ਨਸ਼ਿਆਂ ਖ਼ਿਲਾਫ਼ ਬਣੇ ਠੋਸ ਰਣਨੀਤੀ:

 ਸੰਜੀਵ ਸਿੰਘ ਸੈਣੀ ਮੋਹਾਲੀ

(ਸਮਾਜ ਵੀਕਲੀ)-ਦੋ ਕੁ ਦਿਨ ਪਹਿਲਾਂ ਹੀ ਖਬਰ ਪੜ੍ਹਨ ਨੂੰ ਮਿਲੀ ਕਿ ਗੋਇੰਦਵਾਲ ਸਾਹਿਬ ਵਿਖੇ ਇੱਕ ਔਰਤ ਦੀ ਚਿੱਟਾ ਵੇਚਦੇ ਹੀ ਵੀਡੀਓ ਵਾਇਰਲ ਹੋਈ। ਵੀਡੀਓ ਵਿੱਚ ਔਰਤ ਨੌਜਵਾਨਾਂ ਨੂੰ ਚਿੱਟੇ ਦੀਆਂ ਪੁੜੀਆਂ ਵੇਚਦੀ ਦਿੱਖ ਰਹੀ ਹੈ। ਜਿਸ ਨੇ ਇਕ ਵਾਰ ਫਿਰ ਪੁਲਿਸ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੀ ਪੋਲ ਖੋਲ੍ਹੀ ਹੈ। ਗੁਆਂਢੀ ਸਰਹੱਦ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਨਸ਼ਿਆਂ ਦੀ ਤਸਕਰੀ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਫਿਰੋਜ਼ਪੁਰ ਵਿਖੇ ਬੀਐਸਐਫ ਵੱਲੋਂ ਨਸ਼ਿਆਂ ਦੇ ਪੈਕਟ ਬਰਾਮਦ ਕੀਤੇ ਗਏ। ਨਸ਼ਾ ਕੋਹੜ ਵਾਂਗੂੰ ਪੰਜਾਬ ਦੀ ਜਵਾਨੀ ਨੂੰ ਖ਼ਤਮ ਕਰ ਰਿਹਾ ਹੈ। ਚੜ੍ਹਦੀ ਜਵਾਨੀ ਵਿੱਚ ਬੱਚੇ ਚਿੱਟੇ ਦਾ ਸ਼ਿਕਾਰ ਹੋ ਰਹੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਕਿ ਚੰਡੀਗੜ੍ਹ ਇੱਕ ਕੁੜੀ ਪੜ੍ਹਾਈ ਲਈ ਆਉਂਦੀ ਹੈ। ਤੇ ਉਹ ਚਿੱਟੇ ਦਾ ਸ਼ਿਕਾਰ ਹੋ ਜਾਂਦੀ ਹੈ। ਫਿਰ ਮਾਂ-ਬਾਪ ਉਸ ਨੂੰ ਕਿਸੇ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਕਰਵਾਉਂਦੇ ਹਨ। ਕਈ ਪਿੰਡਾਂ ਵਿੱਚ ਤਾਂ ਇੰਨਾ ਬੁਰਾ ਹਾਲ ਹੈ ਕਿ ਮਾਂ ਬਾਪ ਨੇ ਆਪਣੇ ਜਵਾਨ ਪੁੱਤਰਾਂ ਨੂੰ ਸੰਗਲਾਂ ਨਾਲ ਬੰਨਿਆਂ ਹੋਇਆ ਹੈ। ਉਹ ਕਹਿੰਦੇ ਹਨ ਕਿ ਅਸੀਂ ਇਨ੍ਹਾਂ ਨੂੰ ਕਿਥੋਂ ਪੈਸੇ ਦੇਈਏ। ਮਾਂ ਬਾਪ ਇੰਨੇ ਅੱਕ ਚੁੱਕੇ ਹਨ ਕਿ ਉਹ ਕਹਿੰਦੇ ਹਨ ਕਿ ਜਦੋਂ ਇਹ ਜਨਮੇ ਸਨ, ਤਾਂ ਉਦੋਂ ਹੀ ਮਰ ਜਾਂਦੇ।ਚੇਤੇ ਕਰਵਾ ਦੇਈਏ ਕਿ 2017 ਵਿੱਚ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਵੱਡੇ ਸਿਆਸਤਦਾਨਾਂ ਨੇ ਸਹੁੰ ਚੁੱਕੀ ਸੀ। ਕੋਈ ਦਿਨ ਅਜਿਹਾ ਨਹੀਂ ਹੋਣਾ ਜਦੋਂ ਕੋਈ ਪੰਜਾਬ ਦਾ ਨੌਜਵਾਨ ਚਿੱਟੇ ਦੀ ਭੇਟ ਨਾ ਚੜਿਆ ਹੋਵੇ। ਦਿਨੋ ਦਿਨ ਨਸ਼ਿਆਂ ਦੀ ਖ਼ਪਤ ਤੇ ਕਾਰੋਬਾਰ ਵਧਦੇ ਜਾ ਰਹੇ ਹਨ। ਅੱਜ ਕੱਲ ਨਸ਼ੀਲੇ ਪਦਾਰਥਾਂ ਦੀ ਖਰੀਦ ਵਿਕਰੀ ਲਈ ਸੋਸ਼ਲ ਨੈੱਟਵਰਕਿੰਗ ਸਾਈਟ ਦਾ ਧੜੱਲੇ ਨਾਲ ਪ੍ਰਯੋਗ ਹੋ ਰਿਹਾ ਹੈ। ਦਿਨੋਂ ਦਿਨ ਨੌਜਵਾਨ ਇਨ੍ਹਾਂ ਦੇ ਆਦੀ ਹੋ ਰਹੇ ਹਨ। ਪਿੱਛੇ ਜਿਹੇ ਖ਼ਬਰ ਵੀ ਪੜ੍ਹਨ ਨੂੰ ਮਿਲੀ ਸੀ ਕਿ ਗੁਜਰਾਤ ਦੀ ਬੰਦਰਗਾਹ ਤੋਂ ਚਿੱਟੇ ਦੀ ਭਾਰੀ ਖੇਪ ਬਰਾਮਦ ਹੋਈ ਸੀ। ਹਾਲ ਹੀ ਵਿਚ ਬਠਿੰਡਾ ਵਿਖੇ ਕਈ ਪੰਚਾਇਤਾਂ ਨੇ ਫ਼ੈਸਲਾ ਵੀ ਕੀਤਾ ਹੈ ਕਿ ਪਿੰਡ ਵਿੱਚ ਜੇ ਕੋਈ ਵੀ ਨਸ਼ਾ ਵੇਚਦਾ ਫੜਿਆ ਗਿਆ, ਤਾਂ ਉਸ ਦੀ ਚੰਗੀ ਤਰ੍ਹਾਂ ਖੜਕਾਈ ਕੀਤੀ ਜਾਵੇਗੀ। ਪਿੰਡਾਂ ਦੀਆਂ ਪੰਚਾਇਤਾਂ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕਰਕੇ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੈਮੀਨਾਰ ਹੋਣੇ ਚਾਹੀਦੇ ਹਨ।ਸਰਕਾਰਾਂ ਹੁਣ ਤੱਕ ਨਸ਼ੇ ਤੇ ਚੰਗੀ ਤਰ੍ਹਾਂ ਨਕੇਲ ਕੱਸਣ ਵਿੱਚ ਅਸਫ਼ਲ ਸਾਬਤ ਹੋਈਆਂ ਹਨ। ਸੋਚਣ ਵਾਲੀ ਗੱਲ ਹੈ ਕਿ ਜੇ ਪੁਲਿਸ ਪ੍ਰਸ਼ਾਸਨ ਨਸ਼ਿਆਂ ਦੇ ਖਿਲਾਫ ਸਖ਼ਤ ਕਦਮ ਚੁੱਕਣਗੇ , ਤਾਂ ਆਪਣੇ ਆਪ ਹੀ ਨਸੇ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ। ਭ੍ਰਿਸ਼ਟ ਅਧਿਕਾਰੀਆਂ ਖਿਲਾਫ਼ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ ਦਾ ਭਵਿੱਖ ਬਚਾਓਣ ਲਈ ਸਰਕਾਰਾਂ, ਆਮ ਜਨਤਾ, ਸਿਆਸਤਦਾਨਾਂ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ।

ਸੰਜੀਵ ਸਿੰਘ ਸੈਣੀ, ਮੋਹਾਲੀ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਾਬਰ ਦਾ ਦਰਜਾ
Next articleਸਾਬਕਾ ਚੇਅਰਮੈਨ ਤੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਕੀਤੀ ਮੁਲਾਕਾਤ