ਸਾਉਣ* ਮਹੀਨਾ ਦਿਨ ਤੀਆਂ ਦੇ

ਰਾਜਿੰਦਰ ਰਾਣੀ

 (ਸਮਾਜ ਵੀਕਲੀ)-ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨ ਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ ਬਣ ਜਾਂਦੀਆਂ ਹਨ। ਇਸੇ ਕਰਕੇ ‘ਤੀਆਂ ਤੀਜ ਦੀਆਂ’ ਬਣੀਆਂ। ਕਈ ਥਾਂਈਂ ਇਹ ਤਿਉਹਾਰ ਤੀਜ ਨੂੰ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਮਨਾਇਆ ਜਾਂਦਾ ਹੈ।  ਪਿੰਡ ਦੀ ਕੋਈ ਸਾਂਝੀ, ਪਿੰਡੋਂ ਬਾਹਰ ਦੀ ਜਗ੍ਹਾ ਵਿੱਚ, ਪਿੱਪਲਾਂ ਬੋਹੜਾਂ, ਟਾਹਲੀਆਂ ਵਰਗੇ ਦਰਖਤਾਂ ਦੀ ਛਾਂ ਹੇਠ ਕਈ ਕਈ ਦਿਨ ਰੰਗਲਾ ਮਹੌਲ ਬਣਿਆ ਰਹਿੰਦਾ। ਤੀਆਂ ਦੀਆਂ ਬੋਲੀਆਂ…

ਸਾਉਣ ਮਹੀਨਾ ਦਿਨ ਤੀਆਂ ਦੇ,
ਸਭੇ ਸਹੇਲੀਆਂ ਆਈਆਂ।
ਸਾਉਣ ਮਹੀਨਾ ਦਿਨ ਗਿੱਧੇ ਦੇ
ਕੁੜੀਆਂ ਰਲ ਕੇ ਆਈਆਂ
ਨੱਚਣ-ਕੁੱਦਣ ਝੂਟਣ ਪੀਂਘਾਂ
ਵੱਡਿਆਂ ਘਰਾਂ ਦੀਆਂ ਜਾਈਆਂ
ਆਹ ਲੈ ਮਿੱਤਰਾ ਕਰ ਲੈ ਖਰੀਆਂ
ਬੰਗਾਂ ਮੇਚ ਨਾ ਆਈਆਂ
ਗਿੱਧਾ ਪਾ ਰਹੀਆਂ-
ਨਣਦਾਂ ਤੇ ਭਰਜਾਈਆਂ
ਸਾਉਣ ਦੇ ਮਹੀਨੇ ਇਕੱਠੀਆਂ ਹੋਈਆਂ ਕੁੜੀਆਂ ਭਾਦੋਂ ਚੜ੍ਹਦਿਆਂ ਹੀ ਤੀਆਂ ਦੀ ‘ਬੱਲੋ’ ਪਾਕੇ ਸਹੁਰਿਆਂ ਦੀ ਤਿਆਰੀ ਕਰਦੀਆਂ । ਬੱਲੋ ਦਾ ਤੋਂ ਭਾਵ, ਤੀਆਂ ਦੀ ਸਮਾਪਤੀ, ਆਪਣੇ ਪੇਕੇ ਪਿੰਡ, ਬਾਬਲ ਦੇ ਘਰ, ਭੈਣਾਂ ਭਰਾਵਾਂ ਭਤੀਜਿਆਂ ਦੀ ਸੁੱਖ ਮੰਗਦੀਆਂ ਕੁੜੀਆਂ ਗਿੱਧੇ ਦੇ ਸਿਖਰ ‘ਤੇ ਪਹੁੰਚ ਕੇ ਤੀਆਂ ਦੀ ਸਮਾਪਤੀ ਕਰਦੀਆਂ ਹਨ।
ਸਾਉਣ ਵੀਰ ਕੱਠੀਆ ਕਰੇ
ਭਾਦੋਂ ਚੰਦਰੀ ਵਿਛੋੜੇ ਪਾਵੇ।
ਤੀਆਂ ਦੇ ਸਮਾਪਤ ਹੁੰਦਿਆਂ ਘਰੋ ਘਰੀਂ ਜਾਣ ‘ਤੇ ਅੱਗੋਂ ਪੇਕਿਆਂ ਤੋਂ ਆਪਣੇ ਸਹੁਰੇ ਜਾਣ ਦਾ ਡੋਬਾ ਤਾਂ ਪੈਂਦਾ ਹੈ ਪਰ ਆਖ਼ਰੀ ਦਿਨ ਬੱਲੋ ਪੈਂਦਿਆਂ ਹੀ ਆਖ਼ਰੀ ਬੋਲੀ ਬੜੀ ਆਸ ਨਾਲ ਪਾਈ ਜਾਂਦੀ ਹੈ ਤਾਂ ਕਿ ਇਸ ਤਿਉਹਾਰ ਦੇ ਬਹਾਨੇ ਮਿਲਣ-ਗਿਲਣ, ਹੱਸਣ-ਖੇਡਣ, ਨੱਚਣ-ਟੱਪਣ ਦਾ ਸਿਲਸਿਲਾ ਚਲਦਾ ਰਹੇ
ਤੀਆਂ ਤੀਜ ਦੀਆਂ – ਵਰ੍ਹੇ ਦਿਨਾਂ ਨੂੰ ਫੇਰ ………..
ਸਮੇਂ ਦੀ ਬਦਲਦੀ ਚਾਲ ਅਤੇ ਢਾਲ ਨੇ ਮਨੁੱਖੀ ਜ਼ਿੰਦਗੀ ਦੀ ਰਵਾਨੀ ਉੱਪਰ ਗਹਿਰਾ ਪਰਛਾਵਾਂ ਪਾਇਆ ਹੈ। ਠੁਮਕਦੀ, ਰੁਮਕਦੀ ਤੌਰ ਤੁਰਦੀ ਜ਼ਿੰਦਗੀ ਹੁਣ ਮਸ਼ੀਨ ਬਣ ਗਈ ਹੈ। ਜ਼ਿੰਦਗੀ ਵਿਚੋਂ ਮੜਕ, ਖੁੱਲ੍ਹਾਪਣ ਅਤੇ ਬੇਪਰਵਾਹੀ ਦੂਰ ਹੋ ਗਏ। ਨਿੱਤ ਦੀ ਭੱਜ ਦੌੜ ਨੇ ਜੀਵਨ ਦੇ ਬਹੁਤ ਸਾਰੇ ਰਸ ਖ਼ਤਮ ਕਰ ਦਿੱਤੇ ਹਨ। ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਉਹਾਰਾਂ ‘ਤੇ ਵੀ ਬਹੁਤ ਅਸਰ ਕੀਤਾ ਹੈ।ਸ਼ਾਇਦ ਇਸੇ ਕਰਕੇ ਤੀਆਂ ਵਰਗੇ ਤਿਉਹਾਰ ਖੁੱਲ੍ਹੇ ਡੁੱਲ੍ਹੇ ਪਿੜਾਂ ਵਿਚੋਂ ਸਿਮਟ ਕੇ ਸਟੇਜ ਜਾਂ ਸਕਰੀਨ ਤੱਕ ਸੀਮਤ ਹੋ ਗਏ ਹਨ। ਪਰ ਖ਼ੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਕਸਬਿਆਂ ਵਿੱਚ ਤੀਆਂ ਵਰਗੇ  ਮਹਿਕਦੇ ਤਿਉਹਾਰ ਜਿਉਂਦੇ ਜਾਗਦੇ ਹਨ।
ਕੁੱਝ ਸਾਲਾਂ ਵਿੱਚ ਆਈ ਸਾਇੰਸ ਦੀ ਤਰੱਕੀ ਨਾਲ ਕੰਪਿਊਟਰ ਦਾ ਯੁੱਗ ਆਇਆ ਹੈ ਅਤੇ ਕੰਪਿਊਟਰ ਨੇ ਕਈ ਅਣਹੋਣੇ ਕੰਮ ਕਰਕੇ ਮਿੰਟਾਂ ਵਿੱਚ ਦਿਖਾ ਦਿੱਤੇ ਹਨ। ਇੰਟਰਨੈਟ ਦੀ ਕਾਢ ਨੇ ਦੁਨੀਆਂ ਨੂੰ ਸੁੰਗੇੜ ਕੇ ਇਕ ਘਰ ਦਾ ਰੂਪ ਦੇ ਦਿੱਤਾ ਹੈ। ਅਸੀਂ ਸੱਤ ਸਮੁੰਦਰੋਂ ਪਾਰ ਬੈਠੇ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਹਮਣੇ ਸਾਹਮਣੇ ਬੈਠੇ ਗੱਲ ਕਰ ਸਕਦੇ ਹਾਂ। ਇਸ ਵਿਗਿਆਨਕ ਤਰੱਕੀ ਨੇ ਸਾਡੇ ਪੁਰਾਣੇ ਸੱਭਿਆਚਾਰ ਦੀ ਹੋਂਦ ਵੀ ਖਤਰੇ ਵਿੱਚ ਪਾ ਦਿੱਤੀ ਹੈ।ਨੌਜਵਾਨ ਪੀੜੀ ਨੂੰ ਪੂਰੇ ਪੰਜਾਬੀ ਰਹਿਣ ਸਹਿਣ ਅਤੇ ਸਭਿਆਚਾਰ ਦੀ ਜਾਣਕਾਰੀ ਵੀ ਨਹੀਂ। ਸਾਵਣ ਦੇ ਮਹੀਨੇ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ (ਤੀਆਂ) ਵੀ ਵਿਸਰਦਾ ਜਾ ਰਿਹਾ ਹੈ।
ਰਾਜਿੰਦਰ ਰਾਣੀ
ਪਿੰਡ ਗੰਢੂਆਂ (ਸੰਗਰੂਰ)

 ‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਮਹੀਨਾ ਸਾਵਨ ਦੇ ਸੰਗਰਾਂਦ ਦਿਹਾੜੇ ਦੀ ਬ.ਬ. ਵਧਾਈ ਹੈ ਓਥੇ ਅੱਜ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜੇ ‘ਤੇ ਕੋਟਿ ਕੋਟਿ ਪਰਣਾਮ ਹੈ ! ਮਹਾਨ ਸ਼ਹੀਦ ਬਾਰੇ ਕਵਿਤਾ ਵੀ ਸਰਬਨ ਕਰਦੇ ਆਪਣੇ ਮਨ ਅੰਦਰ ਝਾਤੀ ਮਾਰ ਲੈਣਾ ਜੀ !
Next articleਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੀ ਨਵੀਂ ਚੋਣ ,ਇੰਡੋ ਸਪਾਈਸ ਵਰਲਡ ਦੇ ਮਾਲਕ ਤੀਰਥ ਸਿੰਘ ਅਟਵਾਲ ਬਣੇਂ ਪ੍ਰਧਾਨ