ਧੂਮਧਾਮ ਨਾਲ ਮਨਾਇਆ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਲੋਹੜੀ ਦਾ ਤਿਉਹਾਰ

ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਪ੍ਰੋਗਰਾਮ ਦੇ ਆਗਾਜ਼ ਮੌਕੇ ਪ੍ਰਿੰਸੀਪਲ ਸਾਹਿਬ, ਸਟਾਫ਼ ਤੇ ਵਿਦਿਆਰਥੀਆਂ ਨੇ ਤਿਲਚੌਲੀ ਪਾ ਕੇ ਲੋਹੜੀ ਦੀ ਅਗਨੀ ਨੂੰ ਪ੍ਰਚੰਡ ਕੀਤਾ ਤੇ ਈਸ਼ਰ ਆਏ ਦਲਿੱਦਰ ਜਾਏ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਲੋਹੜੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਧੀਆਂ-ਪੁੱਤਾਂ ਦੇ ਵਖਰੇਵੇਂ ਨੂੰ ਤਿਆਗਦਿਆਂ ਦੋਵਾਂ ਦੇ ਜਨਮ ਦੀ ਖੁਸ਼ੀ ਮਨਾਉਣ ਦੀ ਅਜੋਕੇ ਸਮਾਜ ਵਿੱਚ ਕ੍ਰਾਂਤੀ ਆਈ ਹੈ ਜਿਸ ਵਿੱਚ ਪੜ੍ਹੇ-ਲਿਖੇ ਵਰਗ ਦਾ ਵੱਡਾ ਯੋਗਦਾਨ ਹੈ ਤੇ ਇਸ ਨੇ ਪੰਜਾਬੀਆਂ ਦਾ ਸਿਰ ਮਾਣ‌ ਨਾਲ ਹੋਰ ਉੱਚਾ ਕੀਤਾ ਹੈ। ਉਨ੍ਹਾਂ ਇਸ ਮੌਕੇ ਲੋਹੜੀ ਦੇ ਪਿਛੋਕੜ ਬਾਰੇ ਵੀ ਚਰਚਾ ਕੀਤੀ ਤੇ ਦੱਸਿਆ ਕਿ ਲੋਹੜੀ ਦਾ ਤਿਉਹਾਰ ਹਾੜੀ ਦੀ ਫ਼ਸਲ ਦੀ ਪ੍ਰਫੁੱਲਤਾ ਦੀ ਕਾਮਨਾ, ਇੱਜ਼ਤਾਂ ਦੇ ਰਾਖੇ ਲੋਕ ਨਾਇਕ ਦੁੱਲਾ ਭੱਟੀ ਵੱਲੋਂ ਗ਼ਰੀਬ ਤੇ ਲੋੜਵੰਦ ਧੀਆਂ ਦੇ ਕਾਰਜ ਰਚਾਉਣ ਆਦਿ ਨਾਲ ਵੀ ਸੰਬੰਧਿਤ ਹੈ। ਪ੍ਰੋਗਰਾਮ ਨੂੰ ਸੰਗੀਤਕ ਰੰਗਤ ਦਿੰਦਿਆਂ ਵਿਦਿਆਰਥੀਆਂ ਸ਼ਾਹਿਦ ਅਲੀ, ਇੰਦਰਪ੍ਰੀਤ ਕੌਰ,ਯੁਵਰਾਜ ਸਿੱਧੂ, ਆਦੀ, ਸਿਮਰਨ ਨੇ ਸਾਥੀਆਂ ਸਮੇਤ ਤੇ ਪ੍ਰੋ. ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਇੱਕ ਸੰਗੀਤਕ ਮਹਿਫ਼ਲ ਵੀ ਸਜਾਈ ਜਿਸ ਵਿੱਚ ਵਿਦਿਆਰਥੀਆਂ ਨੇ ਲੋਹੜੀ ਦੇ‌ ਰਵਾਇਤੀ ਗੀਤ ਗਾ ਕੇ ਸ੍ਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਡਾ. ਨਿਰਮਲਜੀਤ ਕੌਰ ਨੇ ਕੀਤਾ ਤੇ ਆਖਿਆ ਕਿ ਸਾਨੂੰ ਆਪਣੇ ਜੀਵਨ ਵਿੱਚ ਤਿਉਹਾਰਾਂ ਦੀ ਅਹਿਮੀਅਤ ਨੂੰ ਪਛਾਣਦਿਆਂ ਹਰ ਤਿਉਹਾਰ ਮਨਾਉਣਾ ਹੈ ਕਿਉਂਕਿ ਹਰ ਤਿਉਹਾਰ ਨਾਲ ਕੋਈ ਨਾ ਕੋਈ ਸੰਦੇਸ਼ ਜ਼ਰੂਰ ਜੁੜਿਆ ਹੁੰਦਾ ਹੈ ਜਿਸ ਨੂੰ ਮਾਨਵੀ ਜੀਵਨ ਵਿੱਚ ਲਾਗੂ ਕਰਨਾ ਹੁੰਦਾ ਹੈ। ਲੋਹੜੀ ਮਨਾਉਂਦਿਆਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਲੱਡੂ, ਮੂੰਗਫਲੀ ਤੇ ਰਿਉੜੀਆਂ ਆਦਿ ਵੰਡੀਆਂ ਗਈਆਂ ਤੇ ਸਮੂਹ ਸਟਾਫ਼ ਨੇ ਲੋਹੜੀ ਦੀ ਅੱਗ ਦੁਆਲ਼ੇ ਬੈਠ ਕੇ ਇਸ ਤਿਉਹਾਰ ਦਾ ਅਨੰਦ ਮਾਣਿਆ। ਇਸ ਮੌਕੇ ਪ੍ਰੋ. ਆਬਿਦ ਵੱਕਾਰ, ਡਾ. ਹਰਜੋਤ ਸਿੰਘ, ਡਾ.ਕਮਲਦੀਪ ਕੌਰ,ਡਾ. ਸੁਨਿਧੀ ਮਿਗਲਾਨੀ,ਪ੍ਰੋ. ਅੰਮ੍ਰਿਤ ਕੌਰ ਤੇ ਪਰਮਜੀਤ ਸਿੰਘ (ਸੁਪ੍ਰਿੰਟੈਂਡੈਂਟ)ਸਮੇਤ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਾਡੀਆਂ ਧੀਆਂ ਪਰਿਵਾਰ ਅਤੇ ਸੂਬੇ ਦਾ ਮਾਣ ਵਧਾ ਰਹੀਆਂ ਹਨ-ਡਾ. ਰਾਜ ਕੁਮਾਰ
Next articleਨੰਬਰਦਾਰ ਯੂਨੀਅਨ ਨੇ ਲੋਹੜੀ ਦੇ ਤਿਉਹਾਰ ਮੌਕੇ ਮੰਗਿਆ ਸਰਬੱਤ ਦਾ ਭਲਾ – ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ”