ਦੇਵ ਮੁਹਾਫਿਜ਼
(ਸਮਾਜ ਵੀਕਲੀ) ਇਕਾਂਤ ਦਾ ਅਰਥ ਹੈ ਆਪਣੇ ਆਪ ਨੂੰ ਅਲੱਗ ਕਰ ਕੇ ਸਾਂਤ ਹੋਣ ਦੀ ਸਥਿਤੀ। ਇਕਾਂਤ ਦੋ ਤਰ੍ਹਾਂ ਦਾ ਹੋ ਸਕਦਾ ਹੈ, ਸਰੀਰਿਕ ਆਧਾਰ ਤੇ ਇਕਾਂਤ ਜਾਂ ਫਿਰ ਬੁੱਧੀ ਜਾਂ ਮਨ ਦੇ ਅਧਾਰ ਤੇ ਇਕਾਂਤ।
ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਸ਼ਰੀਰਕ ਤੌਰ ਤੇ ਦੁਨੀਆਂ ਤੋਂ ਅਲੱਗ ਕਰ ਲਵੇ ਇਸ ਨੂੰ ਸ਼ਰੀਰਿਕ ਇਕਾਂਤ ਕਿਹਾ ਜਾ ਸਕਦਾ ਹੈ। ਇਹ ਉਹ ਵਿਅਕਤੀ ਹੁੰਦੇ ਹਨ ਜੋ ਬਿਨਾਂ ਗਿਆਨ ਤੋਂ ਪਰਮਾਤਮਾ ਦੀ ਪ੍ਰਾਪਤੀ ਲਈ ਵੈਰਾਗੀ ਦਸ਼ਾ ਵਿੱਚ ਜੰਗਲ ਬੀਆਬਾਨ ਵਿੱਚ ਚਲੇ ਜਾਂਦੇ ਹਨ। ਸਰੀਰੀਕ ਇਕਾਂਤ ਵਾਲੇ ਉਹ ਵੀ ਲੋਕ ਹੁੰਦੇ ਹਨ ਜੋ ਆਪਣੇ ਘਰ ਵਾਲੇ ਮੈਂਬਰਾਂ ਤੋਂ ਕਿਸੇ ਨਰਾਜ਼ਗੀ ਦੀ ਵਜ੍ਹਾ ਕਰਕੇ ਆਪਣੇ ਆਪ ਨੂੰ ਅਲੱਗ ਕਰ ਲੈਂਦੇ ਹਨ। ਅਜਿਹੇ ਲੋਕਾਂ ਨੇ ਬੇਸ਼ੱਕ ਆਪਣੇ ਆਪ ਸਰੀਰਕ ਤੌਰ ਤੇ ਦੁਨੀਆਂ ਤੋਂ ਅਲੱਗ ਕਰ ਲਿਆ ਹੁੰਦਾ ਹੈ ਪਰ ਇਹਨਾਂ ਦਾ ਮਨ ਦੁਨੀਆਂ ਤੋਂ ਅਲੱਗ ਨਹੀਂ ਹੁੰਦਾ। ਸਰੀਰਕ ਤੌਰ ਤੇ ਆਪਣੇ ਆਪ ਨੂੰ ਅਲੱਗ ਕਰ ਲੈਣ ਤੋਂ ਬਾਅਦ ਵੀ ਇਹਨਾਂ ਦੀ ਬੁੱਧੀ ਇਹਨਾਂ ਦਾ ਮਨ ਦੁਨੀਆਂ ਬਾਰੇ ਹੀ ਸੋਚਦਾ ਹੈ ਕਿਉਂਕਿ ਇਹ ਮਜਬੂਰੀ ਵੱਸ ਇਕਾਂਤ ਵਿੱਚ ਗਏ ਸਨ ਨਾਂ ਕਿ ਆਪਣੇ ਮਨ ਜਾਂ ਬੁੱਧੀ ਦੀ ਸਹਿਮਤੀ ਨਾਲ। ਅਜਿਹੀ ਸਥਿਤੀ ਨੂੰ ਇਕਾਂਤ ਤਾਂ ਕਿਹਾ ਜਾ ਸਕਦਾ ਹੈ ਹੈ ਪਰ ਸੰਪੂਰਨ ਇਕਾਂਤ ਨਹੀਂ ਕਿਹਾ ਜਾ ਸਕਦਾ ਹੈ ਕਿਉਂਕਿ ਅਜਿਹੇ ਇਕਾਂਤ ਵਿੱਚ ਕੇਵਲ ਸ਼ਰੀਰ ਦੀ ਉਪਸਥਿਤੀ ਹੁੰਦੀ ਹੈ ਨਾ ਕਿ ਮਨ ਦੀ।
ਬੁੱਧੀ ਦੇ ਅਧਾਰ ਇਕਾਂਤ ਉਹ ਹੁੰਦਾ ਹੈ ਜਿਸ ਵਿੱਚ ਵਿਅਕਤੀ ਦੁਨੀਆਂ ਵਿੱਚ ਰਹਿੰਦੇ ਹੋਏ ਵੀ ਆਪਣੇ ਆਪ ਨੂੰ ਦੁਨੀਆਂ ਤੋਂ ਅਲੱਗ ਕਰ ਲੈਂਦਾ ਹੈ, ਉਹ ਚਾਹੇ ਪਰਿਵਾਰ ਵਿੱਚ ਰਹਿੰਦਾ ਹੋਵੇ ਜਾਂ ਫਿਰ ਜੰਗਲ ਵਿੱਚ। ਬੁੱਧੀ ਨੂੰ ਦੁਨੀਆਂ ਤੋਂ ਅਲੱਗ ਕਰ ਕੇ ਇਕਾਂਤ ਵਿੱਚ ਚਲੇ ਜਾਣਾ ਹੀ ਅਸਲੀ ਇਕਾਂਤ ਹੁੰਦਾ ਹੈ। ਇਸ ਵਿੱਚ ਮਨ ਅਤੇ ਸਰੀਰ ਦੋਹਾਂ ਦੀ ਹੀ ਉਪਸਥਿਤੀ ਬਰਕਰਾਰ ਹੁੰਦੀ ਹੈ। ਇਸ ਕਰਕੇ ਇਸਨੂੰ ਸੰਪੂਰਨ ਇਕਾਂਤ ਵੀ ਕਿਹਾ ਜਾ ਸਕਦਾ ਹੈ। ਬੂੱਧੀ ਦੇ ਅਧਾਰ ਤੇ ਇਕਾਂਤ ਵਿੱਚ ਪ੍ਰਵੇਸ਼ ਕਰਨ ਲਈ ਬੁੱਧੀ ਨੂੰ ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਰਹਿਤ ਕਰਨ ਦੀ ਲਗਾਤਾਰ ਕੋਸ਼ਿਸ਼ ਹੋਣੀ ਚਾਹੀਦੀ ਹੈ । ਜੰਗਲ ਵਿੱਚ ਜਾ ਕੇ ਵੀ ਜੇਕਰ ਵਿਅਕਤੀ ਦਾ ਮਨ ਵਿਕਾਰਾਂ ਵਿੱਚ ਯੁਕਤ ਰਹਿੰਦਾ ਹੈ ਤਾਂ ਅਜਿਹਾ ਇਕਾਂਤ ਵਿਅਰਥ ਅਤੇ ਅਧੂਰਾ ਹੁੰਦਾ ਹੈ । ਸ਼ਰੀਰ ਵਿੱਚ ਰਹਿੰਦੇ ਹੋਏ ਬੁੱਧੀ ਨੂੰ ਵਿਕਾਰਾਂ ਤੋਂ ਅਲੱਗ ਕਰ ਲੈਣਾ ਹੀ ਬੁੱਧੀ ਦਾ ਇਕਾਂਤ ਕਹਾਉਂਦਾ ਹੈ। ਇਸ ਤਰ੍ਹਾਂ ਦੇ ਇਕਾਂਤ ਨੂੰ ਹੀ ਤਿਆਗ ਦਾ ਨਾਮ ਵੀ ਦਿੱਤਾ ਗਿਆ ਹੈ।
ਜਿਸ ਤਰ੍ਹਾਂ ਨਾਨਕ ਸਾਹਿਬ ਜੀ ਨੇ ਉਦਾਸੀਆਂ ਤੋਂ ਬਾਅਦ ਘਰ ਵਾਪਸੀ ਕਰ ਲਈ ਸੀ ਅਤੇ ਗ੍ਰਹਿਸਥ ਜੀਵਨ ਵਿੱਚ ਰਹਿ ਕੇ ਨਿਰਬਾਹ ਕੀਤਾ। ਜੇ ਘਰ ਤਿਆਗ ਕੇ ਹੀ ਇਕਾਂਤ ਜਾਂ ਤਿਆਗ ਮਿਲਦਾ ਹੁੰਦਾ ਤਾਂ ਫਿਰ ਨਾਨਕ ਸਾਹਿਬ ਦੀ ਕਦੇ ਵੀ ਘਰ ਵਾਪਸੀ ਨਾਂ ਹੁੰਦੀ ਅਤੇ ਉਹ ਜੰਗਲ ਵਿੱਚ ਹੀ ਕਿਤੇ ਡੇਰਾ ਬਣਾ ਕੇ ਰਹਿ ਸਕਦੇ ਸਨ। ਦੂਜੇ ਪਾਸੇ ਬੁੱਧ ਹਨ ਜੋ ਗ੍ਰਹਿਸਥ ਜੀਵਨ ਨੂੰ ਤੋਂ ਤਿਆਗ ਜਾਂ ਇਕਾਂਤ ਦੀ ਅਵਸਥਾ ਵਿੱਚ ਚਲੇ ਗਏ ਸਨ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬੁੱਧ ਨੇ ਗ੍ਰਹਿਸਥ ਨੂੰ ਤਿਆਗ ਦਿੱਤਾ ਤੇ ਕੀ ਉਹਨਾਂ ਨੂੰ ਇਕਾਂਤ ਜਾਂ ਤਿਆਗ ਬਾਰੇ ਗਿਆਨ ਨਹੀਂ ਸੀ? ਨਹੀਂ ਅਜਿਹਾ ਬਿਲਕੁਲ ਵੀ ਨਹੀਂ ਹੋ ਸਕਦਾ ਕਿ ਬੁੱਧ ਨੂੰ ਗਿਆਨ ਨਹੀਂ ਸੀ। ਇਸਨੂੰ ਆਪਾਂ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਾਂ ਕਿ ਜਦੋਂ ਬੁੱਧੀ ਵਿਕਾਰਾਂ ਨੂੰ ਛੱਡਦੀ ਹੋਈ ਅਲੱਗ ਹੋ ਜਾਂਦੀ ਹੈ ਤਦ ਪਸ਼ਚਾਤ ਇਕਾਂਤ ਜਾਂ ਤਿਆਗ ਦੀ ਸੱਚੀ ਸੁੱਚੀ ਅਵਸਥਾ ਪ੍ਰਾਪਤ ਹੁੰਦੀ ਹੈ ਫਿਰ ਚਾਹੇ ਵਿਅਕਤੀ ਗ੍ਰਹਿਸਥ ਵਿੱਚ ਰਹੇ ਜਾਂ ਸੰਨਿਆਸ ਵਿੱਚ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਕਾਂਤ ਜਾਂ ਤਿਆਗ ਦੀ ਅਵਸਥਾ ਪ੍ਰਾਪਤ ਹੋਣ ਤੋਂ ਬਾਅਦ ਤੁਸੀਂ ਚਾਹੇ ਸੰਨਿਆਸ ਵਿੱਚ ਰਹੋ ਜਾਂ ਗ੍ਰਹਿਸਥ ਵਿੱਚ ਇਸ ਉੱਪਰ ਨਿਰਣਾ ਤੁਸੀਂ ਖੁਦ ਨੇਂ ਕਰਨਾ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly