
(ਸਮਾਜ ਵੀਕਲੀ) ਸੋਸ਼ਲ ਮੀਡੀਆ ਦੇ ਦੌਰ ਨੇ ਦੁਨੀਆਂ ਦੇ ਹਰ ਕੋਨੇ ‘ਚ ਬੈਠੇ ਆਮ ਲੋਕਾਂ ਨੂੰ ਵਿਸ਼ਵ ਪੱਧਰੀ ਮੰਚ ਉਪਲਬਧ ਕਰਵਾਇਆ ਹੈ। ਇਹ ਮੰਚ ਕਿਸੇ ਵੀ ਵਿਅਕਤੀ ਦੀ ਕਾਬਲੀਅਤ ਜਾਂ ਸੁੰਦਰਤਾ ਦੀ ਕਹਾਣੀ ਨੂੰ ਚੰਨ ਤਾਰਿਆਂ ਵਾਂਗ ਉਚਾਈਆਂ ਤੱਕ ਪਹੁੰਚਾ ਸਕਦਾ ਹੈ। ਹਾਲ ਹੀ ‘ਚ ਇਸ ਦੀ ਜਿੰਦਾ ਮਿਸਾਲ ਮੋਨਾਲੀਜ਼ਾ ਨਾਮ ਦੀ ਇੱਕ ਕੁੜੀ ਹੈ, ਜੋ ਕੁੰਭ ਦੇ ਮੇਲੇ ਵਿੱਚ ਰੁਦਰਾਕਸ਼ ਦੀਆਂ ਮਾਲਾ ਵੇਚਦੀ ਨਜ਼ਰ ਆਈ। ਉਸ ਦੀ ਸਾਦਗੀ ਅਤੇ ਸੁੰਦਰਤਾ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਅਮਿੱਟ ਪਛਾਣ ਬਣਾਈ। ਮੋਨਾਲੀਜ਼ਾ ਦੀਆਂ ਫੋਟੋਆਂ ਅਤੇ ਵੀਡੀਓਜ਼ ਨੇ ਸੋਸ਼ਲ ਮੀਡੀਆ ‘ਤੇ ਹਨੇਰੀਆਂ ਲਿਆ ਦਿੱਤੀਆਂ। ਉਸ ਦੀ ਸਹਜ ਸੁੰਦਰਤਾ ਅਤੇ ਅੱਖਾਂ ਦੀ ਖੂਬਸੂਰਤੀ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਅਜਿਹੇ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਮੋਨਾਲੀਜ਼ਾ ਦੀਆਂ ਅੱਖਾਂ ਦੁਨੀਆਂ ਦੀਆਂ ਸਭ ਤੋਂ ਸੁੰਦਰ ਅੱਖਾਂ ਹਨ। ਲੋਕਾਂ ਨੇ ਉਸ ਦੇ ਇੰਟਰਵਿਊਜ਼ ਅਤੇ ਹੋਰ ਵੀਡੀਓਜ਼ ਨੂੰ ਵੀ ਬੇਹੱਦ ਪਸੰਦ ਕੀਤਾ। ਕੁਝ ਲੋਕ ਉਸਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਸਲਾਹ ਦੇ ਰਹੇ ਹਨ ਤੇ ਕਈ ਹੋਰ ਉਸ ਨੂੰ ਵਿਆਹ ਦੀਆਂ ਪੇਸ਼ਕਸ਼ਾਂ ਵੀ ਭੇਜ ਰਹੇ ਹਨ। ਇਹ ਸਾਰੀ ਕਹਾਣੀ ਸਾਡੀ ਸਮਾਜਿਕ ਜੀਵਨ ਸ਼ੈਲੀ ਵਿੱਚ ਸੋਸ਼ਲ ਮੀਡੀਆ ਦੇ ਮਹੱਤਵ ਨੂੰ ਦਰਸਾਉਂਦੀ ਹੈ ਕਿ ਕਿਵੇਂ ਸਾਧਾਰਨ ਜ਼ਿੰਦਗੀ ਜੀਊਣ ਵਾਲੇ ਲੋਕ ਵੀ ਆਪਨੀ ਕਲਾ, ਸ਼ਖ਼ਸੀਅਤ ਜਾਂ ਕਿਸੇ ਵਿਸ਼ੇਸ਼ ਗੁਣ ਦੇ ਜ਼ਰੀਏ ਰਾਤੋ-ਰਾਤ ਪ੍ਰਸਿੱਧੀ ਹਾਸਲ ਕਰ ਸਕਦੇ ਹਨ। ਇਹ ਕਹਾਣੀ ਸਾਡੇ ਸਮਾਜ ਵਿੱਚ ਸੁੰਦਰਤਾ ਦੇ ਮਾਪਦੰਡਾਂ ਅਤੇ ਲੋਕਾਂ ਦੇ ਪਸੰਦ ਨੂੰ ਵੀ ਉਜਾਗਰ ਕਰਦੀ ਹੈ। ਮੋਨਾਲੀਜ਼ਾ ਦੀ ਸਫਲਤਾ ਸਿਰਫ ਉਸ ਦੀ ਸੁੰਦਰਤਾ ਤੱਕ ਸੀਮਿਤ ਨਹੀਂ, ਸਗੋਂ ਇਹ ਉਸਦੀ ਸਾਦਗੀ ਅਤੇ ਪ੍ਰਕਿਰਤੀ ਨਾਲ ਵੀ ਸੰਬੰਧਿਤ ਹੈ। ਇਹ ਕਹਾਣੀ ਸਾਨੂੰ ਸਿੱਖਿਆ ਦਿੰਦੀ ਹੈ ਕਿ ਸਫਲਤਾ ਹਮੇਸ਼ਾ ਸਾਫ ਦਿਲ ਅਤੇ ਮਿਹਨਤ ਨਾਲ ਮਿਲਦੀ ਹੈ। ਅਜਿਹੀ ਪ੍ਰੇਰਣਾਦਾਇਕ ਕਹਾਣੀ ਸਾਡੇ ਲਈ ਸਬਕ ਹੈ ਕਿ ਆਮ ਹੋਣਾ ਵੀ ਵਿਸ਼ੇਸ਼ ਹੋ ਸਕਦਾ ਹੈ।