(ਸਮਾਜ ਵੀਕਲੀ)
ਰਾਗ ਸਿਰੀ ਨੇ ਰੰਗਿਆ,
ਪੈਂਦੀਆਂ ਸ਼ਾਮਾਂ ਨੂੰ।
ਤਾਰੇ ਬਾਣੀ ਪੜ੍ਹਦੇ
ਤੇ ਮੁਸਕਰਾਉੰਦੇ ਨੇ।
ਰੂਹ ਵਿੱਚ ਭਰ ਗਿਆ ਨੂਰ,
ਇਲਾਹੀ ਧਰਤੀ ਦੇ।
ਚੜ੍ਹਦੀ ਕਲਾ ਦੇ ਬੱਦਲ਼,
ਚੜ੍ਹਦੇ ਆਉੰਦੇ ਨੇ।
ਨੀਂਦ ‘ਚ ਡੁੱਬੇ ਪੰਛੀ,
ਪਲਕਾਂ ਝਪਕ ਰਹੇ।
ਜੁਗਨੂੰ ਨੂੰ ਵੀ ਖ਼ਾਬ,
ਸੁਨਹਿਰੀ ਆਉੰਦੇ ਨੇ।
ਵੇਲ਼ਾ ਹੈ ਵਿਸਰਾਮ ਦਾ,
ਚਾਰੇ ਕੂੰਟਾਂ ਦੇ।
ਰਲ਼-ਮਿਲ਼ ਸਾਰੇ ਕੀਰਤਨ
ਸੋਹਿਲਾ ਗਾਉੰਦੇ ਨੇ।
ਵਣ-ਤ੍ਰਿਣ ਸਾਰਾ,
ਗੂੜ੍ਹੀ ਨੀਂਦ ਸੁਆਂਉਣ ਲਈ।
ਠੰਢੀ ਵਾਅ ਦੇ ਬੁੱਲੇ,
ਆ ਟਕਰਾਉੰਦੇ ਨੇ।
ਇਹ ਹੈ ਪਹਿਲਾ ਰਾਗ਼,
ਗ੍ਰੰਥ ਰੂਹਾਨੀ ਦਾ।
ਤਾਂ ਹੀ ਇਸ ਨੂੰ ਪਾਰਸ
ਆਖ ਬੁਲਾਉਂਦੇ ਨੇ।
~ ਰਿਤੂ ਵਾਸੂਦੇਵ



