ਯੂਜੀਨ (ਸਮਾਜ ਵੀਕਲੀ): ਅਮਰੀਕਾ ਦੇ ਯੂਜੀਨ ਵਿੱਚ ਸੰਗੀਤ ਹਾਲ ਦੇ ਬਾਹਰ ਦੋ ਔਰਤਾਂ ਸਣੇ ਛੇ ਜਣਿਆਂ ਨੂੰ ਗੋਲੀ ਮਾਰ ਦਿੱਤੀ ਗਈ। ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਹਾਲੇ ਵੀ ਫ਼ਰਾਰ ਹੈ। ਓਰੇਗਨ ਦੀ ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਚਸ਼ਮਦੀਦਾਂ ਨੂੰ ਅੱਗੇ ਆ ਕੇ ਇਸ ਘਟਨਾ ਬਾਰੇ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਯੂਜੀਨ ਪੁਲੀਸ ਵਿਭਾਗ ਨੇ ਸ਼ਨਿਚਰਵਾਰ ਨੂੰ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਅਧਿਕਾਰੀਆਂ ਨੂੰ ਸ਼ੁੱਕਰਵਾਰ ਰਾਤ ਨੂੰ 9.30 ਵਜੇ ਯੂਜੀਨ ਸਥਿਤ ਵਾਓ ਹਾਲ ਦੇ ਪਿਛਲੇ ਦਰਵਾਜੇ ’ਤੇ ਗੋਲੀਬਾਰੀ ਦੀ ਘਟਨਾ ਹੋਣ ਦੀ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਅਧਿਕਾਰੀਆਂ ਨੇ ਕਾਰਵਾਈ ਕੀਤੀ ਹੈ। ਬਿਆਨ ਮੁਤਾਬਕ ਪੁਲੀਸ ਮੌਕੇ ’ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਲੋਕਾਂ ਦੀ ਮਦਦ ਕਰਨ ਲਈ ਪਹੁੰਚੀ। ਯੂਜੀਨ ਪੁਲੀਸ ਮੁਖੀ ਕ੍ਰਿਸ ਸਕਿਨਰ ਨੇ ਦੱਸਿਆ, ‘‘ਜਦੋਂ ਸੁਰੱਖਿਆ ਕਰਮੀ ਪਹੁੰਚੇ ਤਾਂ ਛੇ ਜਣੇ ਗੋਲੀ ਲੱਗਣ ਕਾਰਨ ਜ਼ਖ਼ਮੀ ਸਨ। ਲੋਕਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਸੀ ਅਤੇ ਉਨ੍ਹਾਂ ਦੇ ਦੋਸਤ ਜ਼ਮੀਨ ’ਤੇ ਪਏ ਸਨ, ਉਹ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।’’ ਪੁਲੀਸ ਨੇ ਪੰਜ ਜਣਿਆਂ ਨੂੰ ਹਸਪਤਾਲ ਪਹੁੰਚਾਇਆ ਹੈ, ਜਦਕਿ ਇੱਕ ਖ਼ੁਦ ਇਲਾਜ ਕਰਵਾਉਣ ਲਈ ਗਿਆ। ਪੁਲੀਸ ਮੁਤਾਬਕ ਘਟਨਾ ਸਮੇਂ ਲੀਲ ਬੀਨ ਅਤੇ ਜ਼ੇਅ ਬੈਂਗ ਤੇ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਸ਼ੱਕੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly