਗਰਮ ਹੋ ਗਏ। ਬੀਤੇ ਸਮੇਂ 35 ਸਮੁੰਦਰੀ ਲੁਟੇਰਿਆਂ ਨੇ ਐਮ.ਵੀ. ਰੋਆਨ ਜਹਾਜ਼ ਤੇ ਕਬਜ਼ਾ ਕਰ ਲਿਆ ਸੀ ਤੇ ਇਹ ਭਾਰਤ ਦੇ ਸਮੁੰਦਰੀ ਕਿਨਾਰੇ ਤੋਂ 2600 ਕਿਲੋਮੀਟਰ ਦੂਰ ਸੀ ਜਦੋਂ ਭਾਰਤੀ ਜਲ ਸੈਨਾ ਦਾ ਇੱਕ ਹੈਲੀਕਾਪਟਰ ਇਸ ਜਹਾਜ ਨੂੰ ਬਚਾਉਣ ਲਈ ਜਹਾਜ ਦੇ ਨੇੜੇ ਗਿਆ ਤੇ ਭਾਰਤੀ ਸੈਨਾ ਨੇ ਸਮੁੰਦਰੀ ਲੁਟੇਰਿਆਂ ਨੂੰ ਜਹਾਜ਼ ਦੇ ਮੁਲਾਜ਼ਮਾਂ ਨੂੰ ਰਿਹਾ ਕਰਨ ਨੂੰ ਕਿਹਾ ਤਾਂ ਉਹਨਾਂ ਨੇ ਇਹ ਹੁਕਮ ਨਾ ਮੰਨ ਕੇ ਉਲਟਾ ਹੈਲੀਕਾਪਟਰ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਭਾਰਤੀ ਜਲ ਸੈਨਾ ਨੇ 40 ਘੰਟਿਆਂ ਵਿਚ ਸਮੁੱਚੀ ਕਾਰਵਾਈ ਕਰਕੇ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੂੰ ਕਾਬੂ ਕਰ ਲਿਆ ਤੇ ਜਹਾਜ਼ ਦੇ 17 ਕਰੂਜ਼ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ।
ਪਤਾ: ਮਕਾਨ ਨੰਬਰ; 166,  ਗਲੀ ਹਜ਼ਾਰਾ ਸਿੰਘ ਮੋਗਾ-142002
ਮੋਬਾਇਲ ਵਟਸਐਪ: +91-97-810-40140
Previous articleਰੇਲ ਕੋਚ ਫੈਕਟਰੀ ਵਿਖੇ 2 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ
Next articleTaliban’s Patriarchy and the Hindutva one