27 ਜੂਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼
(ਸਮਾਜ ਵੀਕਲੀ) ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾ ਜੀ ਮਰਾਠਾ ਸ਼ਾਮਲ ਸਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਸਨ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਵੱਧ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ। ਜਿਥੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬਹਾਦਰੀ ਅਤੇ ਕੁਸ਼ਲ ਸ਼ਾਸਨ ਕਰਕੇ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ ਉਥੇ ਹੀ ਉਨ੍ਹਾਂ ਦੀ ਚੰਗੀ ਸਿਖਿਆ ਨੀਤੀ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।ਮਹਾਰਾਜਾ ਰਣਜੀਤ ਸਿੰਘ ਦੀ ਕਾਬਲੀਅਤ ਅਤੇ ਦੂਰਅੰਦੇਸ਼ੀ ਸੋਚ ਕਰਕੇ ਹੀ (1780-1839) ਵਿੱਚ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲੇਖਕ ਇਸ ਨੂੰ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਦੇ ਸਨ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਸਿੱਖਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲੇਖਕਾਂ ਅਤੇ ਵਿਦਵਾਨਾਂ ਨੂੰ ਸਮੇਂ ਸਮੇਂ ਤੇ ਸਨਮਾਨਿਤ ਕਰਦੇ ਰਹਿੰਦੇ ਸਨ। ਔਰਤਾਂ ਦੀ ਪੜ੍ਹਾਈ ਵੱਲ ਮਹਾਰਾਜਾ ਦਾ ਬਹੁਤ ਧਿਆਨ ਸੀ। ਹਰੇਕ ਪਿੰਡ ਵਿੱਚ ਸਿਖਿਆ ਨੂੰ ਔਰਤਾਂ ਤੱਕ ਪਹੁੰਚਾਇਆ ਜਾਂਦਾ ਸੀ। ਦੇ ਕੋਈ ਨੰਬਰਦਾਰ ਪੜ੍ਹਾਈ ਦੇ ਮੁੱਦੇ ਤੇ ਕੁਤਾਹੀ ਕਰਦਾ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ। ਸਿੱਖ ਰਾਜ ਵਿੱਚ ਤਕਰੀਬਨ ਸਾਰੀਆਂ ਔਰਤਾਂ ਨੂੰ ਮੁੱਢਲੀ ਵਿੱਦਿਆ ਬਾਰੇ ਜਾਣਕਾਰੀ ਸੀ। ਉਸ ਵੇਲੇ ਰਾਜ ਵਿੱਚ ਬੇਸ਼ੱਕ ਸਰਕਾਰੀ ਭਾਸ਼ਾ ਫ਼ਾਰਸੀ ਸੀ ਪਰ ਆਮ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਸੀ। ਜੀ. ਡਬਲਿਊ ਲੈਟਨਰ ਅਨੁਸਾਰ ਲਾਹੌਰ ਦੇ ਸਕੂਲਾਂ ਵਿੱਚ ਭਸ਼ਾਵਾਂ, ਸਹਿਤ, ਵਿਆਕਰਨ, ਹਿਸਾਬ, ਕਾਨੂੰਨ, ਜਿਉਮੈਟਰੀ, ਦਾਰਸ਼ਨਿਕਤਾ ਆਦਿ ਵਿਸੇ ਪੜ੍ਹਾਏ ਜਾਂਦੇ ਸਨ। ਮਹਾਰਾਜਾ ਕੋਲ ਅੰਗਰੇਜ਼, ਅਮਰੀਕਨ, ਰੂਸੀ, ਫਰਾਂਸਿਸੀ, ਇਟਲੀ ਅਤੇ ਹੋਰ ਕਈ ਦੇਸ਼ਾਂ ਦੇ ਫੌਜੀ ਅਫਸਰ ਨੌਕਰੀ ਕਰਦੇ ਸਨ। ਮਹਾਰਾਜਾ ਨੇ ਕੰਵਰ ਸ਼ੇਰ ਸਿੰਘ ਦੇ ਬੇਟੇ ਪ੍ਰਿੰਸ ਪ੍ਰਤਾਪ ਸਿੰਘ ਨੂੰ ਅੰਗਰੇਜ਼ੀ ਵਿੱਦਿਆ ਦੇਣ ਲਈ ਯਤਨ ਕੀਤੇ, ਜਿਸ ਵਿੱਚ ਉਹ ਕਾਫੀ ਕਾਮਯਾਬ ਰਹੇ। ਜੌਹਾਨ ਮਾਰਟਿਨ ਦੋ ਕਿ ਕਿੱਤੇ ਵਜੋਂ ਡਾਕਟਰ ਸੀ, ਨੇ ਮਹਾਰਾਜਾ ਰਣਜੀਤ ਵਲੋਂ ਵਿਦਿਆ ਦੇ ਖੇਤਰ ਵਿੱਚ ਕੀਤੇ ਉਪਰਾਲਿਆ ਬਾਰੇ ਬਹੁਤ ਤਾਰੀਫ ਕੀਤੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਦੇ ਬੇਟੇ ਹੀਰਾ ਸਿੰਘ (1816-1844) ਨੂੰ ਵੀ ਅੰਗਰੇਜ਼ੀ ਵਿੱਦਿਆ ਦੇਣ ਲਈ ਖਾਸ ਪ੍ਰਬੰਧ ਕੀਤਾ। ਮਹਾਰਾਜਾ ਚਾਹੁੰਦਾ ਸੀ ਕਿ ਉਸ ਦੇ ਦਰਬਾਰੀ ਜਾਂ ਨਜ਼ਦੀਕੀ ਚੰਗੀ ਤਰ੍ਹਾਂ ਅੰਗਰੇਜ਼ਾਂ ਨਾਲ ਗੱਲਬਾਤ ਕਰ ਸਕਣ ਅਤੇ ਉਸ ਨੂੰ ਠੀਕ ਰਿਪੋਰਟ ਦੇ ਸਕਣ। ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਅੰਗਰੇਜ਼ੀ ਸਕੂਲ ਸ਼ੁਰੂ ਕਰਨਾ ਚਾਹੁੰਦੇ ਸਨ ਅਤੇ ਜੇ.ਸੀ. ਲੌਰੀ ਨੂੰ ਛੇ ਮਹੀਨੇ ਲਈ ਲਾਹੌਰ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਦਿਆ ਦੇਣ ਦਾ ਸੱਦਾ ਵੀ ਦਿੱਤਾ। ਲੌਰੀ ਲੁਧਿਆਣੇ ਤੋਂ ਲਾਹੌਰ ਪਹੁੰਚਿਆ ਅਤੇ ਉਸ ਨਾਲ ਫਕੀਰ ਨੂਰ ਉੱਦੀਨ ਨੇ ਅੰਗਰੇਜ਼ੀ ਭਾਸ਼ਾ ਅਤੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਕੀਤੀ ਅਤੇ ਮਹਾਰਾਜਾ ਨਾਲ ਮਿਲਣੀ ਤੋਂ ਬਾਅਦ ਉਹ ਤਕਰੀਬਨ ਇਕ ਮਹੀਨੇ ਲਾਹੌਰ ਰਹੇ ਜਿਥੇ ਉਨ੍ਹਾਂ ਨੇ ਸਿਖਿਆ ਦੇ ਖੇਤਰ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਉਸ ਨੂੰ ਬਹੁਤ ਤੋਹਫੇ ਦੇ ਕੇ ਰਵਾਨਾ ਕੀਤਾ ਪਰ ਮਹਾਰਾਜਾ ਬਾਈਬਲ ਪੜ੍ਹਾਏ ਜਾਣ ’ਤੇ ਸਹਿਮਤ ਨਹੀਂ ਸੀ ਕਿਉਂਕਿ ਉਸ ਨੂੰ ਇਸ ਦੀ ਵਿਰੋਧਤਾ ਦਾ ਅੰਦੇਸ਼ਾ ਸੀ। ਸਿੱਖ ਰਾਜ ਸਮੇਂ ਬਹੁਤ ਸਾਰੇ ਵਿਦਵਾਨ ਅੰਗਰੇਜ਼ੀ ਭਾਸ਼ਾ ਦੇ ਚੰਗੇ ਜਾਣੂ ਸਨ। ਲੋਕਾਂ ਨੂੰ ਕੁਸ਼ਲ ਪ੍ਰਸ਼ਾਸਨ ਦੇਣ ਦੇ ਨਾਲ ਨਾਲ ਚੰਗੀ ਸਿੱਖਿਆ ਦੇਣ ਵਾਲੇ ਸ਼ੇਰ- ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈ. ਨੂੰ ਗੁਜਰਾਂਵਾਲਾ ਵਿਖੇ ਹੋਇਆ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਤੇ ਮਾਤਾ ਦਾ ਨਾਂ ਮਾਈ ਰਾਜ ਕੌਰ ਸੀ। ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਸ਼ੁੱਕਰਚੱਕੀਆ ਮਿਸਲ ਦੇ ਜੱਥੇਦਾਰ ਸਨ ਅਤੇ ਉਨ੍ਹਾਂ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ। ਪਿਤਾ ਮਹਾਂ ਸਿੰਘ ਨੇ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਬਚਪਨ ‘ਚ ਹੀ ਧਰਮ ਤੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਕਰ ਦਿੱਤਾ। ਮਹਾਰਾਜਾ ਰਣਜੀਤ ਦੇ ਚਿਹਰੇ ਉਪਰ ਚੇਚਕ ਦੇ ਦਾਗ ਸਨ ਭਾਵੇਂ ਉਹ ਇੱਕ ਅੱਖ ਤੋਂ ਲਾਵੇਂ ਸਨ ਪਰ ਉਹ ਆਪਣੇ ਗੁਣਾਂ ਕਰਕੇ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਰਹੇ। ਮਹਾਰਾਜਾ ਰਣਜੀਤ ਸਿੰਘ ਦਾ ਪਰਜਾ ਨਾਲ ਕਿੰਨਾ ਕੁ ਪਿਆਰ ਸੀ ਤੇ ਆਮ ਗਰੀਬ ਲੋਕਾਂ ਨੂੰ ਆਦਰ ਦੇਣ ਵਿੱਚ ਕਿੰਨੀ ਕੁ ਖੁਸ਼ੀ ਅਨੁਭਵ ਕਰਦੇ ਸਨ, ਇਸ ਦਾ ਵਰਣਨ ਉਨ੍ਹਾਂ ਦੀ ਜੀਵਨੀ ਤੋਂ ਮਿਲਦਾ ਹੈ । ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ, 1839 ਨੂੰ ਦਿਹਾਂਤ ਹੋ ਗਿਆ ਅਤੇ ਉਸ ਦਾ ਪੁੱਤਰ ਮਹਾਰਾਜਾ ਖੜਕ ਸਿੰਘ ਗੱਦੀ ਤੇ ਬੈਠਾ। ਉਸ ਦੇ ਅਯੋਗ ਉੱਤਰ-ਅਧਿਕਾਰੀ ਉਸ ਵੱਲੋਂ ਸਥਾਪਿਤ ਕੀਤੇ ਸਾਮਰਾਜ ਨੂੰ ਸੰਭਾਲ ਨਾ ਸਕੇ ਅਤੇ ਅੰਗਰੇਜ਼ਾਂ ਨੇ 1849 ਈ. ਨੂੰ ਪੰਜਾਬ ਉੱਪਰ ਆਪਣਾ ਕਬਜ਼ਾ ਕਰ ਲਿਆ। ਭਾਵੇਂ ਮਹਾਰਾਜਾ ਰਣਜੀਤ ਸਿੰਘ ਆਪ ਪੜੇ ਲਿਖੇ ਨਹੀਂ ਸਨ ਪਰ ਜੋ ਕੰਮ ਉਨ੍ਹਾਂ ਨੇ ਆਪਣੇ ਸ਼ਾਸਨ ਕਾਲ ਵਿੱਚ ਕੀਤੇ ਹਨ ਭਾਵੇਂ ਉਹ ਸਿਖਿਆ ਦਾ ਹੋਵੇ ਜਾਂ ਫਿਰ ਕੁਸ਼ਲ ਪ੍ਰਸ਼ਾਸਨ ਦਾ ਅੱਜ ਵੀ ਉਨ੍ਹਾਂ ਦੇ ਸ਼ਾਸਨ ਕਾਲ ਦੀ ਉਦਾਹਰਣ ਦਿੱਤੀ ਜਾਂਦੀ ਹੈ ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਉਨ੍ਹਾਂ ਦੇ ਸ਼ਾਸਨ ਕਾਲ ਵਰਗੇ ਵਕਤ ਦੀ ਉਡੀਕ ਕਰਦੇ ਹਨ। ਸ਼ਾਹ ਮੁਹੰਮਦ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਅਤੇ ਚੰਗੇ ਰਾਜ ਦੀ ਸਿਫਤ ਕੀਤੀ ਸੀ।
ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ,
ਨਾਲ ਜ਼ੋਰ ਦੇ ਮੁਲਖ ਹਿਲਾਇ ਗਿਆ ।
ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ,
ਜੰਮੂ, ਕਾਂਗੜਾ ਕੋਟ, ਨਿਵਾਇ ਗਿਆ ।
ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀਂ,
ਸਿੱਕਾ ਆਪਣੇ ਨਾਮ ਚਲਾਇ ਗਿਆ ।
ਸ਼ਾਹ ਮੁਹੰਮਦਾ ਜਾਣ ਪਚਾਸ ਬਰਸਾਂ,
ਹੱਛਾ ਰੱਜ ਕੇ ਰਾਜ ਕਮਾਇ ਗਿਆ ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly