ਸਿੰਘੂ ਕਤਲ ਕਾਂਡ: ਮੁਲਜ਼ਮਾਂ ਦੇ ਰਿਮਾਂਡ ’ਚ ਦੋ ਦਿਨ ਦਾ ਵਾਧਾ

ਚੰਡੀਗੜ੍ਹ (ਸਮਾਜ ਵੀਕਲੀ): ਹਰਿਆਣਾ ਦੀ ਸੋਨੀਪਤ ਕੋਰਟ ਨੇ ਸਿੰਘ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਨਜ਼ਦੀਕ ਨਿਹੰਗ ਸਿੰਘਾਂ ਵੱਲੋਂ ਲਖਬੀਰ ਸਿੰਘ ਨਾਂ ਦੇ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਚਾਰ ਨਿਹੰਗਾਂ ਦਾ ਪੁਲੀਸ ਰਿਮਾਂਡ ਦੋ ਦਿਨ ਲਈ ਵਧਾ ਦਿੱਤਾ ਹੈ। ਹਰਿਆਣਾ ਪੁਲੀਸ ਨੇ ਸਰਬਜੀਤ ਸਿੰਘ, ਨਰਾਇਣ ਸਿੰਘ, ਗੋਵਿੰਦਪ੍ਰੀਤ ਸਿੰਘ ਤੇ ਭਗਵੰਤ ਸਿੰਘ ਦੇ ਪੁਲੀਸ ਰਿਮਾਂਡ ਦੀ ਮਿਆਦ ਖ਼ਤਮ ਹੋਣ ਮਗਰੋਂ ਅੱਜ ਉਨ੍ਹਾਂ ਨੂੰ ਮੁੜ ਕੋਰਟ ਵਿੱਚ ਪੇਸ਼ ਕੀਤਾ ਸੀ। ਸੋਨੀਪਤ ਦੇ ਡੀਐੱਸਪੀ ਵੀਰੇਂਦਰ ਸਿੰਘ ਨੇ ਦੱਸਿਆ ਕਿ ਕੋਰਟ ਨੇ ਚਾਰਾਂ ਮੁਲਜ਼ਮਾਂ ਦਾ ਰਿਮਾਂਡ ਦੋ ਹੋਰ ਦਿਨਾਂ ਲਈ ਵਧਾ ਦਿੱਤਾ ਹੈ।

ਸਰਬਜੀਤ, ਜਿਸ ਨੂੰ 16 ਅਕਤੂਬਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ, ਨੂੰ ਉਦੋਂ ਸੱਤ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਸੀ, ਜਦੋਂਕਿ ਤਿੰਨ ਹੋਰਨਾਂ ਦਾ ਛੇ ਦਿਨਾ ਪੁਲੀਸ ਰਿਮਾਂਡ ਦਿੱਤਾ ਗਿਆ ਸੀ। ਨਿਹੰਗ ਸਿੰਘਾਂ ਨੇ ਸਰਬਲੋਹ ਗ੍ਰੰਥ ਦਾ ਕਥਿਤ ਨਿਰਾਦਰ ਕੀਤੇ ਜਾਣ ਦੇ ਦੋਸ਼ ਵਜੋਂ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਲਖਬੀਰ ਸਿੰਘ ਦਾ ਪਿਛਲੇ ਹਫ਼ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਨਿਹੰਗਾਂ ਨੇ ਪਹਿਲਾਂ ਉਸ ਦਾ ਇਕ ਹੱਥ ਤੇ ਪੈਰ ਵੱਢਿਆ ਤੇ ਮਗਰੋਂ ਉਸ ਨੂੰ ਬੈਰੀਕੇਡ ਨਾਲ ਬੰਨ੍ਹ ਦਿੱਤਾ। ਨਿਹੰਗਾਂ ਦਾ ਦਾਅਵਾ ਸੀ ਕਿ ਉਨ੍ਹਾਂ ਲਖਬੀਰ ਨੂੰ ਬੇਅਦਬੀ ਦੀ ‘ਸਜ਼ਾ’ ਦਿੱਤੀ ਹੈ।

ਹਰਿਆਣਾ ਪੁਲੀਸ ਨੇ ਸ਼ੁਰੂਆਤ ਵਿੱਚ ਸਰਬਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਮਗਰੋਂ ਇਕ ਹੋਰ ਨਿਹੰਗ ਨਰਾਇਣ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ। ਫ਼ਤਹਿਗੜ੍ਹ ਨਾਲ ਸਬੰਧਤ ਗੋਵਿੰਦਪ੍ਰੀਤ ਸਿੰਘ ਤੇ ਭਗਵੰਤ ਸਿੰਘ ਨੇ ਸੋਨੀਪਤ ਪੁਲੀਸ ਅੱਗੇ ‘ਆਤਮ ਸਮਰਪਣ’ ਕੀਤਾ ਸੀ। ਹਰਿਆਣਾ ਪੁਲੀਸ ਨੇ ਕਤਲ ਦੀ ਜਾਂਚ ਲਈ ਦੋ ਵਿਸ਼ੇਸ ਜਾਂਚ ਟੀਮਾਂ ਦਾ ਗਠਨ ਕੀਤਾ ਸੀ। ਇਕ ਟੀਮ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਦੂਜੀ ਟੀਮ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਇਸ ਘਟਨਾ ਦੀਆਂ ਵੀਡੀਓਜ਼ ਦੀ ਘੋਖ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਸੋਨੀਪਤ ਪੁਲੀਸ ਨੇ ਲੰਘੇ ਦਿਨ ਲਖਬੀਰ ਸਿੰਘ ਦੇ ਸਰਹੱਦੀ ਜ਼ਿਲ੍ਹੇ ਤਰਨ ਤਾਰਨ ’ਚ ਪੈਂਦੇ ਪਿੰਡ ਚੀਮਾ ਕਲਾਂ ਜਾ ਕੇ ਉਸ ਦੀ ਭੈਣ ਰਾਜ ਕੌਰ ਕੋਲੋਂ ਵੀ ਪੁੱਛਪੜਤਾਲ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਤਾ ਵਿੱਚ ਆਉਣ ’ਤੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ: ਪ੍ਰਿਯੰਕਾ
Next articleਸਕੂਲਾਂ ਵਿੱਚ ਹੀ ਹੋਣਗੀਆਂ ਆਈਸੀਐੱਸਈ ਬੋਰਡ ਪ੍ਰੀਖਿਆਵਾਂ