(ਸਮਾਜ ਵੀਕਲੀ)
ਪਿਆਰੇ ਬੱਚਿਓ ! ਸਾਡੇ ਰਿਸ਼ੀਆਂ – ਮੁਨੀਆਂ , ਸੰਤ – ਫ਼ਕੀਰਾਂ , ਗੁਰੂਆਂ – ਪੀਰਾਂ ਅਤੇ ਵੱਡੇ – ਬਜ਼ੁਰਗਾਂ ਨੇ ਸਾਨੂੰ ਜੀਵਨ ਵਿੱਚ ਪਰਉਪਕਾਰ ਕਰਨ , ਦੂਸਰਿਆਂ ਦੇ ਕੰਮ ਆਉਣ , ਵਾਤਾਵਰਨ ਤੇ ਜੀਵ-ਜੰਤੂਆਂ ਦੀ ਰੱਖਿਆ ਕਰਨ , ਦਸਵੰਧ/ਦਸ਼ਾਂਸ਼ ਕੱਢਣ ਅਤੇ ਕੁਦਰਤੀ ਆਫਤਾਂ ਦੇ ਸਮੇਂ ਮਾਨਵਤਾ ਦੀ ਭਲਾਈ ਕਰਨ ਦੀ ਸਿੱਖਿਆ ਦਿੱਤੀ ਹੈ। ਇਹ ਸਭ ਸਮਾਜ਼ ਸੇਵਾ ਦਾ ਰੂਪ ਹੈ। ਪਿਆਰੇ ਬੱਚਿਓ ! ਅੱਜ ਮਨੁੱਖ ਹੌਲੀ-ਹੌਲੀ ਆਪਣੇ ਆਪ ਤੱਕ ਹੀ ਸੀਮਿਤ ਹੁੰਦਾ ਜਾ ਰਿਹਾ ਹੈ , ਪਰ ਸਮਾਜ ਵਿੱਚ ਅਜਿਹੇ ਇਨਸਾਨ ਵੀ ਹਨ ਜੋ ਆਪਣੇ ਆਪ ਤੋਂ ਉੱਪਰ ਉੱਠ ਕੇ ਵਿਸ਼ਾਲ ਸੋਚ ਦੇ ਧਾਰਨੀ ਹਨ। ਅਜਿਹੇ ਇਨਸਾਨ ਕੇਵਲ ਤੇ ਕੇਵਲ ਪਰਉਪਕਾਰ ਦੀ ਭਾਵਨਾ ਹਿੱਤ ਸਮਾਜ ਦੀ ਭਲਾਈ ਲਈ ਆਪਣਾ ਤਨ , ਮਨ , ਧਨ ਅਤੇ ਕੀਮਤੀ ਸਮਾਂ ਸਮਰਪਣ ਕਰਦੇ ਰਹਿੰਦੇ ਹਨ। ਇਹਨਾਂ ਪਰਉਪਕਾਰੀ ਇਨਸਾਨਾਂ ਦੇ ਵਾਂਗ ਹੀ ਪਿਆਰੇ ਬੱਚਿਓ ! ਸਾਨੂੰ ਵੀ ਆਪਣੀ ਯੋਗਤਾ , ਹਾਲਾਤਾਂ ਅਤੇ ਹੈਸੀਅਤ ਅਨੁਸਾਰ ਜੀਵਨ ਭਰ ਸਮਾਜ ਸੇਵਾ ਲਈ ਤਨ , ਮਨ , ਧਨ ਤੇ ਸਮੇਂ ਨਾਲ ਯਥਾਸੰਭਵ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ। ਪਿਆਰੇ ਬੱਚਿਓ ! ਸਮਾਜ ਸੇਵਾ ਤੇ ਪਰਉਪਕਾਰ ਦੇ ਕਈ ਰੂਪ ਹਨ, ਜਿਵੇਂ ਵਾਤਾਵਰਣ ਦੀ ਖੁਸ਼ਹਾਲੀ ਲਈ ਪੌਦੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ , ਜੀਵ – ਜੰਤੂਆਂ ਅਤੇ ਪੰਛੀ – ਪਰਿੰਦਿਆਂ ਲਈ ਦਾਣਾ – ਪਾਣੀ ਤੇ ਆਲਣਿਆਂ ਦਾ ਪ੍ਰਬੰਧ ਕਰਨਾ , ਲਾਚਾਰ ਤੇ ਮਜਬੂਰ ਰੋਗੀਆਂ , ਕੁਦਰਤੀ ਆਫਤਾਂ ਸਮੇਂ ਲੋੜਵੰਦਾਂ ਦੀ ਧਨ , ਭੋਜਨ , ਕੱਪੜੇ , ਦਵਾਈਆਂ ਆਦਿ ਨਾਲ ਸਹਾਇਤਾ ਕਰਨਾ , ਸਮਾਜਿਕ ਸੰਸਥਾਵਾਂ ਨਾਲ ਜੁੜ ਕੇ ਲੋਕ ਭਲਾਈ ਦੇ ਕਾਰਜ ਕਰਨਾ , ਦੁਖੀਆਂ ਤੇ ਜ਼ਰੂਰਤਮੰਦਾਂ ਦੀ ਲੋੜ ਅਨੁਸਾਰ ਵੱਧ ਤੋਂ ਵੱਧ ਮਦਦ ਕਰਨਾ। ਹਾਂ ! ਸਾਨੂੰ ਇਹ ਸਮਾਜ ਸੇਵਾ ਦੇ ਕਾਰਜ ਕਰਦੇ ਸਮੇਂ ਇਹ ਗੱਲ ਹਮੇਸ਼ਾ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਇਹ ਕੰਮ ਬਿਨਾਂ ਕਿਸੇ ਆਸ , ਲੋਭ – ਲਾਲਚ ਅਤੇ ਬਿਨਾਂ ਕਿਸੇ ਵਿਤਕਰੇ ਨਾਲ ਅਤੇ ਕੇਵਲ ਤੇ ਕੇਵਲ ਪਰਉਪਕਾਰ ਦੀ ਭਾਵਨਾ ਨਾਲ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਪਿਆਰੇ ਬੱਚਿਓ ! ਸਮਾਜ ਸੇਵਾ ਸਾਨੂੰ ਸੱਚੀ ਅੰਦਰੂਨੀ ਖੁਸ਼ੀ , ਅਸਲ ਸੁੱਖ – ਸਕੂਨ ਤੇ ਸੰਤੁਸ਼ਟੀ ਪ੍ਰਦਾਨ ਕਰਦੀ ਹੈ। ਅਧਿਆਤਮਕ ਪੱਖ ਤੋਂ ਵੀ ਸਮਾਜ – ਸੇਵਾ ਦੀ ਬਹੁਤ ਮਹੱਤਤਾ ਹੈ। ਇਸ ਪੱਖ ਅਨੁਸਾਰ ਸਮਾਜ ਸੇਵਾ ਸਾਨੂੰ ਤੰਦਰੁਸਤੀ , ਤਰੱਕੀ ਤੇ ਤ੍ਰਿਪਤੀ ਪ੍ਰਦਾਨ ਕਰਦੀ ਹੈ। ਪਿਆਰੇ ਬੱਚਿਓ ! ਮਨੁੱਖ ਹੋਣਾ ਹੀ ਬਹੁਤ ਵੱਡੀ ਗੱਲ ਹੈ ; ਕਿਉਂਕਿ ਮਨੁੱਖ ਸੋਚ ਸਕਦਾ ਹੈ, ਮਨੁੱਖ ਕੋਲ ਭਾਵਨਾਵਾਂ ਹਨ ਤੇ ਮਨੁੱਖ ਕੁਦਰਤ ਦੀ ਰਚਨਾ ਵੀ ਹੈ। ਜਦੋਂ ਕਿ ਦੂਸਰੇ ਜੀਵ – ਜੰਤੂ ਜਾਂ ਪੰਛੀ – ਪਰਿੰਦੇ ਮਨੁੱਖ ਦੀ ਬਰਾਬਰੀ ਕਿਸੇ ਪੱਖੋਂ ਨਹੀਂ ਕਰ ਸਕਦੇ। ਸੋ ਪਿਆਰੇ ਬੱਚਿਓ ! ਜੀਵਨ ਵਿੱਚ ਜਦੋਂ ਕਦੇ ਵੀ ਸਾਨੂੰ ਸਮਾਜ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਸਾਨੂੰ ਅਜਿਹੇ ਕੀਮਤੀ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। ਸਗੋਂ ਇਨਸਾਨੀਅਤ – ਧਰਮ ਦਿਖਾਉਂਦੇ ਹੋਏ ਬਿਨਾਂ ਕਿਸੇ ਵਿਤਕਰੇ ਤੋਂ ਪਰਉਪਕਾਰ ਦੀ ਭਾਵਨਾ ਨਾਲ ਸਮਾਜ ਸੇਵਾ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਪਿਆਰੇ ਬੱਚਿਓ ! ਸਮਾਜ – ਸੇਵਾ ਮਾਨਵ ਜੀਵਨ ਦੀ ਨੀਂਹ ਅਤੇ ਨਿਸ਼ਾਨੀ ਹੈ। ਇਸ ਲਈ ਤੁਸੀਂ ਹਮੇਸ਼ਾ ਚੰਗੇ ਕੰਮ ਕਰਨ ਅਤੇ ਸਮਾਜ ਸੇਵਾ ਹਿੱਤ ਤੱਤਪਰ ਰਹਿਣ ਦੀ ਕੋਸ਼ਿਸ਼ ਰੱਖਣਾ। ਸਮਾਜ ਸੇਵਾ ਮਾਨਵਤਾ ਦੀ ਸੇਵਾ ਹੈ।
ਮੈਡਮ ਰਜਨੀ ਧਰਮਾਣੀ
ਪਿੰਡ – ਸੱਧੇਵਾਲ
ਸ੍ਰੀ ਅਨੰਦਪੁਰ ਸਾਹਿਬ
( ਲੇਖਿਕ ਦਾ ਨਾਮ ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ ਹੈ)
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly