(ਸਮਾਜ ਵੀਕਲੀ) (ਬਲਦੇਵ ਸਿੰਘ ਬੇਦੀ ਜਲੰਧਰ) ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ‘ਚੱਕ ਤਰਾਂ ਵਾਲੀ’ ਦੀ ਮਿੱਟੀ ਨੇ ਇਕ ਅਜਿਹੇ ਹੀਰੇ ਨੂੰ ਜਨਮ ਦਿੱਤਾ ਹੈ, ਜਿਸ ਦੀ ਚਮਕ ਅੱਜ ਪੂਰੇ ਦੇਸ਼ ਲਈ ਪ੍ਰੇਰਣਾ ਬਣ ਗਈ। ਸਿਰਫ਼ 10 ਸਾਲ ਦਾ ਨਿੱਕਾ ਜਿਹਾ ਬੱਚਾ ਸ਼ਰਵਣ ਸਿੰਘ ਆਪਣੀ ਬੇਮਿਸਾਲ ਹਿੰਮਤ, ਸੇਵਾ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਹਰ ਦਿਲ ਵਿੱਚ ਆਦਰ ਦਾ ਸਥਾਨ ਬਣਾ ਗਿਆ। ਮਈ 2025 ਵਿੱਚ ਭਾਰਤ–ਪਾਕਿਸਤਾਨ ਦਰਮਿਆਨ ਚੱਲ ਰਹੇ ‘ਅਪ੍ਰੇਸ਼ਨ ਸਿੰਦੂਰ’ ਦੌਰਾਨ, ਜਦੋਂ ਸਰਹੱਦਾਂ ‘ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਸਨ ਅਤੇ ਦੁਸ਼ਮਣ ਦੇ ਡਰੋਨ ਆਕਾਸ਼ ‘ਚ ਘੁੰਮ ਰਹੇ ਸਨ ਤਾਂ ਉਸ ਸਮੇਂ ਸ਼ਰਵਣ ਨੇ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ, ਭਾਰਤੀ ਫੌਜ ਦੀ ਨਿਸ਼ਕਾਮ ਸੇਵਾ ਕੀਤੀ। ਉਹ ਹਰ ਰੋਜ਼ ਕਦੇ ਸਾਈਕਲ ‘ਤੇ ਤੇ ਕਦੇ ਪੈਦਲ ਹੀ ਸਰਹੱਦ ‘ਤੇ ਤੈਨਾਤ ਜਵਾਨਾਂ ਤੱਕ ਪਾਣੀ, ਬਰਫ਼, ਦੁੱਧ, ਲੱਸੀ, ਚਾਹ ਅਤੇ ਹੋਰ ਲੋੜੀਂਦਾ ਸਮਾਨ ਪਹੁੰਚਾਉਂਦਾ ਰਿਹਾ। ਇਸ ਨਿੱਕੇ ਜਿਹੇ ਬੱਚੇ ਦੀ ਵੱਡੀ ਸੋਚ ਵਲੋਂ ਕੀਤੀ ਸੇਵਾ ਨੇ ਨਾ ਸਿਰਫ਼ ਜਵਾਨਾਂ ਦੀ ਥਕਾਵਟ ਘਟਾਈ, ਸਗੋਂ ਉਨ੍ਹਾਂ ਦਾ ਹੌਂਸਲਾ ਵੀ ਬੁਲੰਦ ਕੀਤਾ। ਸ਼ਰਵਣ ਦੀ ਇਹ ਨਿਸ਼ਕਾਮ ਭੂਮਿਕਾ ਅੱਜ ਦੇਸ਼ ਲਈ ਸੇਵਾ ਦੀ ਇੱਕ ਜਿਊਂਦੀ-ਜਾਗਦੀ ਮਿਸਾਲ ਬਣ ਗਈ। ਉਸਦੀ ਅਡਿੱਗ ਹਿੰਮਤ, ਹੌਂਸਲੇ ਅਤੇ ਬਹਾਦਰੀ ਨੂੰ ਮਾਣ ਦਿੰਦਿਆਂ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ ਨੇ ਸ਼ਰਵਣ ਸਿੰਘ ਨੂੰ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2025’ ਤਹਿਤ ਸੋਨੇ ਦੇ ਮੈਡਲ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ‘ਅਪ੍ਰੇਸ਼ਨ ਸਿੰਦੂਰ’ ਦੌਰਾਨ ਤਪਦੀ ਧੁੱਪ ਅਤੇ ਦੁਸ਼ਮਣੀ ਖ਼ਤਰੇ ਦੇ ਵਿਚਕਾਰ ਸ਼ਰਵਣ ਦੀ ਇਸ ਬਹਾਦਰੀ ਨੂੰ ਦੇਖਦਿਆਂ ਭਾਰਤੀ ਫੌਜ ਵੱਲੋਂ ਉਸਨੂੰ ਪਹਿਲਾਂ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫੌਜ ਨੇ ਉਸਦੀ ਸਿੱਖਿਆ ਦੀ ਪੂਰੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ, ਜੋ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਆਪਣੇ ਸੱਚੇ ਸਪਾਹੀਆਂ ਅਤੇ ਨਿੱਕੇ ਨਾਇਕਾਂ ਨੂੰ ਕਦੇ ਨਹੀਂ ਭੁੱਲਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



