HOME ਸੋਸ਼ਲ ਮੀਡੀਆ ਅਤੇ ਝੂਠੀ ਖੁਸ਼ੀ – “ਦਿਖਾਵੇ ਦੀ ਦੁਨੀਆ, ਅਸਲੀ ਜਜ਼ਬਾਤਾਂ ਦੀ...

ਸੋਸ਼ਲ ਮੀਡੀਆ ਅਤੇ ਝੂਠੀ ਖੁਸ਼ੀ – “ਦਿਖਾਵੇ ਦੀ ਦੁਨੀਆ, ਅਸਲੀ ਜਜ਼ਬਾਤਾਂ ਦੀ ਹਾਰ”

2
ਅਵਤਾਰ ਸਿੰਘ

 (ਸਮਾਜ ਵੀਕਲੀ)   ਮੇਰੇ ਵਿਚਾਰ ਵਿੱਚ ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿੱਚ ਸਭ ਦੀ ਜ਼ਿੰਦਗੀ ਦਾ ਇੱਕ ਅਟੁੱਟ ਅਤੇ ਹੱਡਾ ਵਿੱਚ ਰਚਮਿੱਚ ਜਾਣ ਵਾਲਾ ਅੰਗ ਬਣ ਚੁੱਕਾ ਹੈ। ਕੀ ਬੱਚਾ, ਕੀ ਜਵਾਨ, ਕੀ ਬਜ਼ੁਰਗ ਕੀ ਇੰਨਸਾਨ ਹਰ ਇੱਕ ਇਸ ਤੋਂ ਅਛੂਤਾ ਨਹੀਂ ਰਿਹਾ। ਅੱਜ ਸਾਨੂੰ ਸੋਸ਼ਲ ਮੀਡੀਆ ਦਾ ਚੰਗਾ-ਮਾੜਾ ਪ੍ਰਭਾਵ ਜੀਵਨ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ। ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਸਿਰਫ਼ ਜਾਣਕਾਰੀ ਦਾ ਸਾਧਨ ਨਹੀਂ ਰਿਹਾ, ਇਹ ਜ਼ਿੰਦਗੀ ਨੂੰ ਮਾਪਣ ਦਾ ਮਾਪਦੰਡ ਬਣ ਗਿਆ ਹੈ। ਲੋਕ ਖੁਸ਼ੀ ਨੂੰ ਮਹਿਸੂਸ ਕਰਨ ਦੀ ਬਜਾਏ, ਉਸਨੂੰ ਦਿਖਾਉਣ ਵਿੱਚ ਜ਼ਿਆਦਾ ਵਿਸ਼ਵਾਸ ਕਰਨ ਲੱਗ ਪਏ ਹਨ। ਫਿਲਟਰ ਲੱਗੀਆਂ ਤਸਵੀਰਾਂ, ਮਹਿੰਗੀਆਂ ਜਗ੍ਹਾਵਾਂ ਦੇ ਫੋਟੋ, ਕਾਮਯਾਬੀ ਦੀਆਂ ਪੋਸਟਾਂ—ਇਹ ਸਭ ਇੱਕ ਅਜਿਹੀ ਦੁਨੀਆ ਬਣਾਉਂਦੇ ਹਨ ਜਿੱਥੇ ਹਰ ਕੋਈ ਖੁਸ਼ ਅਤੇ ਕਾਮਯਾਬ ਦਿਖਾਈ ਦਿੰਦਾ ਹੈ। ਪਰ ਹਕੀਕਤ ਵਿੱਚ ਇਹ ਸਿਰਫ਼ ਚੁਣੇ ਹੋਏ ਪਲ ਹੁੰਦੇ ਹਨ, ਪੂਰੀ ਜ਼ਿੰਦਗੀ ਨਹੀਂ।

ਅਸਲੀ ਜ਼ਿੰਦਗੀ ਦੀ ਘਟਨਾ – ਵਿਦਿਆਰਥੀ ਦੀ ਕਹਾਣੀ

ਇੱਕ ਸਕੂਲ ਦਾ ਵਿਦਿਆਰਥੀ ਪੜ੍ਹਾਈ ਵਿੱਚ ਠੀਕ ਸੀ, ਪਰ ਜਦੋਂ ਉਸਨੇ ਸੋਸ਼ਲ ਮੀਡੀਆ ‘ਤੇ ਆਪਣੇ ਦੋਸਤਾਂ ਦੀਆਂ ਉਪਲਬਧੀਆਂ ਦੇਖੀਆਂ—ਟਾਪ ਨੰਬਰ, ਇਨਾਮ, ਮੁਕਾਬਲਿਆਂ ਦੀਆਂ ਫੋਟੋਆਂ—ਉਹ ਆਪਣੇ ਆਪ ਨੂੰ ਘੱਟ ਸਮਝਣ ਲੱਗ ਪਿਆ। ਹੌਲੀ-ਹੌਲੀ ਉਸਨੇ ਪੜ੍ਹਾਈ ਤੋਂ ਵੀ ਦਿਲ ਹਟਾ ਲਿਆ, ਕਿਉਂਕਿ ਉਸਨੂੰ ਲੱਗਣ ਲੱਗ ਪਿਆ ਕਿ ਉਹ ਕਿਸੇ ਦੇ ਬਰਾਬਰ ਨਹੀਂ। ਉਸਨੂੰ ਬਹੁਤ ਸਮਜਾਉਣ ਦੀ ਕੋਸ਼ਿਸ਼ ਕੀਤੀ, ਸੱਚਾਈ ਦਾ ਸ਼ੀਸ਼ਾ ਦਿਖਾਇਆ ਪਰ ਬਹੁਤ ਯਤਨ ਕਰਨ ਦੇ ਬਾਵਜੂਦ ਨਹੀਂ ਸਮਝ ਸਕਿਆ। ਅਸਲ ਸਮੱਸਿਆ ਉਸਦੀ ਕਾਬਲੀਅਤ ਨਹੀਂ ਸੀ—ਤੁਲਨਾ ਸੀ।

ਅਸਲ ਜ਼ਿੰਦਗੀ ਦੀ ਆਲੇ-ਦੁਆਲੇ ਦੀ ਵੇਖੀ ਸੱਚਾਈ – ਵੱਡੇ ਇਨਸਾਨ ਦੀ ਜ਼ਿੰਦਗੀ

ਇੱਕ ਕੰਮ ਕਰਦਾ ਵਿਅਕਤੀ ਹਰ ਰੋਜ਼ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਸੀ, ਪਰ ਜਦੋਂ ਉਹ ਸੋਸ਼ਲ ਮੀਡੀਆ ਖੋਲ੍ਹਦਾ—ਦੋਸਤ ਵਿਦੇਸ਼, ਨਵੀਆਂ ਕਾਰਾਂ, ਵੱਡੇ ਘਰ—ਉਹ ਆਪਣੇ ਆਪ ਨੂੰ ਅਸਫਲ ਸਮਝਣ ਲੱਗ ਪਿਆ। ਕਿਸੇ ਨੇ ਨਹੀਂ ਵੇਖਿਆ ਕਿ ਉਹ ਦੋਸਤ ਵੀ ਕਰਜ਼ੇ ਵਿੱਚ ਸੀ, ਤਣਾਅ ਵਿੱਚ ਸੀ। ਇਹ ਸਿਰਫ ਇੱਕ ਇੰਨਸਾਨ ਦੀ ਕਹਾਣੀ ਨਹੀਂ, ਲੱਗਭਗ ਬਹੁਤ ਸਾਰੇ ਆਲ਼ੇ-ਦੁਆਲ਼ੇ ਦੇ ਲੋਕਾਂ ਦੇ ਜੀਵਨ ਦੀ ਸੱਚਾਈ ਵਿਚਰਦੇ ਦੇਖੀ ਮਹਿਸੂਸ ਕੀਤੀ ਹੈ। ਸੋਸ਼ਲ ਮੀਡੀਆ ਸਿਰਫ਼ ਦਿਖਾਉਂਦਾ ਹੈ—ਦੁੱਖ ਛੁਪਾਉਂਦਾ ਹੈ।

ਮਨੋਵਿਗਿਆਨਕ ਸੱਚਾਈ

ਮਨੁੱਖੀ ਦਿਮਾਗ਼ ਕੁਦਰਤੀ ਤੌਰ ‘ਤੇ ਤੁਲਨਾ ਕਰਦਾ ਹੈ। ਪਰ ਜਦੋਂ ਇਹ ਤੁਲਨਾ ਲਗਾਤਾਰ ਹੋਵੇ, ਤਾਂ ਇਹ ਪੈਦਾ ਕਰਦੀ ਹੈ:

  • ਘੱਟ ਆਤਮ-ਵਿਸ਼ਵਾਸ

  • ਅਸੰਤੁਸ਼ਟੀ

  • ਚਿੰਤਾ ਅਤੇ ਡਿਪਰੈਸ਼ਨ ਦੇ ਲੱਛਣ

  • ਆਪਣੇ ਆਪ ਨਾਲ ਨਾਰਾਜ਼ਗੀ

  • ਅੰਦਰੋਂ ਘੁਟਨ

  • ਤੇ ਹੋਰ ਬਹੁਤ ਤਰ੍ਹਾ ਦੀਆਂ ਭਾਵਨਾਵਾਂ ਜੋ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ

ਲੋਕ ਅਕਸਰ ਇਹ ਭੁੱਲ ਜਾਂਦੇ ਹਨ ਕਿ ਸੋਸ਼ਲ ਮੀਡੀਆ ਇੱਕ “ਹਾਈਲਾਈਟ ਰੀਲ” ਹੈ, ਪੂਰੀ ਫਿਲਮ ਨਹੀਂ।

ਝੂਠੀ ਖੁਸ਼ੀ ਦਾ ਦਬਾਅ

ਅੱਜ ਕਈ ਲੋਕ ਖੁਸ਼ ਹੋਣ ਦੀ ਬਜਾਏ ਖੁਸ਼ ਦਿਖਣ ਦੀ ਕੋਸ਼ਿਸ਼ ਕਰਦੇ ਹਨ। ਮੁਸਕਾਨ ਤਸਵੀਰਾਂ ਵਿੱਚ ਹੁੰਦੀ ਹੈ, ਪਰ ਮਨ ਵਿੱਚ ਨਹੀਂ।

ਅਸਲੀ ਖੁਸ਼ੀ ਕੀ ਹੈ? ਅਸਲੀ ਖੁਸ਼ੀ ਸ਼ੋਰ ਵਾਲੀ ਨਹੀਂ ਹੁੰਦੀ।

ਅਸਲੀ ਖੁਸ਼ੀ ਉਹ ਹੁੰਦੀ ਹੈ ਜਦੋਂ:

  • ਮਨ ਸ਼ਾਂਤ ਹੋਵੇ

  • ਨੀਂਦ ਪੂਰੀ ਆਵੇ

  • ਦਿਲ ਸੰਤੁਸ਼ਟ ਹੋਵੇ

  • ਮਨ ਹਲਕਾ ਮਹਿਸੂਸ ਕਰੇ

  • ਆਪਣੇ ਆਪ ਨਾਲ ਸਹਿਮਤ ਹੋਈਏ

ਸੋਸ਼ਲ ਮੀਡੀਆ ਦੇ ਪ੍ਰਭਾਵ ਤੋਂ ਕਿਵੇਂ ਬਚੀਏ

1. ਯਾਦ ਰੱਖੋ – ਹਰ ਪੋਸਟ ਪੂਰੀ ਸੱਚਾਈ ਨਹੀਂ ਹੁੰਦੀ

ਲੋਕ ਆਪਣੀ ਜ਼ਿੰਦਗੀ ਦੇ ਸਿਰਫ਼ ਚੰਗੇ ਪਲ ਦਿਖਾਉਂਦੇ ਹਨ। ਜ਼ਿੰਦਗੀ ਵਿੱਚ ਸੁੱਖ-ਦੁੱਖ ਦੋਨੋਂ ਦਿਨ ਰਾਤ ਵਾਂਗ ਹਨ। ਸੱਚ ਨੂੰ ਸਵੀਕਾਰ ਕਰੋ।

2. ਸਕ੍ਰੀਨ ਟਾਈਮ ਘਟਾਓ – ਅਸਲੀ ਲੋਕਾਂ ਨਾਲ ਸਮਾਂ ਬਿਤਾਉਣਾ ਮਨ ਲਈ ਦਵਾਈ ਹੈ। ਮੋਬਾਈਲ, ਲੈਪਟੌਪ, ਸੋਸ਼ਲ ਮੀਡੀਆ, ਟੈਕਨੋਲੋਜੀ ਦਾ ਇਸਤੇਮਾਲ ਲੋੜ ਅਨੁਸਾਰ ਕਰੋ। ਆਪਣਿਆ ਨਾਲ, ਦੋਸਤਾਂ ਨਾਲ ਸਮਾਂ ਬਿਤਾਓ।

3. ਆਪਣੀ ਜ਼ਿੰਦਗੀ ਦੀ ਕਦਰ ਕਰੋ – ਜੋ ਤੁਹਾਡੇ ਕੋਲ ਹੈ, ਉਹ ਕਿਸੇ ਹੋਰ ਦਾ ਸੁਪਨਾ ਹੋ ਸਕਦਾ ਹੈ। ਆਪਣੇ ਹਿੱਸੇ ਮਿਲੀ ਹਰ ਚੀਜ਼ ਸਰੀਰ, ਘਰ, ਮਕਾਨ, ਦੁਕਾਨ ਆਦਿ ਹਰੇਕ ਵਸਤੂ ਲਈ ਸ਼ੁਕਰਾਨਾ ਕਰੋ ਅਤੇ ਕਦਰ ਕਰੋ।

4. ਤੁਲਨਾ ਨੂੰ ਕਾਬੂ ਕਰੋ – ਤੁਹਾਡੀ ਜ਼ਿੰਦਗੀ ਦੀ ਰਫ਼ਤਾਰ ਤੁਹਾਡੀ ਆਪਣੀ ਹੈ। ਉਦੇਸ਼ ਆਪਣੇ, ਮਨੋਰਥ ਆਪਣੇ, ਸੁਪਨੇ ਖੁਦ ਦੇ, ਜੀਵਨ ਜਾਚ, ਖੁਸ਼ੀ, ਗਮੀ, ਹਰੇਕ ਪਹਿਲੂ ਆਪਣਾ, ਜਦੋਂ ਹਰ ਸਫ਼ਰ ਜ਼ਿੰਦਗੀ ਦਾ ਅਲੱਗ ਅਲੱਗ ਹੈ, ਤਾਂ ਤੁਲਨਾ ਕਰਕੇ ਉਸਨੂੰ ਖਰਾਬ ਨਾ ਕਰੋ।

ਵਿਦਿਆਰਥੀਆਂ ਲਈ ਖਾਸ ਸੁਨੇਹਾ

ਦੋਸਤਾਂ ਦੀਆਂ ਪੋਸਟਾਂ ਤੁਹਾਡੀ ਯੋਗਤਾ ਦਾ ਮਾਪਦੰਡ ਨਹੀਂ ਹਨ। ਹਰ ਪੋਸਟ ਸੱਚ ਨਹੀਂ, ਤੇ ਨਾ ਹੀ ਤੁਹਾਡੇ ਜੀਵਨ ਨਾਲ ਮੇਲ ਖਾਂਦੀ ਹੈ। ਸੁਪਨੇ ਦੇਖਣਾ ਮਾੜਾ ਨਹੀਂ, ਪਰ ਉਹਨਾਂ ਨੂੰ ਹਕੀਕੀ ਰੂਪ ਦੇਣ ਲਈ ਮਿਹਨਤ, ਲਗਨ ਅਤੇ ਸਮਾਂ ਵੀ ਜ਼ਰੂਰੀ ਹੈ। ਸਿਰਫ ਸੋਸ਼ਲ ਮੀਡੀਆ ਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਦੇਖ ਕੇ ਗ਼ਲਤ ਅੰਦਾਜ਼ਾ ਨਹੀਂ ਲਾਉਣਾ ਤੇ ਨਾ ਹੀ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਨੀ ਹੈ। ਹਮੇਸ਼ਾ ਆਪਣੇ ਮਾਰਗ ਤੇ ਚੱਲ ਕੇ, ਆਪਣੇ ਹਾਲਾਤਾਂ ਦਾ ਮੁਕਾਬਲਾ ਕਰਕੇ ਜਿੱਤ ਹਾਸਿਲ ਹੋਵੇਗੀ। ਸੋ ਨਿਰੰਤਰ ਸੱਚਾਈ ਨਾਲ ਆਪਣੀ ਮੰਜ਼ਿਲ ਪ੍ਰਾਪਤ ਕਰਨ ਲਈ ਮਿਹਨਤ, ਲਗਨ, ਇਮਾਨਦਾਰੀ ਨਾਲ ਕੋਸ਼ਿਸ਼ ਕਰਕੇ ਅੱਗੇ ਵੱਧਦੇ ਜਾਣਾ ਹੈ, ਤੇ ਇੱਕ ਗੱਲ ਹੋਰ ਆਪਣੇ ਨਾਲ ਦੇ ਦੋਸਤਾਂ ਨੂੰ ਵੀ ਅੱਗੇ ਵੱਧਣ ਲਈ ਪ੍ਰੇਰਿਤ ਕਰਨਾ ਹੈ। ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।

ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ

ਬੱਚਿਆਂ ਨੂੰ ਇਹ ਸਿਖਾਉਣਾ ਜ਼ਰੂਰੀ ਹੈ ਕਿ ਅਸਲੀ ਜ਼ਿੰਦਗੀ ਸਕ੍ਰੀਨ ਤੋਂ ਬਾਹਰ ਹੈ। ਉਨ੍ਹਾਂ ਨਾਲ ਗੱਲ ਕਰੋ, ਉਨ੍ਹਾਂ ਦੀ ਮਨੋਸਥਿਤੀ ਸਮਝੋ। ਉਹਨਾਂ ਨੂੰ ਸਹੀ ਢੰਗ ਨਾਲ ਸੋਸ਼ਲ ਮੀਡੀਆ, ਟੈਕਨੋਲੋਜੀ, ਵੈੱਬਸਾਈਟਸ, ਐਪਸ ਆਦਿ ਦੇ ਇਸਤੇਮਾਲ ਬਾਰੇ ਗਾਈਡ ਕਰਨਾ ਚਾਹੀਦਾ ਹੈ। ਸੋਸ਼ਲ ਮੀਡੀਆ ਤੇ ਸਭ ਸੱਚ ਨਹੀਂ, ਆਪਣੇ ਤੇ ਭਰੋਸਾ ਕਰਨਾ, ਤੁਲਨਾ ਤੋਂ ਬੱਚਣਾ, ਜੀਵਨ ਵਿੱਚ ਸੱਚ-ਝੂਠ ਦੀ ਪਹਿਚਾਣ ਕਰਨੀ ਆਦਿ ਗੁਣਾਂ ਨੂੰ ਧਾਰਨ ਕਰਨਾ ਸਿਖਾਉਣਾ ਚਾਹੀਦਾ ਹੈ। ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਅਹਿਮ ਹੈ, ਤਾਂ ਜੋ ਸੋਸ਼ਲ ਮੀਡੀਆ ਜਾਂ ਕੋਈ ਹੋਰ ਉਹਨਾਂ ਨੂੰ ਵਰਗਲਾ ਨਾ ਸਕੇ। ਏਨਾ ਜ਼ਿਆਦਾ ਆਪਣੇ ਨਾਲ ਜੋੜਕੇ ਰੱਖਣ ਦੀ ਲੋੜ ਹੈ।

ਨਿਸਕਰਸ਼

ਜਿਸ ਦਿਨ ਅਸੀਂ ਆਪਣੀ ਖੁਸ਼ੀ ਨੂੰ ਦੂਜਿਆਂ ਦੀ ਜ਼ਿੰਦਗੀ ਨਾਲ ਮਾਪਣਾ ਛੱਡ ਦਿੰਦੇ ਹਾਂ, ਉਸ ਦਿਨ ਅਸਲੀ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ।

ਖੁਸ਼ੀ ਲਾਈਕਾਂ ਵਿੱਚ ਨਹੀਂ ਹੁੰਦੀ,

ਖੁਸ਼ੀ ਮਨ ਦੀ ਸੰਤੁਸ਼ਟੀ ਵਿੱਚ ਹੁੰਦੀ ਹੈ।

ਸੋ ਅੰਤ ਵਿੱਚ ਇਹੀ ਕਹਿਣਾ ਚਾਹਵਾਂਗਾ ਕਿ ਜੀਵਨ ਰੂਪੀ ਚੱਕਰ ਵਿੱਚ ਸੁੱਖ-ਦੁੱਖ, ਖੁਸ਼ੀ-ਗਮੀ, ਆਸ਼ਾ-ਨਿਰਾਸ਼ਾ, ਹਾਰ-ਜਿੱਤ ਅਤੇ ਬੇਅੰਤ ਕੁਦਰਤ ਦੇ ਖੇਡ ਚੱਲਦੇ ਹੀ ਰਹਿਣੇ ਹਨ। ਪਰ ਸੋਸ਼ਲ ਮੀਡੀਆ ਤੇ ਝੂਠੀ ਖੁਸ਼ੀ ਲੱਭਣ ਨਾਲੋ ਆਲ਼ੇ ਦੁਆਲ਼ੇ ਨਾਲ ਸਾਂਝ ਪਿਆਰ ਪਾ ਕੇ ਜੀਵਨ ਨੂੰ ਸੁਖਾਲੇ ਜੀਆ ਜਾ ਸਕਦਾ ਹੈ।

ਅਵਤਾਰ ਸਿੰਘ  ਅੰਗਰੇਜ਼ੀ ਮਾਸਟਰ ਕਪੂਰਥਲਾ – 7986364129

Previous articleਰਾਜ ਪੱਧਰੀ ਸਮਾਗਮ ਵਾਲੇ ਸਥਾਨ ਨੂੰ ਜਾਂਦੇ ਰੋਡ ‘ਤੇ ਪੈਂਦੇ ਵਿੱਦਿਅਕ ਅਦਾਰਿਆਂ ‘ਚ 6 ਨੂੰ ਛੁੱਟੀ ਦਾ ਐਲਾਨ
Next article*ਢਾਹਾਂ ਕਲੇਰਾਂ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ*