ਸੋਢੀ ਦੀ ਰਵਾਨਗੀ: ਹੋਰਾਂ ਦੇ ਜ਼ਿਕਰ ਤੋਂ ਕਾਂਗਰਸ ਨੂੰ ਫ਼ਿਕਰ

ਚੰਡੀਗੜ੍ਹ (ਸਮਾਜ ਵੀਕਲੀ):  ਕਾਂਗਰਸ ਹਾਈਕਮਾਨ ਨੇ ਅੱਜ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਭਾਜਪਾ ’ਚ ਸ਼ਮੂਲੀਅਤ ਕੀਤੇ ਜਾਣ ਮਗਰੋਂ ਸਥਿਤੀ ਦਾ ਜਾਇਜ਼ਾ ਲਿਆ ਹੈ| ਕਾਂਗਰਸ ਦੇ ਵਿਧਾਇਕ ਤੇ ਇੱਕ-ਦੁੱਕਾ ਮੰਤਰੀ ਵੀ ਕਥਿਤ ਤੌਰ ’ਤੇ ਭਾਜਪਾ ’ਚ ਸ਼ਾਮਿਲ ਹੋ ਸਕਦੇ ਹਨ ਅਤੇ ਇਨ੍ਹਾਂ ਕਨਸੋਆਂ ’ਤੇ ਕਾਂਗਰਸ ਹਾਈਕਮਾਨ ਨੇ ਫ਼ੌਰੀ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ| ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਅੱਜ ਸਕਰੀਨਿੰਗ ਕਮੇਟੀ ਨੇ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਇੰਚਾਰਜ ਹਰੀਸ਼ ਚੌਧਰੀ ਅਤੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਸ਼ਾਮਲ ਹੋਏ ਹਨ|

ਭਲਕੇ ਪੰਜਾਬ ਚੋਣਾਂ ਲਈ ਸੁਨੀਲ ਜਾਖੜ ਦੀ ਅਗਵਾਈ ਵਿਚ ਬਣਾਈ ਗਈ ਚੋਣ ਪ੍ਰਚਾਰ ਕਮੇਟੀ ਦੀ ਮੀਟਿੰਗ ਵੀ ਨਵੀਂ ਦਿੱਲੀ ਵਿਚ ਤਿੰਨ ਵਜੇ ਹੋ ਰਹੀ ਹੈ ਜਿਸ ਵਿਚ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਸਮੇਤ 21 ਮੈਂਬਰ ਸ਼ਾਮਲ ਹੋਣਗੇ| ਜਾਣਕਾਰੀ ਅਨੁਸਾਰ ਭਲਕੇ ਮੁੜ ਸਕਰੀਨਿੰਗ ਕਮੇਟੀ ਦੀ ਮੀਟਿੰਗ ਵੀ ਹੋਣੀ ਹੈ| ਕਾਂਗਰਸ ਹਾਈਕਮਾਨ ਨੇ ਟਿਕਟਾਂ ਦੀ ਵੰਡ ਲਈ ਸਰਗਰਮੀ ਤੇਜ਼ ਕਰ ਦਿੱਤੀ ਹੈ। ਪੰਜਾਬ ਵਿਚ ਸਿਆਸੀ ਗਤੀਵਿਧੀਆਂ ਵਧਣ ਕਰਕੇ ਅਤੇ ਭਾਜਪਾ ਦੀ ਸਿਆਸੀ ਚਾਲ ਨੂੰ ਦੇਖਦਿਆਂ ਕਾਂਗਰਸ ਨੇ ਐਤਕੀਂ ਟਿਕਟਾਂ ਦਾ ਅਗੇਤਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ| ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਵੀ ਇਸੇ ਕੜੀ ਦਾ ਹਿੱਸਾ ਹੋ ਸਕਦੀ ਹੈ|

ਕਾਂਗਰਸ ਸਰਕਾਰ ਆਗਾਮੀ ਚੋਣਾਂ ਵਿਚ ਉਤਰਨ ਤੋਂ ਪਹਿਲਾਂ 18 ਨੁਕਾਤੀ ਏਜੰਡੇ ਦੀ ਪੂਰਤੀ ਕਰਨਾ ਚਾਹੁੰਦੀ ਹੈ| ਕਾਂਗਰਸ ਅੱਗੇ ਸਭ ਤੋਂ ਵੱਡੀ ਚੁਣੌਤੀ ਟਿਕਟਾਂ ਦੀ ਵੰਡ ਨੂੰ ਲੈ ਕੇ ਹੈ| ਕਈ ਵਿਧਾਇਕਾਂ ਨੂੰ ਟਿਕਟਾਂ ਕੱਟੇ ਜਾਣ ਦਾ ਡਰ ਹੈ| ਮੁੱਖ ਮੰਤਰੀ ਚੰਨੀ ਆਪਣੇ ਭਰਾ ਡਾ. ਮਨੋਹਰ ਸਿੰਘ ਲਈ ਟਿਕਟ ਚਾਹੁੰਦੇ ਹਨ| ਫਤਹਿਜੰਗ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਵੀ ਇਸੇ ਕਤਾਰ ਵਿਚ ਹਨ| ਚੇਅਰਮੈਨ ਲਾਲ ਸਿੰਘ ਆਪਣੇ ਤੋਂ ਇਲਾਵਾ ਆਪਣੇ ਲੜਕੇ ਨੂੰ ਮੁੜ ਸਮਾਣਾ ਤੋਂ ਉਤਾਰਨਾ ਚਾਹੁੰਦੇ ਹਨ। ਕਈ ਕਾਂਗਰਸੀ ਵਜ਼ੀਰਾਂ ਦੇ ਭਾਜਪਾ ’ਚ ਚਲੇ ਜਾਣ ਦੀਆਂ ਚਰਚਾਵਾਂ ਦੌਰਾਨ ਹੀ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸ ਵਿਚ ਹੀ ਰਹਿਣਗੇ| ਉਨ੍ਹਾਂ ਕਿਹਾ ਕਿ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਭਾਜਪਾ ਵਿਚ ਜਾ ਰਹੇ ਹਨ|

ਕਾਂਗਰਸ ਹਾਈਕਮਾਨ ਨੇ ਪਾਰਲੀਮੈਂਟਰੀ ਪਾਰਟੀ ਐਲਾਨੀ

ਕਾਂਗਰਸ ਹਾਈਕਮਾਨ ਨੇ ਅੱਜ ਕਾਂਗਰਸ ਪਾਰਲੀਮੈਂਟਰੀ ਪਾਰਟੀ ਐਲਾਨੀ ਹੈ ਜਿਸ ਵਿਚ ਪੰਜਾਬ ਨੂੰ ਵਧੇਰੇ ਪ੍ਰਤੀਨਿਧਤਾ ਦਿੱਤੀ ਗਈ ਹੈ| ਐਮ.ਪੀ. ਚੌਧਰੀ ਸੰਤੋਖ ਸਿੰਘ ਨੂੰ ਸਕੱਤਰ ਵਜੋਂ ਲਿਆ ਗਿਆ ਹੈ ਜਦੋਂ ਕਿ ਐਮ.ਪੀ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ ਅਤੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੂੰ ਕਾਰਜਕਾਰੀ ਮੈਂਬਰ ਵਜੋਂ ਸ਼ਾਮਿਲ ਕੀਤਾ ਹੈ|

ਰਾਣਾ ਸੋਢੀ ਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ: ਹਰੀਸ਼ ਚੌਧਰੀ

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਅੱਜ ਰਾਣਾ ਗੁਰਮੀਤ ਸਿੰਘ ਸੋਢੀ ਦੀ ਭਾਜਪਾ ਵਿਚ ਸ਼ਮੂਲੀਅਤ ਬਾਰੇ ਕਿਹਾ ਕਿ ਰਾਣਾ ਸੋਢੀ ਵੱਡੀ ਵਿਕਟ ਨਹੀਂ ਸਨ। ਉਨ੍ਹਾਂ ਦੇ ਜਾਣ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਜੋ ਹੋਰ ਨੇਤਾ ਵੀ ਜਾਣਾ ਚਾਹੁੰਦੇ ਸਨ, ਉਨ੍ਹਾਂ ਨੂੰ ਕਿਹੜਾ ਰੋਕਿਆ ਗਿਆ ਹੈ, ਉਹ ਵੀ ਅੱਜ ਜਾ ਸਕਦੇ ਸਨ। ਉਨ੍ਹਾਂ ਦੱਸਿਆ ਕਿ ਹੁਣ ਲਗਾਤਾਰ ਸਕਰੀਨਿੰਗ ਕਮੇਟੀ ਦੀ ਮੀਟਿੰਗ ਚੱਲੇਗੀ ਅਤੇ ਯੋਗਤਾ ਤੇ ਕਾਬਲੀਅਤ ਦੇ ਆਧਾਰ ’ਤੇ ਟਿਕਟਾਂ ਦੀ ਵੰਡ ਹੋਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਛੱਡ ਰਾਣਾ ਗੁਰਮੀਤ ਸੋਢੀ ਭਾਜਪਾ ’ਚ ਸ਼ਾਮਲ
Next articleਪੰਜਾਬ ਦੇ ਡੀਜੀਪੀ ਦੀ ਨਿਯੁਕਤੀ ਲਈ ਯੂਪੀਐੱਸਸੀ ਦੀ ਮੀਟਿੰਗ ਰੱਦ