ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

 

  • ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਕੀਤੀ ਜਾ ਰਹੀ ਹੈ ਪੁੱਛ-ਪੜਤਾਲ

ਆਰਾ (ਸਮਾਜ ਵੀਕਲੀ):  ਬਿਹਾਰ ਦੇ ਭੋਜਪੁਰ ਜ਼ਿਲ੍ਹੇ ’ਚ ਸਿੱਖ ਸ਼ਰਧਾਲੂਆਂ ਦੇ ਵਾਹਨ ’ਤੇ ਭੀੜ ਨੇ ਪਥਰਾਅ ਕਰ ਦਿੱਤਾ ਜਿਸ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ। ਸਬ ਡਿਵੀਜ਼ਨਲ ਪੁਲੀਸ ਅਧਿਕਾਰੀ ਰਾਹੁਲ ਸਿੰਘ ਨੇ ਦੱਸਿਆ ਕਿ ਇਹ ਹਮਲਾ ਉਸ ਵੇਲੇ ਹੋਇਆ ਜਦੋਂ ਸਿੱਖ ਸ਼ਰਧਾਲੂ ਪਟਨਾ ਸਾਹਿਬ ਤੋਂ ਆਪਣੇ ਘਰ ਮੁਹਾਲੀ ਪਰਤ ਰਹੇ ਸਨ। ਉਨ੍ਹਾਂ ਕਿਹਾ,‘‘ਭੋਜਪੁਰ ਦੇ ਚਾਰਪੋਖਰੀ ’ਚ ਧਾਰਮਿਕ ਪ੍ਰੋਗਰਾਮ ਅਤੇ ਅਸਥਾਨ ਦੀ ਉਸਾਰੀ ਲਈ ਦਾਨ ਨਾ ਦੇਣ ’ਤੇ ਭੀੜ ਨੇ ਉਨ੍ਹਾਂ ਦੇ ਵਾਹਨ ’ਤੇ ਹਮਲਾ ਕਰ ਦਿੱਤਾ। ਪਥਰਾਅ ’ਚ ਛੇ ਸਿੱਖ ਸ਼ਰਧਾਲੂ ਜ਼ਖ਼ਮੀ ਹੋਏ ਹਨ।’’ ਸਿੱਖ ਸ਼ਰਧਾਲੂ ਪਟਨਾ ’ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ’ਚ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਆਏ ਹੋਏ ਸਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਲੋਕਾਂ ਨੇ ਧਾਰਮਿਕ ਅਸਥਾਨ ਦੀ ਉਸਾਰੀ ਲਈ ਪੈਸੇ ਮੰਗੇ ਸਨ ਅਤੇ ਸ਼ਰਧਾਲੂਆਂ ਵੱਲੋਂ ਇਨਕਾਰ ਕੀਤੇ ਜਾਣ ’ਤੇ ਉਨ੍ਹਾਂ ਟਰੱਕ ਦੇ ਡਰਾਈਵਰ ਨੂੰ ਬਾਹਰ ਧੂਹ ਕੇ ਕੁੱਟ ਦਿੱਤਾ।

‘ਇਸ ਮਗਰੋਂ ਸ਼ਰਧਾਲੂ ਟਰੱਕ ਡਰਾਈਵਰ ਦੇ ਬਚਾਅ ਲਈ ਆਏ। ਜਦੋਂ ਤਲਖ਼ੀ ਵਧ ਗਈ ਤਾਂ ਭੀੜ ਨੇ ਸਿੱਖਾਂ ’ਤੇ ਪਥਰਾਅ ਕਰ ਦਿੱਤਾ ਜਿਸ ’ਚ ਕਈ ਲੋਕ ਜ਼ਖ਼ਮੀ ਹੋ ਗਏ।’ ਜ਼ਖ਼ਮੀ ਹੋੲੇ ਵਿਅਕਤੀਆਂ ਦਾ ਚਾਰਪੋਖਰੀ ਜਨ ਸਹਿਤ ਕੇਂਦਰ ’ਤੇ ਇਲਾਜ ਚੱਲ ਰਿਹਾ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ’ਚ ਪੁੱਛ-ਪੜਤਾਲ ਲਈ ਪੰਜ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਇਕ ਸ਼ਰਧਾਲੂ ਨੇ ਦੱਸਿਆ ਕਿ ਟਰੱਕ ’ਚ 58 ਵਿਅਕਤੀ ਸਵਾਰ ਸਨ। ਇਕ ਹੋਰ ਨੇ ਕਿਹਾ ਕਿ ਜਦੋਂ ਜਬਰੀ ਵਸੂਲੀ ਤੋਂ ਇਨਕਾਰ ਕੀਤਾ ਗਿਆ ਤਾਂ ਭੀੜ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਛੇ ਤੋਂ ਸੱਤ ਸ਼ਰਧਾਲੂ ਜ਼ਖ਼ਮੀ ਹੋਏ ਹਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਮੁੜ ਸੱਤਾ ’ਚ ਆਈ ਤਾਂ ‘ਮਾਫੀਆ ਰਾਜ’ ਦਾ ਭੋਗ ਪਏਗਾ: ਸਿੱਧੂ
Next articleਬਿਹਾਰ ’ਚ ਸਿੱਖ ਸੰਗਤ ’ਤੇ ਹਮਲਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਮੰਗੀ