(ਸਮਾਜ ਵੀਕਲੀ)
ਉਹ ਉੱਚੀਆਂ ਚੋਟੀਆਂ ‘ਤੇ ਸੀ
ਠੰਡਾ ਸੀਤ
ਇੱਕ ਤੋਰ ਉਹਦੇ ਅੰਦਰ
ਅਜੇ ਵੀ ਨਿੱਘੀ ਸੀ
ਉਹ ਨਿੱਘ ਹੀ ਇੱਕ ਦਿਨ
ਉਹਨੂੰ ਗਰਮਾ ਗਿਆ
ਉਹ ਪਿਘਲ਼ ਗਿਆ ਸਾਰਾ
ਉਸ ਸੁਣਿਆ
ਨਿਵਾਣਾਂ ਉਹਨੂੰ ਪੁਕਾਰ ਰਹੀਆਂ ਸਨ
ਉਹ ਉਚਾਈਆਂ ਛੱਡ ਤੁਰ ਪਿਆ
ਡੂੰਘਾਈਆਂ ਵੱਲ
ਹੋਰ ਨੀਵਾਂ ਹੋਰ ਨੀਵਾਂ
ਉੱਚਿਆਂ ਦੇ ਕੋਲ਼ੋ
ਉੱਚਿਆਂ ਦੀਆਂ ਜੜ੍ਹਾਂ ਕੋਲ਼ੋ ਲੰਘਦਾ ਗਿਆ
ਤੇ ਉਹਨੂੰ ਰਾਹ ਆਪ ਬੁਲਾਉਂਦੇ ਗਏ
ਉੱਚੇ ਵੀ ਭੁਰ ਭੁਰ ਉਹਦੇ ਨਾਲ਼ ਤੁਰੇ
ਤੇ ਮੈਦਾਨ ਬਣ ਵਿੱਛਣ ਲੱਗੇ
ਮੈਦਾਨਾਂ ਵੱਲ ਜੀਵਨ ਉਮੜਿਆ
ਕਈ ਸੰਸਕ੍ਰਿਤੀਆਂ ਉੱਗੀਆਂ
ਤੇ ਲੋਕ ਉਹਦੇ ਕੋਲ਼ੋ ਲੰਘਦੇ
ਗੱਲਾਂ ਕਰਦੇ
ਕਿ ਜੇ ਇਹ ਬਰਫ਼ ਹੀ ਰਹਿੰਦਾ
ਤੇ ਨਾ ਪਿਘਲ਼ਦਾ
ਇਹ ਦਰਿਆ ਨਾ ਹੁੰਦਾ
ਕਦੇ ਕਦੇ ਉੱਧਰੋਂ
ਵਿਦਵਾਨ ਲੰਘਦੇ ਤੇ ਆਖਦੇ
ਇਹਨੂੰ ਨਿਵਾਣਾਂ ਨਾਲ਼ ਮੋਹ ਸੀ
ਤੇ ਦਰਿਆ ਬਣਿਆ
ਤੇ ਤੁਰਿਆ
ਤਾਂ ਹੁਣ ਸਮੁੰਦਰ ਵੀ ਹੈ।
ਅਮਰਜੀਤ ਸਿੰਘ ਅਮਨੀਤ
918872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly