HOME ਸੋਸ਼ਲ ਮੀਡੀਆ ਦੇ ਪ੍ਰੇਮ ਵਿਆਹ

ਸੋਸ਼ਲ ਮੀਡੀਆ ਦੇ ਪ੍ਰੇਮ ਵਿਆਹ

1
ਬਰਜਿੰਦਰ ਕੌਰ ਬਿਸਰਾਓ

 (ਸਮਾਜ ਵੀਕਲੀ)   ਅੱਜ ਕੱਲ੍ਹ ਪੂਰੇ ਦੇਸ਼ ਭਰ ਵਿੱਚ, ਘਰ ਘਰ ਵਿੱਚ, ਸੋਸ਼ਲ ਮੀਡੀਆ ਤੇ, ਅਖ਼ਬਾਰਾਂ ਰਸਾਲਿਆਂ ਵਿੱਚ ਅਤੇ ਇਲੈਕਟ੍ਰਾਨਿਕ ਮੀਡੀਆ ਦੀਆਂ ਖਬਰਾਂ ਵਿੱਚ ਸੁਰਖੀਆਂ ਬਟੋਰਨ ਵਾਲਾ ਮਸਲਾ ਸਰਬਜੀਤ ਕੌਰ ਨਾਂ ਦੀ ਬਜ਼ੁਰਗ ਔਰਤ ਦਾ ਹੈ ਜੋ ਪਾਕਿਸਤਾਨ ਵਿੱਚ ਜਾ ਕੇ ਨਾਸਿਰ ਹੁਸੈਨ ਨਾਮ ਦੇ ਵਿਅਕਤੀ ਨਾਲ਼ ਨਿਕਾਹ ਕਰਵਾ ਕੇ ਨੂਰ ਹੁਸੈਨ ਬਣ ਗਈ ਹੈ। ਉਸ ਨੇ ਧਰਮ ਬਦਲ ਕੇ ਧਰਮ ਅਤੇ ਪੰਜਾਬੀਅਤ ਨੂੰ ਸ਼ਰਮਸਾਰ ਕੀਤਾ ਹੈ। ਇਹੋ ਜਿਹੇ ਲੋਕਾਂ ਨੂੰ ਨਾ ਆਪਣੇ ਅਗਲਿਆਂ ਪਿਛਲਿਆਂ ਦੀ ਕੋਈ ਪ੍ਰਵਾਹ ਹੁੰਦੀ ਹੈ ਤੇ ਨਾ ਹੀ ਉਹਨਾਂ ਧਾਰਮਿਕ ਸੰਸਥਾਵਾਂ ਦੀ ਜਿਨ੍ਹਾਂ ਦਾ ਸਹਾਰਾ ਲੈ ਕੇ ਆਪਣਾ ਸਵਾਰਥ ਸਿੱਧ ਕਰਦੇ ਹਨ। ਇਹੋ ਜਿਹੇ ਲੋਕਾਂ ਲਈ ਸਰਕਾਰਾਂ ਵੱਲੋਂ ਕੋਈ ਰਹਿਮ ਦੀ ਖੈਰ ਝੋਲ਼ੀ ਨਹੀਂ ਪਾਉਣੀ ਚਾਹੀਦੀ। ਇਹੋ ਜਿਹੇ ਲੋਕ ਜਿੱਥੇ ਸਾਡੇ ਸਮਾਜ ਨੂੰ ਕਲੰਕਿਤ ਕਰਦੇ ਹਨ ਉੱਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਰਾਹ ਭਟਕਾਉਣ ਦਾ ਕੰਮ ਕਰਦੇ ਹਨ। ਇਹੋ ਜਿਹੇ ਲੋਕਾਂ ਦੀਆਂ ਕਰਤੂਤਾਂ ਵੇਖ ਕੇ ਹੋਰ ਲੋਕਾਂ ਦੇ ਹੌਸਲੇ ਵੀ ਖੁੱਲ੍ਹਦੇ ਹਨ। ਜੇ ਦੇਖਿਆ ਜਾਵੇ ਤਾਂ ਸੋਸ਼ਲ ਮੀਡੀਆ ਦਾ ਇਹੋ ਜਿਹੀਆਂ ਘਟਨਾਵਾਂ ਵਿੱਚ ਬਹੁਤ ਅਹਿਮ ਰੋਲ ਹੈ। ਇਸ ਤੋਂ ਪਹਿਲਾਂ ਵੀ ਇਹੋ ਜਿਹੀਆਂ ਘਟਨਾਵਾਂ ਵਿੱਚ ਸੋਸ਼ਲ ਮੀਡੀਆ ਦਾ ਵੱਡਾ ਯੋਗਦਾਨ ਰਿਹਾ ਹੈ। ਇੱਥੋਂ ਤੱਕ ਕਿ ਸੋਸ਼ਲ ਮੀਡੀਆ ਰਾਹੀਂ ਹੀ ਪਾਕਿਸਤਾਨੀ ਉੱਚ ਅਧਿਕਾਰੀਆਂ ਨਾਲ ਸੰਪਰਕ ਵਿੱਚ ਆਈ ਆਮ ਜਿਹੇ ਘਰ ਦੀ ਲੜਕੀ ਜੋਤੀ ਵੀ ਇੱਕ ਹੈ ਜੋ ਅੱਜ ਕੱਲ੍ਹ ਜਾਸੂਸੀ ਦੇ ਕੇਸ ਤਹਿਤ ਸਲਾਖਾਂ ਪਿੱਛੇ ਹੈ।

ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਆਪਣੇ ਪਿਆਰ ਲਈ ਭਾਰਤ ਆਈ ਚਾਰ ਬੱਚਿਆਂ ਦੀ ਮਾਂ ਸੀਮਾ ਹੈਦਰ ਤੇ ਉਸ ਦੇ ਪ੍ਰੇਮੀ ਸਚਿਨ ਦੋਵਾਂ ਦੀਆਂ ਰੋਮਾਂਟਿਕ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ। ਸੀਮਾ ਹੈਦਰ ਦੀ ਲੋਕਪ੍ਰਿਅਤਾ ਦਿਨੋ-ਦਿਨ ਵਧਦੀ ਗਈ। ਉਸ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਫਾਲੋਅਰਜ਼ ਤੇਜ਼ੀ ਨਾਲ ਵੱਧਣ ਲੱਗੇ। ਸੀਮਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਚਿਨ ਨਾਲ ਬਣਾਈਆਂ ਰੋਮਾਂਟਿਕ ਵੀਡੀਓ ਕਾਫੀ ਵਾਇਰਲ ਹੋਣ ਲੱਗੀਆਂ। ਇਹ ਘਟਨਾ ਜ਼ੋਰਾਂ ਸ਼ੋਰਾਂ ਤੇ ਸੋਸ਼ਲ ਮੀਡੀਆ ਉੱਤੇ ਮਨੋਰੰਜਨ ਦੇ ਸਾਧਨ ਵਜੋਂ ਹਜੇ ਖ਼ੂਬ ਚਰਚਾ ਵਿੱਚ ਹੀ ਸੀ ਕਿ ਇੱਕ ਹੋਰ ਨੇ ਚੰਨ ਚਾੜ੍ਹ ਦਿੱਤਾ। ਉਸ ਤੋਂ ਬਾਅਦ ਵਿਆਹੁਤਾ ਭਾਰਤੀ ਔਰਤ ਅੰਜੂ ਨੇ ਪਾਕਿਸਤਾਨ ਵਿੱਚ ਫੇਸਬੁੱਕ ਦੋਸਤ ਨਾਲ ਵਿਆਹ ਕਰਵਾਇਆ। ਇਹ ਮਾਮਲਾ ਸੀਮਾ ਹੈਦਰ ਤੋਂ ਵੀ ਦਿਲਚਸਪ ਹੈ।ਰਾਜਸਥਾਨ ਦੇ ਭਿਵਾੜੀ ‘ਚ ਆਪਣੇ ਪਤੀ ਅਤੇ ਦੋ ਬੱਚਿਆਂ ਨੂੰ ਛੱਡ ਕੇ ਅੰਜੂ ਫੇਸਬੁੱਕ ‘ਤੇ ਆਪਣੇ ਪ੍ਰੇਮੀ ਨਸਰੁੱਲਾ ਨੂੰ ਮਿਲਣ ਪਾਕਿਸਤਾਨ ਪਹੁੰਚ ਗਈ ਅਤੇ ਵਿਆਹ ਕਰਵਾ ਲਿਆ। ਇੰਨਾ ਹੀ ਨਹੀਂ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਉਸ ਨੇ ਆਪਣਾ ਨਾਂ ਫਾਤਿਮਾ ਰੱਖਿਆ ਹੈ।ਉਸ ਤੋਂ ਬਾਅਦ ਨਸਰੁੱਲਾ ਅਤੇ ਅੰਜੂ ਦੋਵੇਂ ਸਖ਼ਤ ਸੁਰੱਖਿਆ ਵਿਚਕਾਰ ਸੈਰ ਲਈ ਨਿਕਲੇ ਸਨ। ਉਹਨਾਂ ਦੀਆਂ ਘੁੰਮਦਿਆਂ ਫਿਰਦਿਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਹਰ ਤਰ੍ਹਾਂ ਦੇ ਮੀਡੀਆ ਵਿੱਚ ਖ਼ੂਬ ਘੁੰਮਣ ਲੱਗੀਆਂ। ਏਧਰ ਕਦੇ ਉਸ ਦੇ ਪਤੀ ,ਕਦੇ ਭਰਾ  ਤੇ ਕਦੇ ਪਿਉ ਕੋਲ਼ ਮੀਡੀਆ ਦਾ ਮਾਈਕ ਫੜਕੇ ਪਹੁੰਚਣਾ ਤੇ ਉਹਨਾਂ ਦੇ ਬਿਆਨਾਂ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨਾ। ਦੁਨੀਆਂ ਲਈ ਇਹ ਸਭ ਨਿਰਾ ਇੱਕ ਤਮਾਸ਼ਾ ਹੈ ਤੇ ਮਨੋਰੰਜਨ ਦਾ ਸਸਤਾ ਸਾਧਨ ਹੈ। ਸੋਸ਼ਲ ਮੀਡੀਆ ਤੇ ਜ਼ੋਰਾਂ ਸ਼ੋਰਾਂ ਨਾਲ ਮਸਾਲੇ ਲਾ ਲਾ ਕੇ ਪੇਸ਼ ਕਰਨਾ ਤੇ ਉਸ ਥੱਲੇ ਪਬਲਿਕ ਵੱਲੋਂ ਗੰਦੇ ਮੰਦੇ ਕੁਮੈਂਟਾਂ ਰਾਹੀਂ ਭੜਾਸ ਕੱਢਣਾ ਆਮ ਜਿਹੀ ਗੱਲ ਹੋ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ 2018 ਵਿੱਚ ਸਿੱਖ ਜਥੇ ਨਾਲ ਪਾਕਿਸਤਾਨ ਵਿੱਚ ਜਾ ਕੇ ਕਿਰਨ ਬਾਲਾ ਆਪਣੇ ਪਾਕਿਸਤਾਨੀ ਪ੍ਰੇਮੀ ਮੁਹੰਮਦ ਆਜ਼ਮ ਕੋਲ਼ ਭੱਜ ਗਈ ਤੇ ਇਸਲਾਮ ਧਰਮ ਕਬੂਲ ਕਰ ਕੇ ਕਿਰਨ ਤੋਂ ਅਮੀਨਾ ਬਣ ਗਈ। ਉਸ ਦੀ ਇਸ ਕਰਤੂਤ ਨੇ ਵੀ ਇੱਕ ਦੋ ਮਹੀਨੇ ਦੁਨੀਆਂ ਭਰ ਦੇ ਲੋਕਾਂ ਦਾ ਖ਼ੂਬ ਮਨੋਰੰਜਨ ਕੀਤਾ ਸੀ। ਪਰ ਅੱਜ ਉਹ ਕਿਸ ਹਾਲ ਵਿੱਚ ਜ਼ਿੰਦਗੀ ਬਸਰ ਕਰ ਰਹੀ ਹੈ, ਜਿਹੜੇ ਪਿਓ ਬਾਹਰੇ ਬੱਚਿਆਂ ਨੂੰ ਉਹ ਛੱਡ ਕੇ ਭੱਜ ਗਈ ਸੀ ਉਹ ਕਿਹਨਾਂ ਹਾਲਾਤਾਂ ਵਿੱਚ ਪਲ਼ ਰਹੇ ਹਨ,ਇਸ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਆਮ ਜਨਤਾ ਵੀ ਸਿਨੇਮਾ ਘਰਾਂ ਵਿਚਲੀ ਦੋ ਤਿੰਨ ਘੰਟੇ ਦੀ ਫ਼ਿਲਮ ਦੇਖਣ ਤੋਂ ਬਾਅਦ ਜਿਵੇਂ ਅਗਲੀ ਫਿਲਮ ਦੇਖਣ ਲਈ ਤਿਆਰ ਹੋ ਜਾਂਦੇ ਹਨ ਬਿਲਕੁਲ ਉਸੇ ਤਰ੍ਹਾਂ ਹੀ ਇਹ ਖ਼ਬਰਾਂ ਉਹਨਾਂ ਲਈ ਫ਼ਿਲਮਾਂ ਵਾਂਗ ਹੀ ਹਨ।

ਚਾਹੇ ਪੱਛਮੀ ਦੇਸ਼ਾਂ ਤੋਂ ਅੰਗਰੇਜ਼ ਔਰਤਾਂ ਵੱਲੋਂ ਭਾਰਤ ਵਿੱਚ ਆ ਕੇ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਵਾਉਣ ਦੀਆਂ ਅਨੇਕਾਂ ਘਟਨਾਵਾਂ ਸਮੇਂ ਸਮੇਂ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਉਹ ਵੀ ਨਿਰੇ ਬੇ ਮੇਲ ਜੋੜ ਹੀ ਹੁੰਦੇ ਹਨ ਜਿਵੇਂ ਪੰਜਾਹ ਸੱਠ ਸਾਲ ਦੀ ਔਰਤ ਦਾ ਵੀਹ ਬਾਈ ਸਾਲ ਦੇ ਨੌਜਵਾਨ ਨਾਲ਼ ਵਿਆਹ ਕਰਵਾਉਣਾ ਜਾਂ ਹੋਰ ਵੀ ਕਈ ਪੱਖਾਂ ਤੋਂ ਜੋੜੀਆਂ ਦਾ ਕੋਈ ਆਪਸੀ ਮੇਲ ਨਹੀਂ ਹੁੰਦਾ। ਇਸ ਦਾ ਮੁੱਖ ਕਾਰਨ ਕਿਸੇ ਵੀ ਤਰੀਕੇ ਨਾਲ  ਬਹੁਤਾ ਕਰਕੇ ਨੌਜਵਾਨਾਂ ਦਾ ਮਕਸਦ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋਣਾ ਹੀ ਹੁੰਦਾ ਹੈ। ਇਹੋ ਜਿਹੇ ਵਿਆਹ ਵੀ ਮੀਡੀਆ ਵਿੱਚ ਬਹੁ ਚਰਚਿਤ ਰਹਿ ਕੇ ਸਮੇਂ ਸਮੇਂ ਤੇ ਲੋਕਾਂ ਦਾ ਖ਼ੂਬ ਮਨੋਰੰਜਨ ਕਰਦੇ ਰਹੇ ਹਨ। ਅੱਜ ਕੱਲ੍ਹ ਪੱਛਮੀ ਦੇਸ਼ਾਂ ਵਾਲੇ ਕਿੱਸਿਆਂ ਵਿੱਚ ਕੁਝ ਕਮੀ ਆਈ ਹੈ।

ਗੱਲ ਮੁੱਖ ਮੁੱਦੇ ਦੀ ਕਰੀਏ ਕਿ ਕਿਰਨ ਬਾਲਾ ਉਰਫ਼ ਅਮੀਨਾ ਜਾਂ ਅੰਜੂ ਉਰਫ਼ ਫਾਤਿਮਾ ਨਾਲੋਂ ਸੀਮਾ ਹੈਦਰ ਨੇ ਸਮਝਦਾਰੀ ਵਰਤਦਿਆਂ ਆਪਣੀ ਮਮਤਾ ਨੂੰ ਕਲੰਕਿਤ ਨਹੀਂ ਕੀਤਾ ਤੇ ਉਸ ਨੂੰ ਕਾਇਮ ਰੱਖਿਆ । ਉਹ ਆਪਣੇ ਚਾਰ ਬੱਚਿਆਂ ਨੂੰ ਨਾਲ਼ ਲੈ ਤੁਰੀ। ਅਮੀਨਾ ਨੇ ਆਪਣੇ ਤਿੰਨ ਬੱਚਿਆਂ ਤੇ ਫਾਤਮਾ ਨੇ ਆਪਣੇ ਦੋ ਬੱਚਿਆਂ ਨੂੰ ਜਨਮ ਦੇ ਕੇ ਉਹਨਾਂ ਪ੍ਰਤੀ ਆਪਣੀ ਮਮਤਾ ਦਾ ਰੱਜ ਕੇ ਘਾਣ ਕੀਤਾ ਹੈ।  ਉਹਨਾਂ ਨੂੰ ਸਾਰੀ ਉਮਰ ਲਈ ਲੋਕਾਂ ਲਈ ਮਜ਼ਾਕ ਦੇ ਪਾਤਰ ਬਣ ਕੇ ਜਾਂ ਦੁਨੀਆਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣ ਸੁਣ ਕੇ ਨਮੋਸ਼ੀ ਭਰਿਆ ਜੀਵਨ ਬਤੀਤ ਕਰਨ ਲਈ ਛੱਡ ਗਈਆਂ।ਜਿਹੜੀ ਉਮਰ ਵਿੱਚ ਬੱਚਿਆਂ ਨੂੰ ਆਪਣੀ ਮਾਂ ਦੀ ਇੱਕ ਦੋਸਤ ਜਾਂ ਗਾਈਡ ਜਾਂ ਪ੍ਰੇਰਨਾ ਸਰੋਤ ਵਜੋਂ ਨਾਲ ਖੜ੍ਹਨ ਦੀ ਬੇਹੱਦ ਲੋੜ ਹੁੰਦੀ ਹੈ ਉਸ ਉਮਰ ਵਿੱਚ ਉਹਨਾਂ ਦੀ ਮਾਂ ਵੱਲੋਂ ਪੂਰੀ ਦੁਨੀਆਂ ਭਰ ਵਿੱਚ ਇੱਕ ਚਰਿੱਤਰਹੀਣ ਪਾਤਰ ਵਜੋਂ ਉਭਰ ਕੇ ਸਾਹਮਣੇ ਆਉਣਾ….ਇਹ ਤਾਂ ਉਹਨਾਂ ਦੇ ਬੱਚਿਆਂ ਨੂੰ ਹੀ ਪਤਾ ਹੋਵੇਗਾ ਜਿਹਨਾਂ ਉੱਪਰ ਇਹ ਬੀਤ ਰਿਹਾ ਹੋਵੇਗਾ।

ਦੂਜੀ ਗੱਲ ਇਸ ਮਸਲੇ ਤੇ ਚਰਚਾ ਯੋਗ ਇਹ ਹੈ ਕਿ ਜਦੋਂ ਤੋਂ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਜਾਂ ਨਵੀਆਂ ਨਵੀਆਂ ਗੇਮਾਂ ਦੀਆਂ ਐਪਾਂ ਜਿਹਨਾਂ ਰਾਹੀਂ ਖੇਡ ਖੇਡਦੇ ਖੇਡਦੇ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨਾਲ਼ ਗੱਲਬਾਤ ਕਰਦਿਆਂ ਪ੍ਰੇਮ ਜਾਲ਼ ਵਿੱਚ ਫਸ ਜਾਣਾ ਤੇ ਫਿਰ ਇਸ ਵਿੱਚੋਂ ਨਿਕਲਣ ਦੀ ਬਜਾਏ ਇਹੋ ਜਿਹੇ ਅਨੈਤਿਕਤਾ ਵਾਲ਼ੇ ਕਦਮ ਉਠਾਉਣੇ। ਇਸ ਤੋਂ ਵੀ ਦੁਖਦਾਈ ਇਹਨਾਂ ਸਰੋਤਾਂ ਰਾਹੀਂ ਇਹਨਾਂ ਦੇ ਕਾਰਨਾਮਿਆਂ ਨੂੰ ਸੋਸ਼ਲ ਮੀਡੀਆ ਤੇ ਐਨਾ ਵਾਇਰਲ ਕਰਨਾ ਕਿ ਇਹਨਾਂ ਤੋਂ ਪ੍ਰੇਰਨਾਂ ਲੈ ਕੇ ਫਿਰ ਕਿਸੇ ਹੋਰ ਦੁਆਰਾ ਇਹੋ ਜਿਹੇ ਕਦਮ ਉਠਾ ਲੈਣਾ , ਬਹੁਤ ਹੀ ਦੁਖਦਾਈ ਹੈ। ਜਿਵੇਂ ਅੱਜ ਕੱਲ੍ਹ ਇਸ ਗੱਲ ਦੀ ਖ਼ੂਬ ਚਰਚਾ ਹੈ ਕਿ ਸੀਮਾ ਹੈਦਰ ਦੇ ਸੋਸ਼ਲ ਮੀਡੀਆ ਤੇ ਫੌਲੋਅਰ ਬਹੁ ਗਿਣਤੀ ਵਿੱਚ ਤੇਜ਼ੀ ਨਾਲ ਵਧ ਰਹੇ ਹਨ, ਇੱਥੋਂ ਤੱਕ ਕਿ ਉਸ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਆਫਰ ਆਉਣ ਦੀਆਂ ਖਬਰਾਂ ਫੈਲ ਰਹੀਆਂ ਹਨ। ਇਸ ਤਰ੍ਹਾਂ ਦੀਆਂ ਖ਼ਬਰਾਂ ਤੋਂ ਨੌਜਵਾਨਾਂ ਅੰਦਰ ਗ਼ਲਤ ਕੰਮ ਕਰਨ ਦੇ ਹੌਸਲੇ ਵਧਦੇ ਹਨ ਜਿਸ ਕਰਕੇ ਸੋਸ਼ਲ ਮੀਡੀਆ ਇਸ ਤਰ੍ਹਾਂ ਦੇ ਪ੍ਰੇਮ ਪ੍ਰਸੰਗਾਂ ਨੂੰ ਜਨਮ ਦੇ ਕੇ ਜਿੱਥੇ ਘਰਾਂ ਦੇ ਘਰ ਉਜਾੜ ਰਿਹਾ ਹੈ ਉੱਥੇ ਕਿੰਨੇ ਬੱਚਿਆਂ ਦੇ ਮਾਪਿਆਂ ਨੂੰ ਤੋੜ ਕੇ ਉਹਨਾਂ ਦਾ ਭਵਿੱਖ ਧੁੰਦਲਾ ਕਰ ਰਿਹਾ ਹੈ ।

ਉਂਝ ਤਾਂ ਪਿਆਰ ਦੇ ਪੁਜਾਰੀ ਕਹਿੰਦੇ ਹਨ ਕਿ ਪਿਆਰ ਤਾਂ ਕਿਸੇ ਵੀ ਉਮਰ ਵਿੱਚ ਕਿਸੇ ਵੀ ਧਰਮ ਅਤੇ ਜਾਤ ਪਾਤ ਦੇ ਵਿਅਕਤੀ ਨਾਲ ਹੋ ਸਕਦਾ ਹੈ ਪਰ ਆਪਣੀ ਸ਼ਖ਼ਸੀਅਤ, ਘਰਬਾਰ ,ਧਰਮ,ਸਮਾਜ ਦੀ ਇੱਜ਼ਤ ਨੂੰ ਛਿੱਕੂ ਵਿੱਚ ਪਾ ਕੇ ਟੰਗਣ ਵਾਲੀ ਬੁੱਢੀ ਔਰਤ ਸਰਬਜੀਤ ਕੌਰ ਉਰਫ਼ ਨੂਰ ਹੁਸੈਨ ਦੇ ਇਸ਼ਕ ਬਾਰੇ ਕੀ ਵਿਸ਼ਲੇਸ਼ਣ ਕੀਤਾ ਜਾਵੇ। ਆਪਣੇ ਸਮਾਜ ਦੀ ਖੁੱਲ੍ਹ ਦਾ ਫਾਇਦਾ ਉਠਾ ਕੇ ਗਈਆਂ ਇਹੋ ਜਿਹੀਆਂ ਔਰਤਾਂ ਜੋ ਗਲ਼ ਵਿੱਚ ਚੁੰਨੀ ਪਾਉਣ ਨੂੰ ਵੀ ਬੰਦਿਸ਼ ਸਮਝਦੀਆਂ ਹਨ ਉੱਥੋਂ ਉਹਨਾਂ ਦੀਆਂ ਤਸਵੀਰਾਂ ਜਦ ਨਸ਼ਰ ਹੁੰਦੀਆਂ ਹਨ ਤਾਂ ਸ਼ਾਲੂ ਲਪੇਟ ਕੇ ਸਿਰ ਮੂੰਹ ਢਕ ਕੇ ਬੈਠੀਆਂ ਨਜ਼ਰ ਆਉਂਦੀਆਂ ਹਨ। ਬਾਅਦ ਵਿੱਚ ਉੱਥੇ ਉਹਨਾਂ ਦਾ ਕੀ ਹਸ਼ਰ ਹੁੰਦਾ ਹੈ ਇਹ ਵੀ ਸਾਰੀ ਦੁਨੀਆਂ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਜੋ ਉਸ ਤੋਂ ਵੀ ਲੋਕਾਂ ਕੁਝ ਸਿੱਖਣ ਨੂੰ ਮਿਲ਼ੇ। ਉੱਥੇ ਜਾ ਕੇ ਇਹ ਔਰਤਾਂ ਗੁੰਮਸ਼ੁਦਗੀ ਦੀ ਜ਼ਿੰਦਗੀ ਜਿਊਣ ਲੱਗਦੀਆਂ ਹਨ, ਇਹਨਾਂ ਦੀ ਭਾਫ਼ ਤੱਕ ਬਾਹਰ ਨਹੀਂ ਨਿਕਲਦੀ ਜੋ ਸਾਡੇ ਸਮਾਜ ਵਿੱਚ ਵਿਚਰਦਿਆਂ ਸੋਸ਼ਲ ਮੀਡੀਆ ਦੀਆਂ ਸਟਾਰ ਬਣੀਆਂ ਹੁੰਦੀਆਂ ਹਨ। ਉਹ ਕਿਹੜੇ ਮਾੜੇ ਹਾਲਾਤਾਂ ਵਿੱਚ ਉੱਥੇ ਜੀਵਨ ਬਸਰ ਕਰਦੀਆਂ ਹਨ ਇਹਨਾਂ ਸਾਰੀਆਂ ਔਰਤਾਂ ਦੀ ਉਹ ਤਸਵੀਰ ਵੀ ਜ਼ਰੂਰ ਸਾਹਮਣੇ ਆਉਣੀ ਚਾਹੀਦੀ ਹੈ। ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਸਰਕਾਰ ਨੂੰ ਧੋਖਾ ਦੇ ਕੇ ਜਾਣ ਵਾਲੇ ਇਹੋ ਜਿਹੇ ਲੋਕਾਂ ਨੂੰ ਵਾਪਿਸ ਲਿਆਉਣ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਇੱਥੇ ਦੇ ਕਾਨੂੰਨ ਅਨੁਸਾਰ ਉਹਨਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾ ਸਕੇ।

ਬਰਜਿੰਦਰ ਕੌਰ ਬਿਸਰਾਓ…  99889-01324

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article23 ਤੋ 29 ਨਵੰਬਰ ਤੱਕ ਵਿਰਾਸਤ ਏ ਖਾਲਸਾ ਵਿੱਚ ਗੁਰੂ ਸਾਹਿਬ ਦੇ ਜੀਵਨ ਫਲਸਫੇ, ਲਾਸ਼ਾਨੀ ਸ਼ਹਾਦਤ ਨੂੰ ਡਰੋਨ ਸ਼ੋਅ ਰਾਹੀ ਦਰਸਾਇਆ ਜਾਵੇਗਾ- ਹਰਜੋਤ ਬੈਂਸ
Next articleਮੁਕਤਸਰ ਵਿਕਾਸ ਮਿਸ਼ਨ ਵੱਲੋਂ ਪ੍ਰਤਿਭਾਸ਼ਾਲੀ ਕੰਨਿਆ ਸਨਮਾਨ ਸਮਾਰੋਹ ਆਯੋਜਿਤ : ਢੋਸੀਵਾਲ