ਰਾਜਨੀਤਕ ਪ੍ਰੀਵਰਤਨ ਤੋਂ ਪਹਿਲਾਂ ਸਮਾਜਿਕ ਪ੍ਰੀਵਰਤਨ ਕਿਉ ਜਰੂਰੀ?
(ਰਾਜਨੀਤਕ ਚਾਬੀ ਤੇ ਸਮਾਜਿਕ ਸੰਗਠਨ ਤਾਲੇ ਦਾ ਰਾਜ)
ਐਸ ਐਲ ਵਿਰਦੀ ਐਡਵੋਕੇਟ
(ਸਮਾਜ ਵੀਕਲੀ)- ਅੱਜ ਰਾਜਨੀਤਕ ਸਟੇਜਾਂ ਤੋਂ ਡਾਕਟਰ ਅੰਬੇਡਕਰ ਦਾ ਨਾਮ ਲੈ ਕੇ ਲੀਡਰਾਂ ਵਲ੍ਹੋਂ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਰਾਜਨੀਤੀ ਹੀ ਸਭ ਸਮੱਸਿਆਵਾਂ ਦੀ ਚਾਬੀ ਹੈ। ਇਸ ਚਾਬੀ ਨਾਲ ਸਭ ਮਸਲੇ ਹਲ ਹੋ ਸਕਦੇ ਹਨ। ਪਰ ਚਾਬੀ ਲੱਗਦੀ ਕਿੱਥੇ ਹੈ? ਚਾਬੀ ਤਾਲੇ ਵਿਚ ਲੱਗਦੀ ਹੈ। ਇਹ ਠੀਕ ਹੈ ਕਿ ਇਹ ਗੱਲ ਡਾ. ਅੰਬੇੇਡਕਰ ਨੇ ਕਹੀ, ਪਰ ਉਹਨਾਂ ਇਹ ਗਲ ਇੰਨੀ ਹੀ ਨਹੀ ਕਹੀ, ਉਹਨਾਂ ਇਸ ਦੇ ਸਾਥ ਹੀ ਇਹ ਵੀ ਸਪੱਸ਼ਟ ਕੀਤਾ ਸੀ, ‘‘ਇਹ ਠੀਕ ਹੈ ਕਿ ਰਾਜਨੀਤਕ ਸ਼ਕਤੀ ਨਾਲ ਕਈ ਸਮੱਸਿਆਵਾਂ ਨੂੰ ਸੁਲਝਾਈਆ ਜਾ ਸਕਦਾ ਹੈ, ਪਰ ਇਹ ਰਾਜਨੀਤਕ ਲਾਭ, ਦਲਿਤ, ਸ਼ੋਸ਼ਿਤ, ਮਜ਼ਦੂਰ, ਗਰੀਬ ਕਿਸਾਨ, ਔਰਤਾਂ ਨੂੰ ਤਦ ਹੀ ਮਿਲ ਸਕਦਾ ਹੈ ਜਦ ਉਹ ਆਪਣੇ ਆਪ ਨੂੰ ਇਕ ‘ਆਦਰਸ਼ ਸਮਾਜ’ ਵਿਚ ਸੰਗਠਤ ਕਰ ਲੈਣਗੇ।’’ ਬੱਸ! ਇਹ ਆਦਰਸ਼ ਸਮਾਜ ਜਾਂ ‘ਸਮਾਜਿਕ ਸੰਗਠਨ’ ਹੀ ਉਹ ਤਾਲਾ ਹੈ ਜਿੱਥੇ ਡਾ. ਅੰਬੇਡਕਰ ਇਹ ਰਾਜਨੀਤਕ ਚਾਬੀ ਲਗਾਉਣ ਦੀ ਗੱਲ ਕਹਿੰਦੇ ਹਨ।
ਇੰਨਾ ਹੀ ਨਹੀ ਇਹ ਤਾਲਾ-ਚਾਬੀ ਦੀ ਗੱਲ ਡਾ. ਅੰਬੇਡਕਰ ਭੋਲੇ ਭਾਲੇ ਸਮਾਜ ਨੂੰ ਉਦਾਹਰਣਾਂ ਦੇ ਦੇ ਕੇ ਸਮਝਾਉਦੇ ਹਨ, ‘‘ਰਾਜਨੀਤਕ ਸ਼ਕਤੀ ਨਾਲੋਂ ਧਾਰਮਿਕ ਤੇ ਸਮਾਜਿਕ ਸ਼ਕਤੀ ਜਿਆਦਾ ਕਾਰਗਰ ਹੁੰਦੀ ਹੈ। ਧਰਮ ਰਾਜਨੀਤੀ ਨਾਲੋਂ ਲੋਕਾਂ ਦੇ ਵਿਚਾਰਾਂ ਨੂੰ ਵਧੇਰੇ ਪ੍ਰਭਾਵਤ ਕਰਦਾ ਹੈ। ਕਿਉਕਿ ਰਾਜਨੀਤੀ ਸਮਾਜ ਨੂੰ ਤੋੜਦੀ ਹੈ ਜਦ ਕਿ ਧਰਮ ਲੋਕਾਂ ਨੂੰ ਜੋੜਕੇ ਸਮਾਜ ਬਣਾਉਦਾ ਹੈ। ਉਹ ਜ਼ੋਰ ਦੇ ਕੇ ਸਮਝਾਉਦੇ, ‘ਧਾਰਮਿਕ ਤੌਰ ’ਤੇ ਲੋਕਾਂ ਨੂੰ ਬਦਲਣਾ, ਰਾਜਨੀਤੀ ਨਾਲੋਂ ਹਜ਼ਾਰਾਂ ਗੁਣਾਂ ਔਖਾ ਹੈ। ਰਾਜਨੀਤਕ ਪਾਰਟੀ ਜੇ ਉਹਨਾਂ ਦਾ ਸਵਾਰਥ (ਔਹਦਾ ਜਾਂ ਟਿਕਟ) ਨਹੀ ਦਿੰਦੀ ਤਾਂ ਰਾਜਨੀਤਕ ਲੋਕ ਕਿਸੇ ਹੋਰ ਪਾਰਟੀ ਵਿਚ ਚਲੇ ਜਾਂਦੇ ਹਨ, ਪ੍ਰੰਤੂੂ ਧਾਰਮਿਕ/ਸਮਾਜਿਕ ਪਾਸਾ ਬਦਲਣਾ ਸੌਖਾ ਨਹੀ ਹੈ।’’
ਧਰਮ ਲੋਕਾਂ ’ਤੇ ਕਿੰਨੀ ਗਹਿਰੀ ਪਕੜ ਰੱਖਦਾ ਹੈ ਇਸ ਪ੍ਰਤੀ ਸਦੀਆਂ ਤੋਂ ਮਾਨਸਿਕ ਤੌਰ ’ਤੇ ਗੁਲਾਮ ਬਣਾਏ, ਭੋਲੇ ਭਾਲੇ ਲੋਕਾਂ ਨੂੰ ਚੇਤਨ ਕਰਨ ਲਈ, ਡਾ. ਅੰਬੇਡਕਰ ਹੋਰ ਉਦਾਹਰਣਾਂ ਦੇ ਦੇ ਕੇ ਸਮਝਾਉਦੇ ਹਨ, ‘‘ਇਤਿਹਾਸ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਰਾਜਨੀਤਕ ਕ੍ਰਾਂਤੀਆਂ ਹਮੇਸ਼ਾ ਹੀ ਸਮਾਜਿਕ ਅਤੇ ਧਾਰਮਿਕ ਕ੍ਰਾਂਤੀਆਂ ਤੋਂ ਬਾਅਦ ਆਈਆਂ ਹਨ। ਭਾਰਤ ਵਿਚ ਚੰਦਰ ਗੁਪਤ ਦੀ ਰਾਜਸੀ ਕ੍ਰਾਂਤੀ ਤੋਂ ਪਹਿਲਾਂ ਬੁੱਧਾਂ ਦੀ ਧਾਰਮਿਕ ਅਤੇ ਸਮਾਜਿਕ ਕ੍ਰਾਂਤੀ ਆ ਚੁੱਕੀ ਸੀ। ਈਸਾ ਮਸੀਹ ਦੀ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਤੋਂ ਬਾਅਦ ਹੀ ਅੰਗਰੇਜ਼ੀ ਸਾਮਰਾਜ ਪੈਦਾ ਹੋਇਆ। ਅਰਬ ਵਿਚ ਮੁਸਲਮ ਰਾਜ ਦੀ ਸਥਾਪਨਾ ਵੀ ਮੁਹੰਮਦ ਸਾਹਿਬ ਦੀ ਸਮਾਜਿਕ ਅਤੇ ਧਾਰਮਿਕ ਕ੍ਰਾਂਤੀ ਤੋਂ ਬਾਅਦ ਹੋਈ। ਲੂਥਰ ਦਾ ਸ਼ੁਰੂ ਕੀਤਾ ਹੋਇਆ ਧਾਰਮਿਕ ਸੁਧਾਰ ਹੀ ਯੂੂਰਪੀ ਲੋਕਾਂ ਦੀ ਰਾਜਸੀ ਆਜ਼ਾਦੀ ਦਾ ਆਗੂ ਸੀ। ਇੰਗਲੈਂਡ ਵਿਚ ਪਿਉਰਟਨਾ ਦੇ ਕੀਤੇ ਧਾਰਮਿਕ ਸੁਧਾਰ ਹੀ ਰਾਜਸੀ ਆਜ਼ਾਦੀ ਦਾ ਕਾਰਨ ਬਣੇ। ਸ਼ਿਵਾ ਜੀ ਦੀ ਰਾਜਸੀ ਕ੍ਰਾਂਤੀ ਵੀ ਮਹਾਂਰਾਸ਼ਟਰ ਦੇ ਸੰਤਾਂ ਦੁਆਰਾ ਕੀਤੀ ਗਈ ਧਾਰਮਿਕ ਤੇ ਸਮਾਜਿਕ ਕ੍ਰਾਂਤੀ ਤੋਂ ਬਾਅਦ ਹੋਈ। ਸਿੱਖਾਂ ਦੀ ਰਾਜਸੀ ਕ੍ਰਾਂਤੀ ਵੀ ਗੁਰੂ ਨਾਨਕ ਦੇਵ ਜੀ ਦੀ ਲਿਆਂਦੀ ਗਈ ਧਾਰਮਿਕ ਤੇ ਸਮਾਜਿਕ ਕ੍ਰਾਂਤੀ ਤੋਂ ਬਾਅਦ ਆਈ। ਮਤਲਬ ਕੀ ਕਿ ਕਿਸੇ ਸਮਾਜ ਦੇ ਰਾਜਸੀ ਵਿਕਾਸ (ਰਾਜਨੀਤਕ ਚਾਬੀ) ਲਈ ਲੋਕਾਂ ਦੇ ਮਨ ਅਤੇ ਵਿਚਾਰਾਂ ਨੂੰ ਪਹਿਲਾਂ ਬਦਲਣਾ ਜ਼ਰੂਰੀ ਹੈ।’’ (Dr. Baba Sahib Ambedkar, Writings and speeches Vol.1-1979, Page 43-44, Education Dept. Govt, of Maharashtra, Bombay )
ਵਿਦੇਸ਼ੀ ਹਮਲਾਵਰ ਰਾਜਿਆਂ ਦਾ ਵੀ ਇਹੀ ਅਨੁਭਵ ਹੈ ਕਿ ਕੇਵਲ ਮੈਦਾਨੀ ਜੰਗ (ਚੋਣ) ਜਿੱਤ ਲੈਣ ਨਾਲ ਹੀ ਸਥਾਈ ਰਾਜਨੀਤਕ ਸੱਤਾ ਦੀ ਸਥਾਪਨਾ ਨਹੀਂ ਕੀਤੀ ਜਾਂਦੀ? ਦੁਸ਼ਮਣ ਦੀਆਂ ਫੌਜਾਂ ਜਾਂ ਅੱਜ ਵਿਰੋਧੀ ਪਾਰਟੀਆਂ ਨੂੰ ਜਿੱਤਣਾ ਅਸਾਨ ਹੈ, ਪ੍ਰੰਤੂੂ ਜਨਤਾ ਦੀਆਂ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਭਾਵਨਾਵਾਂ ਨੂੰ ਜਿੱਤਣਾ ਅਤਿ ਕਠਿਨ ਕੰਮ ਹੈ। ਮੁਗਲ ਅਤੇ ਅੰਗਰੇਜ਼ ਫੌਜਾਂ, ਹਿੰਦੂ ਰਾਜਿਆਂ ਨਾਲ ਯੁੁੱਧ ਕਰਕੇ ਜਿੱਤਦੀਆਂ ਰਹੀਆਂ, ਉਹ ਰਾਜਨੀਤਕ ਸ਼ਕਤੀ ਪ੍ਰਾਪਤ ਕਰਕੇ ਸ਼ਾਸ਼ਕ ਬਣਦੇ ਰਹੇ, ਪ੍ਰੰਤੂੂ ਉਹਨਾਂ ਪਾਸ ਰਾਜਨੀਤਕ ਸ਼ਕਤੀ ਹੁੰਦੇ ਹੋਏ ਵੀ ਉਹ ਕੋਈ ਸਮਾਜਿਕ ਪ੍ਰੀਵਰਤਨ ਨਹੀ ਕਰ ਸਕੇ? ਕਿਉਕਿ ਜਦ ਉਹ ਭਾਰਤੀ ਧਰਮ, ਸਮਾਜ ਅਤੇ ਸਭਿਆਚਾਰ/ਸੰਸਕ੍ਰਿਤੀ ਨੂੰ ਬਦਲਣ ਦਾ ਮੁੱਦਾ ਉਠਾਉਦੇ ਤਾਂ ਉਹ ਹਿੰਦੂ ਧਰਮ/ਸਮਾਜ ਦੀ ਬਗਾਵਤ ਵੇਖ ਕੇ ਡੋਲ ਜਾਂਦੇ ਸਨ। ਇਸ ਕਰਕੇ ਹੀ ਉਹ ਭਾਰਤ ਦੀ ਮਨੂੰਵਾਦੀ ਵਰਣ-ਵਿਵਸਥਾ ਵਿਚ ਕੋਈ ਬੁਨਿਆਦੀ ਪ੍ਰੀਵਰਤਨ ਨਹੀਂ ਲਿਆ ਸਕੇ ਮੁਗਲਾਂ ਦੇ 1200 ਸਾਲ ਤੇ ਅੰਗਰੇਜ਼ਾਂ ਦੇ ਦੋ ਸੋ ਸਾਲ ਦੇ ਰਾਜ ਵਿਚ ਰਾਜਾ ਰਾਣੀ ਦੇ ਪੇਟੋਂ ਜੰਮਦਾ ਰਿਹਾ ਤੇ ਘਾਈ ਦਾ ਪੁੱਤ ਘਾਹ ਹੀ ਖੋਤਦਾ ਰਿਹਾ। ਸਿੱਟੇ ਵਜੋਂ ਦਲਿਤ-ਅਛੂਤ, ਨੀਚ ਤੇ ਗੁਲਾਮ ਪੈਦਾ ਹੁੰਦੇ, ਅਛੂਤ ਨੀਚ ਤੇ ਗੁਲਾਮ ਰਹਿ ਹੀ ਵੱਡੇ ਹੁੰਦੇ ਤੇ ਅਛੂਤ ਨੀਚ ਤੇ ਗੁਲਾਮ ਹੀ ਮਰਦੇ ਰਹੇ ਅਤੇ ਪੀੜ੍ਹੀ ਦਰ ਪੀੜ੍ਹੀ ਇਹੀ ਹੁੰਦਾ ਰਿਹਾ। ਹਜ਼ਾਰਾਂ ਸਾਲ ਸੱਤਾ ਤੇ ਸੱਤਾ ਤਾਂ ਬਦਲਦੀ ਗਈ, ਕੁੁਝ ਹੱਦ ਤੱਕ ਸਾਧਨ ਵੀ ਬਦਲੇ, ਪ੍ਰੰਤੂੂ ਮਨੂੰਵਾਦੀ ਸਮਾਜ ਵਿਵਸਥਾ ਜਿਉਂ ਦੀ ਤਿਉਂ ਬਣੀ ਰਹੀ। ਕਿਉਕਿ ਮੁਸਲਮਾਨ/ਅੰਗਰੇਜ਼ਾਂ ਪਾਸ ਸਿਰਫ਼ ਰਾਜਨੀਤਕ ਚਾਬੀ ਹੀ ਸੀ।
ਇੱਥੇ ਇਹ ਵੀ ਜਿਕਰਯੋਗ ਹੈ ਕਿ 1828 ਤੋਂ ਲੈ ਕੇ 1856-57 ਦਰਮਿਆਨ ਲਾਰਡ ਵਿਲੀਅਮ ਬਿੰਟਿਕ, ਲਾਰਡ ਡਲਹੌਜ਼ੀ, ਕੈਨਿੰਗ ਅੰਗਰੇਜ਼ ਸ਼ਾਸ਼ਕਾਂ ਨੇ ਰਾਜਨੀਤਕ ਸੱਤਾ ਸੰਭਾਲਦਿਆ ਹੀ ਹਿੰਦੋਸਤਾਨ ਦੇ ਰਿਆਸਤੀ ਰਾਜਿਆਂ, ਸਮੰਤਾਂ, ਪ੍ਰੋਹਿਤਾਂ ਅਤੇ ਮੌਲਵੀਆਂ ਦੇ ਅਧਿਕਾਰ (ਪ੍ਰਿਵੀਪ੍ਰਸ-ਭੱਤੇ ਆਦਿ ਬੰਦ ਕਰ ਦਿੱਤੇ ਸਨ ਅਤੇ ਉਹਨਾਂ ਹਿੰਦੂ ਸਮਾਜ ਵਿੱਚ ਚਲੀਆਂ ਆ ਰਹੀਆਂ ਅੰਧਵਿਸ਼ਵਾਸੀ ਸਮਾਜਿਕ ਬੁਰਾਈਆਂ, ਜਿਵੇਂ, ‘ਸਤੀ ਪ੍ਰਥਾ, ਵਿਧਵਾ ਪ੍ਰਥਾ, ਬਾਲ ਵਿਆਹ, ਕੁੜੀਆਂ ਦੀ ਹੱਤਿਆ, ਦੇਵ ਦਾਸੀ-ਪ੍ਰਥਾ, ਰੱਥ-ਪ੍ਰੱਥਾ, ਅਨੁਲੂਮਾ-ਪ੍ਰਥਾ, ਕਾਂਸ਼ੀ ਕਰਵਟ-ਪ੍ਰਥਾ, ਗੰਗਾ ਪ੍ਰਵਾਹ-ਪ੍ਰਥਾ, ਚਰਕ-ਪ੍ਰਥਾ, ਮਹਾਂ ਪ੍ਰਸਥਾਨ-ਪ੍ਰਥਾ, ਤੁਸ਼ਾਨਲ-ਪ੍ਰਥਾ, ਹਰੀ ਬੋਲ-ਪ੍ਰਥਾ, ਨਰਬਲੀ-ਪ੍ਰਥਾ, ਪਰਦਾ-ਪ੍ਰਥਾ, ਦਹੇਜ਼-ਪ੍ਰਥਾ, ਕੁਰਰ (ਠੱਗੀ) ਪ੍ਰਥਾ, ਜਾਤੀ-ਪ੍ਰਥਾ ਤੇ ਮੁਸਲਮਾਨਾਂ ਦੇ ਔਰਤਾਂ ਨਾਲ ਭੇਦ ਭਾਵ ਤੇ ਅੰਧਵਿਸ਼ਵਾਸੀ ਧਾਰਮਿਕ-ਸਮਾਜਿਕ ਸੰਸਕਾਰਾਂ ਤੇ ਪ੍ਰੰਪਰਾਵਾਂ ਉਤੇ ਪਾਬੰਦੀਆਂ ਲਾ ਕੇ ਜਦ ਸਮਾਜ ਨੂੰ ਬਦਲਣਾ ਚਾਹਿਆ ਤਾਂ ਮਨੂੰਵਾਦੀ ਪ੍ਰੋਹਿਤਾਂ ਤੇ ਮੌਲਵੀਆਂ ਨੇ ਇਕੱਠੇ ਹੋ ਕੇ ਆਪਣੇ ਰਿਆਸਤੀ ਰਾਜਿਆਂ ਦੀਆਂ ਫੌਜਾਂ ਤੇ ਆਮ ਲੋਕਾਂ ਨੂੰ ਅੰਗਰੇਜ਼ਾਂ ਦੇ ਖਿਲਾਫ ਇਹ ਕਹਿ ਕਿ, ‘‘ਧਰਮ-ਸਮਾਜ ਖਤਰੇ ਵਿੱਚ ਹੈ’’ ਦਾ ਨਾਹਰਾ ਲਾ ਕੇ ਹਿੰਦੂ-ਮੁਸਲਮਾਨਾਂ ਨੂੰ ਅੰਗਰੇਜ਼ ਰਾਜਨੀਤਕ ਸ਼ਾਸ਼ਕਾਂ ਦੇ ਖਿਲਾਫ਼ ਭੜਕਾ ਦਿੱਤਾ ਸੀ ਤਾਂ ਹਿੰਦੂ-ਮੁਸਲਮਾਨਾਂ ਦਾ ਇਹ ਵਿਦਰੋਹ ਬ੍ਰਿਟਿਸ਼ ਅੰਗਰੇਜ ਰਾਜ ਦੇ ਖਿਲਾਫ਼ ‘1857 ਦੇ ਗਦਰ’ ਦਾ ਰੂਪ ਧਾਰ ਗਿਆ ਸੀ।
ਹਿੰਦੂ-ਮੁਸਲਮਾਨਾਂ ਦੇ 1857 ਦੇ ਧਾਰਮਿਕ-ਸਮਾਜਿਕ ਵਿਦਰੋਹ ਤੋਂ ਬ੍ਰਿਟਿਸ਼ ਸਰਕਾਰ ਡਰ ਗਈ। ਸਮਾਜਿਕ ਵਿਦਰੋਹ ਕਾਰਨ, ਅੰਗਰੇਜਾਂ ਦਾ ਜਾਨ ਤੇ ਮਾਲ ਦਾ ਬਹੁਤ ਭਾਰੀ ਨੁਕਸਾਨ ਹੁੰਦਾ ਦੇਖ, ਬ੍ਰਤਾਨਵੀ ਮਹਾਂਰਾਣੀ ਨੇ ਇਕ ਦਮ ਐਲਾਨ ਕੀਤਾ ਕਿ ਬ੍ਰਿਟਿਸ਼ ਸਰਕਾਰ ਕਿਸੇ ਵੀ ਫਿਰਕੇ ਦੇ ਧਾਰਮਿਕ-ਸਮਾਜਿਕ ਮਾਮਲਿਆਂ ’ਚ ਦਖਲ ਨਹੀਂ ਦੇਵੇਗੀ। ਤਦ ਜਾ ਕੇ 1856-57 ਦਾ ਵਿਦਰੋਹ ਠੰਡਾ ਪਿਆ ਸੀ। ਫਿਰ ਬ੍ਰਿਟਿਸ਼ ਸਰਕਾਰ ਨੇ ‘ਇੰਡੀਅਨ ਕੌਂਸਲ ਐਕਟ-1861’ ਪਾਸ ਕਰਕੇ, ਭਾਰਤੀਆਂ ਨੂੰ ਰਾਜ ਭਾਗ ਵਿਚ ਹਿੱਸੇਦਾਰੀ ਦੇ ਅਧਿਕਾਰ ਦੇਣੇ ਸ਼ੁਰੂ ਕੀਤੇ। ਫਿਰ ਭਾਰਤੀਆਂ ਦੇ ਦਿਲਾਂ ਵਿੱਚ ਸੁਲਘ ਰਹੇ ਧਾਰਮਿਕ-ਸਮਾਜਿਕ ਵਿਦਰੋਹ ਨੂੰ ਸ਼ਾਂਤ ਕਰਨ ਵਾਸਤੇ ਇੱਕ ਅੰਗਰੇਜ ਏ. ਓ. ਹਿਓਮ ਰਾਹੀ, ਕੁੱਝ ਹਿੰਦੂ-ਮੁਸਲਮਾਨ ਆਗੂਆਂ ਨੂੰ ਨਾਲ ਮਿਲਾਕੇ 1885 ਈ. ਵਿੱਚ ‘ਕਾਂਗਰਸ’ ਨਾਂ ਦਾ ਰਾਜਨੀਤਕ ਸੰਗਠਨ ਬਣਾਕੇ ਹਿੰਦੂ-ਮੁਸਲਮਾਨ ਧਾਰਮਿਕ-ਸਮਾਜਿਕ ਆਗੂਆਂ ਨੂੰ ਰਾਜਨੀਤੀ ਦੀ ਚੇਤਕ ਲਾ ਦਿੱਤੀ ਤਾਂ ਹਿੰਦੂ-ਮੁਸਲਮਾਨ ਆਗੂ ਰਾਜਨੀਤੀ ’ਚ ਮਗਨ ਰਹਿਣ ਲੱਗੇ।
ਫਿਰ ਅੰਗਰੇਜ਼ ਰਾਜਨੀਤਕ ਸ਼ਾਸ਼ਕਾਂ ਨੇ ਸਮਾਜ ਵਿਚ ਆਪਣੀ ਗਿਣਤੀ ਤੇ ਸਰਦਾਰੀ ਵਧਾਉਣ ਲਈ ਮੇਹਨਤਕਸ਼ ਸਭ ਵਰਗਾਂ-ਦਲਿਤ ਸ਼ੋਸ਼ਿਤ ਮਜ਼ਦੂਰ ਕਿਸਾਨ ਤੇ ਔਰਤਾਂ ਲਈ ਸਿੱਖਿਆ ਦੇ ਦਰਵੱਜੇ ਖੋਲ੍ਹ ਦਿੱਤੇ। ਕਲਕੱਤਾ, ਮਦਰਾਸ ਤੇ ਬੰਬਈ ’ਚ ਤਿੰਨ ਯੂਨੀਵਰਸਟੀਆਂ ਸਥਾਪਤ ਕਰ ਦਿੱਤੀਆਂ। ਆਵਾਜਾਈ ਲਈ ਰੇਲਾਂ ਦਾ ਜਾਲ ਵਿਛਾ ਦਿੱਤਾ। ਕਮਿਨੀਕੇਸ਼ਨ ਲਈ ਡਾਕ ਘਰ, ਟੈਲੀਗ੍ਰਾਫ ਦੀਆਂ ਤਾਰਾਂ ਵਿਛਾ ਦਿੱਤੀਆਂ। ਲੋਕਾਂ ਦੇ ਸੁੱਖ-ਸਵਿਧਾ ਲਈ ਅਣਗਿਣਤ ਸਕੀਮਾਂ ਦੀ ਸ਼ੁਰੂਆਤ ਕੀਤੀ। ਪਰ ਅੰਗਰੇਜ਼ ਰਾਜਨੀਤਕ ਸ਼ਾਸ਼ਕਾਂ ਨੇ ਮਨੂੰਵਾਦ ਦੀਆਂ ਉਪਰੋਕਤ ਧਾਰਮਿਕ=ਸਮਾਜਿਕ ਕੁਰੀਤੀਆਂ, ਜਿਹਨਾਂ ਕਰਕੇ ਧਾਰਮਿਕ-ਸਮਾਜਿਕ ਵਿਦਰੋਹ ਭੜਕ ਪਿਆ ਸੀ ਉਹਨਾਂ ਕੋਈ ਰੁਚੀ ਨਾ ਵਿਖਾਈ, ਕਿਉਕਿ ਅਜਿਹਾ ਕਰਨ ਨਾਲ ਉਨ੍ਹਾਂ ਨੂੰ 1856-57 ਵਰਗੀ ਬਗਾਵਤ ਹੋਣ ਦਾ ਖਤਰਾ ਦਿੱਖਦਾ ਸੀ।
ਡਾਕਟਰ ਅੰਬੇਡਕਰ ਆਪਣੀ ਪੁਸਤਕ, ‘ਰਾਨਾਡੇ, ਗਾਂਧੀ ਅਤੇ ਜਿਨਾਹ’ ਵਿਚ ਲਿੱਖਦੇ,‘‘ਮੇਰੀ ਦਿ੍ਸ਼ਟੀ ਵਿਚ ਸਮਾਜ ਸੁਧਾਰ ਦਾ ਕੰਮ, ਰਾਜਨੀਤਕ ਸੁਧਾਰ ਨਾਲੋਂ ਜ਼ਿਆਦਾ ਮਹੱਤਵਪੂਰਨ ਹੈ। ਕਿਉਕਿ ਰਾਜਨੀਤੀ ਨੇ ਭਾਰਤ ਦੀ ਜਨਤਾ ਨੂੰ ਆਪਣੀ ਪਕੜ ਵਿੱਚ ਜ਼ਕੜ ਰੱਖਿਆ ਹੈ। ਭਾਰਤ ਵਿਚ ਰਾਜਨੀਤੀ ਅੱਜ ਇੱਕ ‘ਨਸ਼ਾ’ ਬਣ ਗਈ ਹੈ। ਜਿੰਨ੍ਹਾਂ ਜਿਆਦਾ ਇਸ ਰਾਜਨੀਤਕ ਨਸ਼ੇ ਨੂੰ ਮਨੁੱਖ ਵਧਾਉਣਗੇ, ਉਨ੍ਹੀ ਹੀ ਉਹਨਾਂ ਦੀ ਲਾਲਸਾ ਵੱਧਦੀ ਜਾਵੇਗੀ।’’
ਡਾ. ਅੰਬੇਡਕਰ ਕਹਿੰਦੇ, ‘‘ਜਿਸ ਦੇਸ਼ ਵਿੱਚ ਸਮਾਜਿਕ ਕ੍ਾਂਤੀ ਤੋਂ ਪਹਿਲਾਂ ਰਾਜਨੀਤਕ ਕ੍ਰਾਂਤੀ ਹੋ ਵੀ ਜਾਂਦੀ ਹੈ, ਉਥੇ ਫਾਇਦੇ ਦੀ ਥਾਂ ਨੁਕਸਾਨ ਜਿਆਦਾ ਹੁੰਦਾ ਹੈ। ਕਿਉਕਿ ਸਮਾਜਿਕ ਕ੍ਰਾਂਤੀ ਤੋਂ ਬਿਨਾਂ ਰਾਜਨੀਤਕ ਕ੍ਰਾਂਤੀ ਹੋਣ ’ਤੇ ਸੱਤਾ ਉਚ ਵਰਗ ਲੋਟੂਆਂ ਦੇ ਹੱਥਾਂ ਵਿੱਚ ਚਲੇ ਜਾਂਦੀ ਹੈ। ਉਹ ਹੋਰ ਸਮਝਾਉਦੇ, ‘ਕਿਸੇ ਵੀ ਦੇਸ਼ ਵਿੱਚ ਜੇਕਰ ਸਮਾਜਿਕ ਅਸਮਾਨਤਾਵਾਂ ਰਹਿੰਦੇ ਹੋਏ ਉਹ ਦੇਸ਼ ਆਜ਼ਾਦ ਹੋ ਵੀ ਜਾਂਦਾ ਹੈ, ਤਾਂ ਉਹੀ ਉਚਾ ਵਰਗ ਰਾਜ ਕਰਦਾ ਹੈ ਅਤੇ ਉਹ ਆਪਣੀ ਧਾਰਮਿਕ-ਸਮਾਜਿਕ ਹੈਂਂਕੜ ਦੀ ਰੱਖਿਆ ਕਰਨ ਲਈ ਸੱਤਾ ਦੀ ਦੁਰਵਰਤੋਂ ਵੀ ਕਰਦਾ ਹੈ। ਲੋਟੂਆਂ ਦੀ ਚੜ੍ਹ ਹੋਰ ਮਚ ਜਾਂਦੀ ਹੈ। ਭਿ੍ਸ਼ਟਾਚਾਰ ਵੱਧਦਾ ਹੈ। ਸਾਡੇ ਦੇਸ਼ ਵਿੱਚ ਅਜਿਹਾ ਹੀ ਹੋਇਆ ਹੈ। ਦੇਸ਼ ਦੇ ਰਾਜਨੀਤਕ ਤੌਰ ਤੇ ਆਜ਼ਾਦ ਹੋਣ ਤੇ ਸਮਾਜ ਵਿਚ ਜਾਤੀਵਾਦ, ਪੂੰਜੀਵਾਦ, ਭਾਸ਼ਾਵਾਦ, ਪ੍ਰਾਂਤਵਾਦ, ਖੇਤਰਵਾਦ, ਭੇਦਭਾਵਵਾਦ, ਵਰਗਵਾਦ ਆਦਿ ਸਾਰੇ ਤੇਜ਼ ਗਤੀ ਨਾਲ ਵਧੇ ਹਨ ਅਤੇ ਇਸ ਸਭ ਦਾ ਨਤੀਜਾ ਉਚ ਵਰਗ ਦੇ ਪੱਖ ਵਿੱਚ ਹੀ ਗਿਆ ਹੈ।’’
ਉਹਨਾਂ ਕਿਹਾ, ‘‘ਭਾਰਤ ’ਚ ਰਾਜਨੀਤਕ ਅਜ਼ਾਦੀ ਬਾਰੇ ਆਮ ਰਾਇ ਇਹ ਹੈ ਕਿ ਜੇਕਰ ਅਧਿਕਾਰ ਸੰਵਿਧਾਨ ਵਿੱਚ ਅੰਕਤ ਹੋ ਜਾਂਦੇ ਹਨ ਤਾਂ ਉਹ ਸੁਰੱਖਿਅਤ ਹੋ ਜਾਂਦੇ ਹਨ। ਜਦਕਿ ਇਹ ਇੱਕ ਖੋਖਲੀ ਰਾਇ/ਦਲੀਲ ਹੈ। ਤਜ਼ਰਬਾ ਤਾਂ ਇਹ ਸਾਹਮਣੇ ਆਇਆ ਹੈ ਕਿ ਅਧਿਕਾਰਾਂ ਦੀ ਰੱਖਿਆ, ਕਾਨੂੰਨ ਦੁਆਰਾ ਨਹੀਂ ਸਗੋਂ ਸਮਾਜਿਕ ਸੰਗਠਨ ਤੇ ਨੈਤਿਕ ਚੇਤਨਾ ਦੁਆਰਾ ਹੁੰਦੀ ਹੈ, ਜੇਕਰ ਸਮਾਜ ਵਿਚ ਚੇਤਨਾ ਇਹ ਭਾਰੂ ਹੋ ਜਾਂਦੀ ਹੈ ਕਿ ਸਭ ਬਰਾਬਰ ਹਨ, ਕੋਈ ਉੱਚਾ-ਨੀਵਾਂ ਨਹੀ, ਅਧਿਕਾਰ ਜੋ ਸੰਵਿਧਾਨ ਵਿਚ ਅੰਕਤ ਹਨ ਉਹ ਸਭ ਲਈ ਹਨ, ਤਾਂ ਅਧਿਕਾਰ ਸੁਰੱਖਿਅਤ ਰਹਿ ਸਕਦੇ ਹਨ। ਪਰ ਜੇਕਰ ਇਹਨਾਂ ਸੁਰੱਖਿਅਤ ਅਧਿਕਾਰਾਂ ਦਾ ਦੂਜੇ ਕਿਸੇ ਵਰਗ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤਾਂ ਕੋਈ ਵੀ ਕਾਨੂੰਨ, ਕੋਈ ਸੰਸਦ, ਕੋਈ ਨਿਆਂਪਾਲਿਕਾ, ਕੋਈ ਨਗਰਪਾਲਿਕਾ ਅਧਿਕਾਰਾਂ ਦੀ ਸੁਰੱਖਿਅਤਾ ਦੀ ਗਰੰਟੀ ਨਹੀਂ ਦੇ ਸਕਦੀ।’’ ਉਹ ਕਹਿੰਦੇ, ‘‘ਰਾਜਨੀਤਕ ਲੋਕਤੰਤਰੀ ਰਾਜ ਲਈ, ਲੋਕਤੰਤਰੀ ਸਮਾਜ ਦਾ ਹੋਣਾ ਬਹੁਤ ਜ਼ਰੂਰੀ ਹੈ। ਉਵੇਂ ਰਸਮੀ ਪ੍ਜਾਤੰਤਰੀ ਢਾਂਚੇ (ਰਾਜਨੀਤਕ ਲੋਕਤੰਤਰ) ਦਾ ਕੋਈ ਮਹੱਤਵ ਨਹੀਂ ਹੈ, ਜੇਕਰ ਸਮਾਜਿਕ ਲੋਕਤੰਤਰ ਨਹੀਂ ਹੈ ਤਾਂ ਰਾਜਨੀਤਕ ਲੋਕਤੰਤਰ ਵੀ ਗ਼ੈਰ-ਉਪਯੋਗੀ ਹੋਵੇਗਾ?’’ (Dr. Baba Sahib Ambedkar, Writings and speeches Vol.1-1979, Page 221-222, Education Dept. Govt, of Maharashtra, Bombay )
ਡਾ. ਅੰਬੇਡਕਰ ਦੇ ਉਪਰੋਕਤ ਵਿਚਾਰਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਨੇ ਰਾਜਨੀਤਕ ਸ਼ਕਤੀ ਤੋਂ ਜ਼ਿਆਦਾ ਸਮਾਜਿਕ ਸ਼ਕਤੀ ਨੂੰ ਮੰਨਿਆ ਹੈ। ਪਰ ਲੀਡਰ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਡਾ. ਅੰਬੇਡਕਰ ਦੇ ਰਾਜਨੀਤਕ ਕ੍ਰਾਂਤੀ ਤੋਂ ਪਹਿਲਾਂ ਸਮਾਜਿਕ ਕ੍ਰਾਂਤੀ ਦੇ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕਰਕੇ, ਉਹਨਾਂ ਦੇ ਵਿਚਾਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ। ਜਦਕਿ ਡਾ. ਅੰਬੇਡਕਰ ਕਹਿੰਦੇ, ‘‘ਸਾਨੂੰ ਇਸ ਗੱਲ ਨੂੰ ਭੁੱਲਣਾ ਨਹੀ ਚਾਹੀਦਾ ਕਿ ਇਸ ਦੇਸ਼ ਦਾ ਰਾਜਨੀਤਕ ਢਾਂਚਾ, ਸਮਾਜਿਕ ਢਾਂਚੇ ਉਤੇ ਨਿਰਭਰ ਹੈ। ਜਿਹੋ ਜਿਹਾ ਸਮਾਜਿਕ ਢਾਂਚਾ ਹੋਵੇਗਾ ਉਹੋ ਜਿਹਾ ਹੀ ਰਾਜਨੀਤਕ ਢਾਂਚਾ ਹੋਵੇਗਾ। ਸਮਾਜ ਵਿਚ ਜੋ ਵਰਗ ਪ੍ਰਭਾਵਸ਼ਾਲੀ ਹੈ, ਉਹ ਹੀ ਰਾਜ ਸੱਤਾ ਵਿੱਚ ਪ੍ਰਭਾਵੀ ਹੈ ਅਤੇ ਜੋ ਵਰਗ ਸਮਾਜ ਦੀ ਰਚਨਾ ਵਿੱਚ ਨੀਵਾਂ ਹੈ, ਉਹ ਹੀ ਰਾਜਨੀਤਕ ਪ੍ਣਾਲੀ ਵਿੱਚ ਵੀ ਨੀਵਾਂ ਹੈ। ਜੇਕਰ ਸਮਾਜ ਵਿਚ ਬ੍ਰਾਹਮਣ, ਬਾਣੀਆਂ (ਮਨੂੰਵਾਦ) ਉਪਰ ਹੈ ਤਾਂ ਉਹ ਰਾਜ ਸੱਤਾ ਵਿੱਚ ਵੀ ਉਪਰ ਹੈ। ਦਲਿਤ ਸਮਾਜ ਵਿੱਚ ਹੇਠਾਂ ਹਨ, ਇਸ ਲਈ ਹੀ ਉਹ ਰਾਜ ਸੱਤਾ ਵਿੱਚ ਵੀ ਹੇਠਾਂ ਹਨ। ਉਹਨਾਂ ਕਿਹਾ ਦਲਿਤਾਂ ਨੂੰ ਤਦ ਹੀ ਰਾਜ ਭਾਗ ਵਿੱਚ ਹਿੱਸੇਦਾਰੀ ਮਿਲੇਗੀ ਜਦ ਉਹ ਬਾਕੀਆਂ-ਮੁਸਲਮਾਨ, ਸਿੱਖ, ਇਸਾਈਆਂ ਵਾਂਗ ਆਪਣੇ ਆਪ ਨੂੰ ਧਾਰਮਿਕ-ਸਮਾਜਿਕ ਤੌਰ ’ਤੇ ਸੰਗਠਨ ਕਰ ਲੈਣਗੇ।’’ (Dr. Baba Sahib Ambedkar, Writings and speeches Vol.1-1979, Page 223, Education Dept. Govt, of Maharashtra, Bombay )
ਡਾ. ਅੰਬੇਡਕਰ ਕਹਿੰਦੇ, ‘‘ਰਾਜਨੀਤਕ ਕ੍ਰਾਂਤੀ ਅਤੇ ਰਾਜਨੀਤਕ ਸੱਤਾ ਵਿੱਚ ਵੀ ਅੰਤਰ ਹੈ। ਰਾਜਨੀਤਕ ਕ੍ਰਾਂਤੀ ਉਸ ਵੇਲੇ ਹੀ ਹੋ ਸਕਦੀ ਹੈ ਜਦੋਂ ਪਾਰਟੀ ਆਪਣੀ ਹੋਵੇ, ਵਿਚਾਰਧਾਰਾ ਆਪਣੀ ਹੋਵੇ, ਨੁਮਾਇੰਗੀ ਆਪਣੀ ਹੋਵੇ, ਬਹੁਮਤ ਆਪਣਾ ਹੋਵੇ ਅਤੇ ਫੈਸਲੇ ਕਰਨ ਵਾਲੇ ਵੀ ਅਸੀਂ ਆਪ ਹੋਈਏ। ਉਹ ਉਦਾਹਰਣ ਦੇ ਕੇ ਸਮਝਾਉਦੇ ਕਿ ਸਮਰਾਟ ਅਸ਼ੋਕ ਦਾ ਰਾਜ ਬੁੱਧਾਂ ਦੀ ਸਮਾਜਿਕ ਧੱਮ ਕ੍ਰਾਂਤੀ ਤੋਂ ਬਾਅਦ ਹੀ ਸੰਭਵ ਹੋਇਆ।’’
ਡਾ. ਅੰਬੇਡਕਰ ਇਕ ਹੋਰ ਉਦਾਹਰਣ ਦੇ ਕੇ ਸਮਝਾਉਦੇ ਹਨ, ‘‘ਰਾਜਨੀਤੀ ਇਕ ਮੰਦਰ ਦੇ ਕਲਸ਼ ਵਾਂਗ ਹੈ। ਕਲਸ਼ ਦੂਰ ਤੋਂ ਚਮਕਦਾ ਹੈ। ਇਸ ਲਈ ਹਰ ਕੋਈ ਉਸ ਵੱਲ੍ਹ ਖਿੱਚਿਆ ਜਾਂਦਾ ਹੈ ਕਿ ਮੈਂ ਵੀ ਇਸ ਵਿਚ ਚਮਕਾਂ। ਪਰ ਰਾਜਨੀਤਕ ਲੋਕ ਇਹ ਭੁੱਲ ਜਾਂਦੇ ਹਨ ਕਿ ਉਸ ਕਲਸ਼ ਦੇ ਥੱਲੇ ਮੰਦਰ ਹੈ, ਮੰਦਰ ਦੇ ਥੱਲੇ ਉਸ ਦੀ ਨੀਂਹ ਹੈ ਅਤੇ ਨੀਂਹ ਦੇ ਵਿਚ ਮਜ਼ਬੂਤ ਪੱਥਰ ਹੁੰਦੇ ਹਨ। ਜਿਹਨਾਂ ’ਤੇ ਕੋਈ ਸਲਾਭਾ-ਪਾਣੀ ਮਾਰ ਨਹੀ ਕਰ ਸਕਦਾ। ਪਰ ਇਹ ਪੱਥਰ ਦਿੱਸਦੇ ਨਹੀਂ। ਇਸ ਦਾ ਮਤਲਬ ਇਹ ਨਹੀਂ ਕਿ ਪੱਥਰ ਉਥੇ ਹੁੰਦੇ ਹੀ ਨਹੀਂ। ਡਾ. ਅੰਬੇਡਕਰ ਕਹਿੰਦੇ ਜੇਕਰ ਅਸੀਂ ਆਪਣੇ ਸਮਾਜ ਦਾ ਰਾਜਨੀਤਿਕ ਕਲਸ਼ ਚਮਕਾਉਣਾ ਹੈ ਤਾਂ ਪਹਿਲਾਂ ਸਾਨੂੰ ਕਿਸੇ ਨਾ ਕਿਸੇ ਨੂੰ ਨੀਂਹ ਦਾ ਪੱਥਰ ਬਣਨਾ ਹੀ ਪਵੇਗਾ। ਜਿਸ ਸਮਾਜ ਦੀ ਨੀਂਹ ਦੇ ਪੱਥਰ ਨਹੀਂ ਹੁੰਦੇ, ਉਸ ਸਮਾਜ ਦਾ ਰਾਜਨੀਤਿਕ ਕਲਸ਼ ਵੀ ਨਹੀਂ ਚਮਕ ਸਕਦਾ।’’ ਉਹਨਾਂ ਕਿਹਾ, ‘‘ਜਿੰਨਾਂ ਸਮਾਜਿਕ ਪਰਿਵਰਤਨ ਹੋਵੇਗਾ, ਉਨ੍ਵਾਂ ਹੀ ਰਾਜਨੀਤਿਕ ਪਰਿਵਰਤਨ ਹੋਵੇਗਾ। ਇਸ ਲਈ ਰਾਜਨੀਤਕ ਪ੍ਰੀਵਰਤਨ ਤੋਂ ਪਹਿਲਾਂ ਸਮਾਜ ਨੂੰ ਸਮਾਜਿਕ ਪਰਿਵਰਤਨ ਲਈ ਤਿਆਰ ਕਰਨਾ ਹੋਵੇਗਾ।’’
ਡਾ. ਅੰਬੇਡਕਰ ਇਕ ਹੋਰ ਬੁੱਧ ਦੀ ਉਦਾਹਰਣ ਦਿੰਦਿਆ ਸਮਝਾਉਦੇ ਹਨ, ‘‘ਸਮੂਹਿਕ ਸਮਾਜਿਕ ਪ੍ਰੀਵਰਤਨ ਲਿਆਏ ਬਿਨਾਂ ਅਗਰ ਕੋਈ ਰਾਜਨੀਤਕ ਸੱਤਾ ਪ੍ਰਾਪਤ ਹੋ ਵੀ ਜਾਂਦੀ ਹੈ ਤਾਂ ਉਹ ਸੱਤਾ ਉਵੇਂ ਹੀ ਡਿੱਗ ਜਾਵੇਗੀ, ਜਿਵੇਂ ਕੋਈ ਬਿਮਾਰ ਦਰੱਖਤ ਨਾਲ ਲੱਗਾ ਹੋਇਆ ਫਲ ਹਵਾ ਦੇ ਥੋੜ੍ਹੇ ਜਿਹੇ ਬੁੱਲੇ ਨਾਲ ਹੀ ਡਿੱਗ ਪੈਦਾ ਹੈ।’’(Dr. Baba Sahib Ambedkar, Writings and speeches Vol.1-1979, Page 224-225, Education Dept. Govt, of Maharashtra, Bombay )
ਬੱਸ਼! ਇਹ ਸਮਾਜਿਕ ਪਰਿਵਰਤਨ ਜਾਂ ਸਮਾਜਿਕ ਸੰਗਠਨ ਹੀ ਉਹ ਤਾਲਾ ਹੈ ਜਿਸ ਵਿਚ ਰਾਜਨੀਤਕ ਚਾਬੀ ਲੱਗਣੀ ਹੈ। ਡਾ. ਅੰਬੇਡਕਰ ਦੇ ਵਿਚਾਰ ਕਿੰਨੇ ਦੂਰਦਰਸ਼ੀ ਤੇ ਸਹੀ ਹਨ। ਉੱਤਰ ਪ੍ਰਦੇਸ਼ ਵਿਚ ਬਸਪਾ/ਸਪਾ ਤੇ ਬਿਹਾਰ ਵਿਚ ਕਰਪੂਰੀ-ਲਾਲੂ-ਨਿਤੀਸ਼ ਦੀਆਂ ਸਰਕਾਰਾਂ ਦਾ ਬਾਰ ਬਾਰ ਡਿੱਗਣਾ ਇਸ ਦਾ ਪ੍ਰਤੱਖ ਪ੍ਰਮਾਣ ਹਨ। ਇਸ ਲਈ ਸਥਾਈ ਰਾਜਨੀਤਕ ਸੱਤਾ ਲਈ ਪਹਿਲਾਂ ਸਮਾਜਿਕ ਪ੍ਰੀਵਰਤਨ ਦੀਆਂ ਜੜ੍ਹਾਂ, ਭਾਵ ਗੈਰਰਾਜਨੀਤਕ ਸਮਾਜਿਕ ਸੰਗਠਨ ਦਾ ਮਜ਼ਬੂਤ ਹੋਣਾ ਲਾਜ਼ਮੀ ਹੈ। ਤਦ ਹੀ ਇਸ ਸਮਾਜਿਕ ਤਾਲੇ ਨੂੰ ਰਾਜਨੀਤਕ ਚਾਬੀ ਲੱਗ ਸਕੇਗੀ। ਇਸ ਲਈ ਸਪੱਸ਼ਟ ਹੈ ਕਿ ਰਾਜਨੀਤਕ ਪ੍ਰੀਵਰਤਨ ਤੋਂ ਪਹਿਲਾਂ ਸਮਾਜਿਕ ਪ੍ਰੀਵਰਤਨ ਜਰੂਰੀ ਹੈ।