(ਸਮਾਜ ਵੀਕਲੀ)
ਪੰਜਾਬ ਦਾ ਪ੍ਰਸਿੱਧ ਕ੍ਰਿਕਟਰ ਸ਼ੁਭਮਨ ਗਿੱਲ ਚਮਕਿਆ ਤਾਂ ਉਸਤੋਂ ਖਿਝੇ ਹੋਏ ਵਿਰੋਧੀ ਪ੍ਰਸੰਸਕਾਂ ਨੇ ਉਸਦੀ ਭੈਣ ਨੂੰ ਸ਼ਿਕਾਰ ਬਣਾਇਆ ਹੈ..ਗਾਲ਼ਾਂ ਕੱਢੀਆਂ ਹਨ..ਮੰਦੀ ਭਾਸ਼ਾ ਬੋਲੀ ਹੈ..
ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਵਿਰਾਟ ਕੋਹਲੀ ਦੀ ਧੀ ਬਾਰੇ ਗੰਦਾ ਬੋਲਿਆ ਗਿਆ…
ਭਗਵੰਤ ਮਾਨ ਦੀ ਵਿਦੇਸ਼ ਵਸਦੀ ਧੀ ਨੂੰ ਗਾਲ਼ਾਂ ਤੇ ਬਲਾਤਕਾਰ ਦੀ ਧਮਕੀ ਵੀ ਬਹੁਤੀ ਪੁਰਾਣੀ ਗੱਲ ਨਹੀਂ ..
ਯੂ ਪੀ ਬਿਹਾਰ ‘ਚ ਭੀੜ ਦੇ ਹੱਥ ਚੜ੍ਹੇ ਘੱਟ ਗਿਣਤੀ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਆਰ ਐਸ ਐਸ ਦੇ ਗੁੰਡਿਆਂ ਵਲੋਂ ਜ਼ਲੀਲ ਕਰਨ ਦੇ ਡਰਾਵੇ ਲੋਕ ਮਨਾਂ ‘ਤੇ ਛਪੇ ਹੋਏ ਹਨ..
ਇੰਗਲੈਂਡ ਵਸਦੇ ਇਕ ਸਿੱਖ ਵਪਾਰੀ ਦੀ ਪਤਨੀ ਅਤੇ ਧੀ ਨੂੰ ਖਾਲਿਸਤਾਨੀਆਂ ਵਲੋਂ ਰੇਪ ਕਰਨ ਦੀ ਧਮਕੀ ਅਜੇ ਜ਼ਿਹਨ ‘ਚੋਂ ਧੁੰਧਲੀ ਨਹੀਂ ਹੋਈ…
ਕੱਟੜ ਮੁਸਲਿਮ ਸੰਗਠਨਾਂ ਵਲੋਂ ਮਾਸੂਮ ਕੁੜੀਆਂ ਨੂੰ ਗਾਲ਼ੀ ਗਲੋਚ ਰਾਹੀਂ ਡਰਾਉਣ ਧਮਕਾਉਣ ਦੇ ਮਨਸੂਬੇ ਜੱਗ ਜ਼ਾਹਿਰ ਨੇ..
ਅੱਜਕੱਲ ਜੇ ਕੋਈ ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿਚ ਜ਼ਰਾ ਜਿਨੀ ਅਵਾਜ਼ ਉਠਾਵੇ ਤਾਂ ਉਹਨੂੰ ਕਿਹੈ ਜਾਂਦੈ ਕਿ ਭਈਆਂ ਨੂੰ ਜੁਆਈ ਬਣਾ ਲਓ..ਅਰਥਾਤ ਨਿਸ਼ਾਨਾ ਫਿਰ ਧੀਆਂ …
ਇਹ ਸੂਚੀ ਮੁੱਕਣੀ ਨਹੀਂ ..ਮੈਂ ਜਿਨਾ ਮਰਜ਼ੀ ਲਿਖੀ ਜਾਵਾਂ..ਕੁੜੀਆਂ ਦੇ ਸਵੈ ਮਾਣ ਖਾਤਰ ਹੀ ਤਾਂ ਜੰਤਰ ਮੰਤਰ ਵਿਖੇ ਮੋਰਚਾ ਚੱਲ ਰਿਹੈ…
ਪਰ ਸੋਚਣ ਤੇ ਸਮਝਣ ਵਾਲੀ ਗੱਲ ਇਹ ਐ ਕਿ ਇਹ ਧੀਆਂ ਭੈਣਾਂ ਮਾਵਾਂ ਨੂੰ ਗਾਲ਼ਾਂ ਕੱਢਣ ਵਾਲ਼ੇ ਮੁੱਖ ਤੌਰ ‘ਤੇ ਕੌਣ ਹਨ..ਉਹ ਕੌਣ ਹਨ ਜੋ ਇਹ ਗਾਲ਼ਾਂ ਕੱਢ ਕੇ..ਕੁੜੀਆਂ ਦੇ ਸਵੈ ਮਾਣ ਦੀ ਖਿੱਲੀ ਉੜਾ ਕੇ ਗਰਵ ਮਹਿਸੂਸ ਕਰਦੇ ਨੇ….ਇਹ ਕੱਟੜ ਲੋਕ ਨੇ..
ਖੇਡਾਂ ਦੇ ਕੱਟੜ ..ਸਭਿਆਚਾਰ ਦੇ ਕੱਟੜ ..ਧਰਮ ਦੇ ਕੱਟੜ ..ਸਮਾਜ ਦੇ ਕੱਟੜ ..ਕੌਮ ਦੇ ਕੱਟੜ ..ਦੇਸ਼ ਭਗਤੀ ਦੇ ਕੱਟੜ ..ਇਸੇ ਤਰ੍ਹਾਂ ਦੇ ਹੋਰ ਅਨੇਕਾਂ ਕੱਟੜ !!
ਇਹ ਉਹ ਲੋਕ ਨੇ ਜਿਹਨਾਂ ਲਈ ਔਰਤ ਦੀ ਅਜ਼ਾਦ ਹਸਤੀ ਦੇ ਕੋਈ ਅਰਥ ਨਹੀਂ ..ਉਹ ਸਿਰਫ ਇਕ ਧੀ ਹੈ..ਭੈਣ ਹੈ..ਪਤਨੀ ਹੈ..ਮਾਂ ਹੈ..ਤੇ ਇਹਨਾਂ ਨੂੰ ਲਗਦੈ ਕਿ ਇਹਨਾਂ ਨੂੰ ਗਾਲ਼ਾਂ ਕੱਢ ਕੇ ਬਾਪ ਭਰਾ ਪਤੀ ਜਾਂ ਪੁੱਤ ਨੂੰ ਡਰਾਇਆ ਧਮਕਾਇਆ ਜਾ ਸਕਦੈ..ਇਹਨਾਂ ਪਿਛੇ ਇਤਿਹਾਸ ਮਿਥਹਾਸ ‘ਚ ਲਿਖਿਆ ਬਕਵਾਸ ਖੜ੍ਹਾ ਹੈ..ਧਰਮ ਰਾਜਨੀਤੀ ਤੇ ਸਮਾਜ ਦੀਆਂ ਵਲਗਣਾਂ ਖੜ੍ਹੀਆਂ ਹਨ….
ਇਹਨਾਂ ਦਾ ਜਵਾਬ ਵੀ ਇਹਨਾਂ ਥੋਥੀਆਂ ਧਾਰਨਾਵਾਂ ਦਾ ਖੰਡਨ ਕਰ ਕੇ ਦਿਤਾ ਜਾ ਸਕਦੈ..ਜਿਥੇ ਜਿਥੇ ਵੀ ਧੀ ਭੈਣ ਪਤਨੀ ਮਾਂ ਦੀ ਪਹਿਚਾਣ “ਸਿਰਫ ਕਿਸੇ ਮਰਦ”ਨਾਲ ਨਰੜ ਕੇ ਤੈਅ ਕੀਤੀ ਹੋਈ ਹੈ, ਉਥੇ ਉਥੇ ਚੁਣੌਤੀ ਦਿਤੀ ਜਾਵੇ..ਕੁੜੀਆਂ ਦੀ ਇਜ਼ਤ ਦੀ ਸੰਗਲੀ ਕਿਸੇ ਹੋਰ ਹੱਥ ਨਾਲ ਬੰਨ੍ਹੀ ਹੋਈ ਨੂੰ ਰੱਦ ਕੀਤਾ ਜਾਵੇ..ਕੁੜੀਆਂ ਦੀ ਪਹਿਲੀ ਪਹਿਚਾਣ ਸਿਰਫ ਕੁੜੀਆਂ ਦੇ ਰੂਪ ‘ਚ ਹੋਵੇ( ਧੀ ਭੈਣ ਪਤਨੀ ਮਾਂ ਬਾਅਦ ‘ਚ!)..ਅੱਜ ਦੀਆਂ ਬੁਲੰਦ ਕੁੜੀਆਂ ਫੈਸਲੇ ਲੈਣ ਦਾ ਹੱਕ ਆਪਣੇ ਕੋਲ ਰੱਖਣ ਲਈ ਤਿਆਰ ਹਨ..ਇਹ ਹੱਕ ਸਮਾਜ ਦੇ ਹਰ ਵਰਗ ਤੱਕ ਫੈਲਾਉਣ ਦੀ ਲੋੜ ਹੈ…ਫੈਸਲੇ ਗਲਤ ਹੋਣ ਜਾਂ ਸਹੀ..ਨਤੀਜੇ ਚੰਗੇ ਨਿਕਲਣ ਜਾਂ ਮਾੜੇ..ਪਰ ਆਪਣੇ ਹੋਣ..ਜਿਵੇਂ ਲਛਮਣ ਰੇਖਾ ਉਲੰਘਣ ਦਾ ਫੈਸਲਾ ਸੀਤਾ ਦਾ ਆਪਣਾ ਸੀ..ਐਮਰਜੈਂਸੀ ‘ਚ ਆਪਣੇ ਵਿਵੇਕ ਨਾਲ ਲਿਆ ਗਿਆ ਫੈਸਲਾ ..ਨਤੀਜੇ ‘ਚ ਇਕ ਧਿਰ ਦੇ ਕਹਿਣ ਲਈ ਖੱਜਲ ਖੁਆਰੀ ਹੈ ਪਰ ਦੂਜੀ ਧਿਰ ਲਈ ਰਾਵਣ ਦਾ ਅੰਤ ਵੀ ਹੈ..
ਭਵਿੱਖ ਇਹਨਾਂ ਕੁੜੀਆਂ ਦਾ ਹੈ..ਇਹਨਾਂ ਗਾਲ਼ਾਂ ਦਾ ਜਵਾਬ ਇਹ ਖੁਦ ਦੇਣਗੀਆਂ..ਆਪਣੇ ਅੰਦਾਜ਼ ‘ਚ..ਬਹਿਸ ਵਿਚ ਉਲਝ ਕੇ ਨਹੀਂ ..ਬੁਲੰਦੀ ‘ਤੇ ਪਹੁੰਚ ਕੇ ਇਹਨਾਂ ਗਾਲ਼ਾਂ ਕੱਢਣ ਵਾਲਿਆਂ ਵਲ ਉਚਾਈ ਤੋਂ ਸਿਰਫ਼ ਇਕ ਤੱਕਣੀ ਕਾਫੀ ਹੈ..ਇਹ ਲੋਕ ਡਰਪੋਕ ਨੇ..ਨਪੁੰਸਕ..ਖੋਖਲੇ..ਤੇ ਕੁੜੀਓ, ਤੁਸੀਂ ਊਰਜਾ ਦਾ ਭੰਡਾਰ ਹੋ..ਬਾਬਾ ਨਾਨਕ ਤੁਹਾਡੀ ਪਿੱਠ ‘ਤੇ ਖੜ੍ਹੈ..ਆਪਣੀ ਤਾਕਤ ਪਹਿਚਾਣੋ..ਜਿੱਤ ਤੁਹਾਡੀ ਹੋਵੇਗੀ !
ਕੁੜੀਆਂ ‘ਤੇ ਅਥਾਹ ਮਾਣ ਮਹਿਸੂਸ ਕਰਦਾ
ਸਾਹਿਬ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly