ਲੁਧਿਆਣਾ (ਸਮਾਜ ਵੀਕਲੀ): ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅਦਾਲਤ ਵੱਲੋਂ ਅੱਜ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਕਰੋਨਾ ਸਬੰਧੀ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਚੱਲ ਰਹੇ ਕੇਸ ਦੀ ਸੁਣਵਾਈ ਦੌਰਾਨ ਅੱਜ ਬੈਂਸ ਦੇ ਹਾਜ਼ਰ ਨਾ ਹੋਣ ’ਤੇ ਅਦਾਲਤ ਨੇ ਇਹ ਕਾਰਵਾਈ ਕੀਤੀ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਪੁਲੀਸ ਸਿਮਰਜੀਤ ਬੈਂਸ ਨੂੰ ਕਿਸੇ ਵੇਲੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਗੌਰਤਲਬ ਹੈ ਕਿ ਜਬਰ-ਜਨਾਹ ਮਾਮਲੇ ’ਚ ਬੈਂਸ ਨੇ ਅਦਾਲਤ ’ਚ ਜ਼ਮਾਨਤ ਪਟੀਸ਼ਨ ਲਾਈ ਹੋਈ ਹੈ, ਜਿਸ ਦੀ ਸੁਣਵਾਈ 11 ਅਪਰੈਲ ਨੂੰ ਹੋਣੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਜੀਤ ਬੈਂਸ ਨੇ ਕਰੋਨਾ ਦੌਰਾਨ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਸਰਕਾਰ ਵੱਲੋਂ ਭੀੜ ਇਕੱਠੀ ਕਰਨ ’ਤੇ ਮਨਾਹੀ ਹੋਣ ਦੇ ਬਾਵਜੂਦ ਬੈਂਸ ਨੇ ਇਕੱਠ ਕਰਕੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ਮਗਰੋਂ ਬੈਂਸ ਸਣੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly