ਚੰਡੀਗੜ੍ਹ, (ਸਮਾਜ ਵੀਕਲੀ): ਪੰਜਾਬ ਪੁਲੀਸ ਨੇ ਸਿੰਘੂ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਇਹ ਕਦਮ ਉਠਾਇਆ ਹੈ। ਲਖਬੀਰ ਸਿੰਘ ਦੀ ਭੈਣ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸਰਕਾਰ ਨੇ ਸਿਟ ਬਣਾਈ ਹੈ। ਡੀਜੀਪੀ ਨੇ ਏਡੀਜੀਪੀ ਕਮ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਦੀ ਅਗਵਾਈ ਹੇਠ ਸਿਟ ਦਾ ਗਠਨ ਕੀਤਾ ਹੈ ਜਿਸ ’ਚ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਇੰਦਰਬੀਰ ਸਿੰਘ ਅਤੇ ਤਰਨ ਤਾਰਨ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਮੈਂਬਰ ਹੋਣਗੇ।
ਪੰਜਾਬ ਪੁਲੀਸ ਨੇ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਤੱਥ ਵੀ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲੀਸ ਵੱਲੋਂ ਨਿਹੰਗਾਂ ਦੇ ਪਿਛੋਕੜ ਅਤੇ ਹੋਰ ਮਾਮਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲੀਸ ਵੱਲੋਂ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਅਤੇ ਨਿਹੰਗ ਅਮਨ ਸਿੰਘ ਦੇ ਸਬੰਧਾਂ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤਰਨ ਤਾਰਨ ਦੇ ਕਸੇਲ ਵਾਸੀ ਰਾਜ ਕੌਰ (ਇਸ ਵੇਲੇ ਚੀਮਾ ਕਲਾਂ ਦੀ ਵਸਨੀਕ) ਨੇ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਲਖਬੀਰ ਸਿੰਘ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਭਰਮਾ ਕੇ ਸਿੰਘੂ ਬਾਰਡਰ ਲਿਜਾਇਆ ਗਿਆ, ਜਿੱਥੇ ਕੁਝ ਨਿਹੰਗ ਸਿੰਘਾਂ ਨੇ 15 ਅਕਤੂਬਰ ਨੂੰ ਬੇਅਦਬੀ ਦੇ ਦੋਸ਼ਾਂ ਤਹਿਤ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਸਰਕਾਰ ਨੇ ਕਿਹਾ ਹੈ ਕਿ ਏਡੀਜੀਪੀ-ਕਮ-ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਵਰਿੰਦਰ ਕੁਮਾਰ ਲੋੜ ਪੈਣ ’ਤੇ ਤਫਤੀਸ਼ ਲਈ ਸੂਬੇ ਵਿੱਚ ਤਾਇਨਾਤ ਹੋਰ ਕਿਸੇ ਵੀ ਪੁਲੀਸ ਅਧਿਕਾਰੀਆਂ ਦੀਆਂ ਸੇਵਾਵਾਂ ਲੈ ਸਕਦੇ ਹਨ।
ਇਸ ਸਬੰਧ ਵਿੱਚ ਵਧੀਕ ਡੀਜੀਪੀ ਪੰਜਾਬ ਪੁਲੀਸ ਦੇ ਕਿਸੇ ਵੀ ਹੋਰ ਵਿੰਗ/ਯੂਨਿਟ ਦੀ ਸਹਾਇਤਾ ਅਤੇ ਸਹਿਯੋਗ ਲੈਣ ਦੇ ਸਮਰੱਥ ਹਨ। ਸੂਤਰਾਂ ਨੇ ਕਿਹਾ ਕਿ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਵੱਲੋਂ ਲਗਾਤਾਰ ਜੇਲ੍ਹਾਂ ਅਤੇ ਥਾਣਿਆਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਨਿਹੰਗ ਅਮਨ ਸਿੰਘ ਬਾਰੇ ਹਾਲ ਦੀ ਘੜੀ ਪੁਲੀਸ ਦੇ ਹੱਥ ਕੋਈ ਜ਼ਿਆਦਾ ਵੱਡੇ ਸਬੂਤ ਨਹੀਂ ਲੱਗੇ ਹਨ। ਪੁਲੀਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਪੁਲੀਸ ਕੈਟ ਗੁਰਮੀਤ ਸਿੰਘ ਪਿੰਕੀ ਦਾ ਸੰਪਰਕ ਨਿਹੰਗਾਂ ਨਾਲ ਕਿਵੇਂ ਅਤੇ ਕਿੱਥੇ ਹੋਇਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਜੇਲ੍ਹ ਵਿੱਚ ਅਮਨ ਸਿੰਘ ਅਤੇ ਪਿੰਕੀ ਦੇ ਇਕੱਠਿਆਂ ਬੰਦ ਰਹਿਣ ਸਬੰਧੀ ਹੁਣ ਤੱਕ ਕੋਈ ਠੋਸ ਤੱਥ ਸਾਹਮਣੇ ਨਹੀਂ ਆਇਆ ਪਰ ਮੁਲਾਕਾਤ ਕੀਤੇ ਜਾਣ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly