***ਵਿਕ ਜਾਂਦੇ ਨੇ***

ਬੇਅੰਤ ਕੌਰ ਗਿੱਲ ਮੋਗਾ
(ਸਮਾਜ ਵੀਕਲੀ)
ਭੱਥਿਆਂ ‘ਚ ਪਏ ਹੋਏ ਤੀਰ ਵਿਕ ਜਾਂਦੇ ਨੇ
ਪੁੱਤ ਮੋਏ ਮਾਪਿਆਂ ਦੇ ਨੀਰ ਵਿਕ ਜਾਂਦੇ ਨੇ
ਸੱਜਣਾਂ ਵੇ ਰਾਜੇ ਤੇ ਵਜ਼ੀਰ ਵਿਕ ਜਾਂਦੇ ਨੇ
ਕੱਚਿਆਂ ਦੇ ਕੱਚੇ ਗੁਰੂ ਪੀਰ ਵਿਕ ਜਾਂਦੇ ਨੇ….
ਲੌਕਰਾਂ ‘ਚ ਪਏ ਹੋਏ ਸਬੂਤ ਵਿਕ ਜਾਂਦੇ ਨੇ
ਮੋਚੀਆਂ ਤੋਂ ਚੋਰੀ ਕਲਬੂਤ ਵਿਕ ਜਾਂਦੇ ਨੇ
ਜਾਤਾਂ ਪਾਤਾਂ ਹੱਥੋਂ ਜੀ ਮਾਸ਼ੂਕ ਵਿਕ ਜਾਂਦੇ ਨੇ
ਕਬਰਾਂ ‘ਚ ਪਏ ਹੋਏ ਤਾਬੂਤ ਵਿਕ ਜਾਂਦੇ ਨੇ….
ਪੀ ਏ ਵਿਕ ਜਾਂਦੇ ਨੇ ਤੇ ਸੀ ਏ ਵਿਕ ਜਾਂਦੇ ਨੇ
ਗੀਤ ਵਿਕ ਜਾਂਦੇ ਨੇ ਗਵੱਈਏ ਵਿਕ ਜਾਂਦੇ ਨੇ
ਝਾਂਜਰਾਂ ਦੇ ਬੋਰ ਥਾ- ਥਈਆ ਵਿਕ ਜਾਂਦੇ ਨੇ
ਡਾਲਰਾਂ ਦੀ ਦੌੜ ‘ਚ ਰੁਪਈਏ ਵਿਕ ਜਾਂਦੇ ਨੇ..
ਤੂੰਬੀਆਂ, ਸਿਤਾਰ ਤੇ  ਰਬਾਬ   ਵਿਕ ਜਾਂਦੇ ਨੇ
ਵੈਦ,ਚੌਧਰੀ, ਹਕੀਮ ਤੇ ਨਵਾਬ ਵਿਕ ਜਾਂਦੇ ਨੇ
ਕਬਰਾਂ ਤੇ ਜਾਣ ਲਈ ਗ਼ੁਲਾਬ ਵਿਕ ਜਾਂਦੇ ਨੇ
ਅੱਗਾ- ਪਿੱਛਾ ਵੇਖ ਕੇ ਜਨਾਬ ਵਿਕ ਜਾਂਦੇ ਨੇ..
ਚਾਚੇ ਤਾਏ ਭੂਆ ਮਾਮੇ ਭਾਈ ਵਿਕ ਜਾਂਦੇ ਨੇ
ਚੰਦ ਛਿੱਲੜਾਂ ਦੇ ਪਿੱਛੇ ਹਲਵਾਈ ਵਿਕ ਜਾਂਦੇ ਨੇ
ਚੌਂਕਾਂ ਵਿੱਚ ਖੜ੍ਹੇ ਹੋਏ  ਸਿਪਾਹੀ ਵਿਕ ਜਾਂਦੇ ਨੇ
ਡਾਕਟਰ ਦੀ ਡਿਗਰੀ,ਪੜ੍ਹਾਈ ਵਿਕ ਜਾਂਦੇ ਨੇ.
ਕਲਮ-ਸਿਆਹੀ ਸਾਹਿਤਕਾਰ ਵਿਕ ਜਾਂਦੇ ਨੇ
ਕਰਤਾਰ ਦੇ ਘਰਾਂ ‘ਚੋਂ ਕਰਤਾਰ ਵਿਕ ਜਾਂਦੇ ਨੇ
 ਕਹਿੰਦੇ ਤੇ ਕਹਾਉਂਦੇ  ਕਿਰਦਾਰ ਵਿਕ ਜਾਂਦੇ ਨੇ
ਜਵਾਲਾਮੁਖੀ ਹੋ ਕੇ ਠੰਢੇ -ਠਾਰ ਵਿਕ ਜਾਂਦੇ ਨੇ..
ਬੋਲੀ ਉੱਤੇ ਲੱਗ ਕੇ ਸੁਭਾਅ ਵਿਕ ਜਾਂਦੇ ਨੇ
ਧੁੱਪਾਂ, ਛਾਂਵਾਂ, ਸੂਰਜ ਤੇ ਵਾਅ ਵਿਕ ਜਾਂਦੇ ਨੇ
ਕਿਸਾਨ- ਮਜ਼ਦੂਰ ਮੰਦੇ  ਭਾਅ ਵਿਕ ਜਾਂਦੇ ਨੇ
‘ਗਿੱਲ’ ਨੀਂ ਨਿਮਾਣੀਏ ਚਾਅ ਵਿਕ ਜਾਂਦੇ ਨੇ
ਏਥੇ ਹਾਏ  ਨਿਮਾਣੀਏ ਚਾਅ ਵਿਕ ਜਾਂਦੇ ਨੇ..
ਬੇਅੰਤ ਕੌਰ ਗਿੱਲ ਮੋਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਰਮੀ ਦਾ ਕਹਿਰ
Next article“ਦ੍ਰਿੜਤਾ” !!!!