ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਸਬਾ ਰਾਹੋਂ ਦੇ ਪਿੰਡ ਹੁਸੈਨਪੁਰ ਵਿਖੇ ‘ਨਰੋਆ ਪੰਜਾਬ’ ਦੇ ਸੰਸਥਾਪਕ ਅਤੇ ਉਘੇ ਸਮਾਜ ਸੇਵੀ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਦੇ ਵਿਹੜੇ ‘ਸਾਹਿੱਤਕ ਸ਼ਾਮ’ ਦਾ ਆਯੋਜਨ ਕੀਤਾ ਗਿਆ। ਨਵਜੋਤ ਸਾਹਿਤ ਸੰਸਥਾ ਔੜ ਵਲੋਂ ਆਯੋਜਿਤ ਇਸ ਸ਼ਾਮ ਵਿੱਚ ਨਾਮਵਰ ਸ਼ਾਇਰਾਂ ਨੇ ਗੀਤ, ਗਜਲਾਂ ਤੇ ਕਵਿਤਾਵਾਂ ਨਾਲ ਖੂਬ ਰੰਗ ਬੰਨ੍ਹਿਆ। ਸਮੂਹ ਹਾਜਰੀਨ ਦਾ ਸਵਾਗਤ ਕਰਦਿਆਂ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਨੇ ਕਿਹਾ ਕਿ ਸਮਾਜ ਦਾ ਮਾਰਗ ਦਰਸ਼ਨ ਕਰਨ ਅਤੇ ਨਵੀਆਂ ਪੀੜ੍ਹੀਆਂ ਨੂੰ ਜਨਜੀਵਨ ਦੇ ਯਥਾਰਥ ਨਾਲ ਜੋੜਨ ਲਈ ਸਾਹਿਤ ਮੋਹਰੀ ਭੂਮਿਕਾ ਨਿਭਾਉਂਦਾ ਹੈ। ਮੰਚ ਤੋਂ ਪੇਸ਼ ਹੋਏ ਸ਼ਾਇਰਾਂ ਵਿੱਚ ਗੁਰਦੀਪ ਸੈਣੀ, ਰਜਨੀ ਸ਼ਰਮਾ, ਕੁਲਵਿੰਦਰ ਕੁੱਲਾ, ਸਤਪਾਲ ਸਾਹਲੋਂ, ਨੀਰੂ ਜੱਸਲ, ਤਰਸੇਮ ਸਾਕੀ, ਜੋਗਿੰਦਰ ਸਿੰਘ ਕੁੱਲੇਵਾਲ, ਰੇਸ਼ਮ ਕਰਨਾਣਵੀ, ਚਮਨ ਮੱਲਪੁਰੀ, ਦਵਿੰਦਰ ਸਕੋਹਪੁਰੀ, ਹਰਮਿੰਦਰ ਹੈਰੀ, ਬਲਵਿੰਦਰ ਕੌਰ ਮੁਬਾਰਕਪੁਰ, ਦੇਸ ਰਾਜ ਬਾਲੀ, ਰਵੀ ਕਿਸ਼ਨ ਪਟਵਾਰੀ, ਦਵਿੰਦਰ ਬੇਗਮਪੁਰੀ, ਬਲਵਿੰਦਰ ਸਿੰਘ, ਰਾਮ ਨਾਥ ਕਟਾਰੀਆ ਅਤੇ ਸੁੱਚਾ ਰਾਮ ਜਾਡਲਾ ਆਦਿ ਦੀਆਂ ਸਾਰੀਆਂ ਪੇਸ਼ਕਾਰੀਆਂ ਦੀ ਸਰੋਤਿਆਂ ਵਲੋਂ ਭਰਵੀਂ ਦਾਦ ਦਿੱਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1947 ਦੀ ਵੰਡ ਅਤੇ ਹੁਣ ਤੱਕ ਸਾਹਿਤ ਸਫਰ ਦੇ ਪਾਂਧੀਆਂ ਨੂੰ ਯਾਦ ਕੀਤਾ। ਉਹਨਾਂ ਕਿਹਾ ਕਿ ਚੰਗਾ ਸਾਹਿਤ ਉਸਾਰੂ ਦਿਸ਼ਾ ਪ੍ਰਦਾਨ ਕਰਦਾ ਹੈ। ਜਦੋਂ ਕਿ ਮਾੜਾ ਸਾਹਿਤ ਸਮੇਂ ਦੇ ਝਲਕਾਰਿਆਂ ‘ਚ ਗੁਆ ਦਿੰਦਾ ਹੈ। ਨਵਜੋਤ ਸਾਹਿਤ ਸੰਸਥਾ ਵਲੋਂ ਇਸ ਮੌਕੇ ਸਰਦਾਰ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਉਹਨਾ ਦੀ ਪਤਨੀ ਸਰਦਾਰਨੀ ਹਰਜੀਤ ਕੌਰ ਨੂੰ ਸਾਂਝੇ ਤੌਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਸੰਸਥਾ ਦੇ ਸਕੱਤਰ ਸੁਰਜੀਤ ਮਜਾਰੀ ਨੇ ਬਾਖੂਬੀ ਨਿਭਾਇਆ। ਸੰਸਥਾ ਦੇ ਪ੍ਰਧਾਨ ਗੁਰਨੇਕ ਸ਼ੇਰ ਨੇ ਸੰਸਥਾ ਦੀਆਂ ਬਹੁਪੱਖੀ ਸਰਗਰਮੀਆਂ ਵਾਰੇ ਜਾਣਕਾਰੀ ਦਿੰਦਿਆ ਸਮੂਹ ਪ੍ਰਬੰਧਕਾਂ, ਸਹਿਯੋਗੀਆਂ ਅਤੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly