ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਅਰਦਾਸ ਦਿਵਸ ਅਤੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਨਵਾਂਸ਼ਹਿਰ/ਬੰਗਾ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਦੀ ਯੋਗ ਅਗਵਾਈ ਹੇਠ ਅਰਦਾਸ ਦਿਵਸ ਅਤੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ ਉਪਰੰਤ ਕਾਲਜ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਸ੍ਰਵਣ ਕਰਵਾਇਆ ਗਿਆ।। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਵਿਦਿਆਰਥੀਆਂ ਅਤੇ ਸੰਸਥਾ ਦੀ ਚੜਦੀ ਕਲਾ ਲਈ ਕਾਮਨਾ ਵੀ ਕੀਤੀ ਗਈ। ਇਸ ਸਮਾਗਮ ਵਿੱਚ ਐੱਮ.ਐੱਲ.ਏ ਹਲਕਾ ਨਵਾਂਸ਼ਹਿਰ ਡਾ.ਨਛੱਤਰਪਾਲ ਨੇ ਮੁੱਖ ਮਹਿਮਾਨ ਵਜੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਡਾ.ਅਮਨਦੀਪ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ ਅਤੇ ਇੰਚਾਰਜ ਯੁਵਕ ਭਲਾਈ ਵਿਭਾਗ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ, ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਕੱਤਰ ਕਰਨਲ (ਰਿਟਾ.) ਜਸਮੇਰ ਸਿੰਘ ਬਾਲਾ ਜੀ ਨੇ ਸਰਪ੍ਰਸਤ ਵਜੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਕੀਤੀ।ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਜੀ ਨੇ ਸਭ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਨਛੱਤਰਪਾਲ ਜੀ ਨੇ ਇਲਾਕੇ ਵਿਚ ਕਾਲਜ ਦੇ ਮਿਆਰ ਦੀ ਸ਼ਲਾਘਾ ਕਰਦਿਆਂ ਹਰ ਮੋੜ’ ਤੇ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਾਲਜ ਦੇ ਸਾਬਕਾ ਵਿਦਿਆਰਥੀ ਹੋਣ ਦੇ ਨਾਤੇ ਮਾਣ ਮਹਿਸੂਸ ਕਰਦਿਆਂ ਵੱਖ ਵੱਖ ਖੇਤਰਾਂ ਵਿੱਚ ਸਨਮਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਰਨਲ ਬਾਲਾ ਜੀ ਨੇ ਸੰਬੋਧਿਤ ਹੁੰਦਿਆਂ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦੇਣ ਦੇ ਨਾਲ ਨਾਲ ਸੰਸਥਾ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਹੋਰ ਵਧੇਰੇ ਤਨਦੇਹੀ ਨਾਲ ਕਾਰਜ ਕਰਨ ਲਈ ਪ੍ਰੇਰਿਤ ਕਰਦਿਆਂ ਸਭ ਦਾ ਧੰਨਵਾਦ ਕੀਤਾ। ਡਾ.ਅਮਨਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਕਾਲਜ ਦੀ ਭਰਵੀਂ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਵਲੋਂ ਪ੍ਰਦਾਨ ਕੀਤੇ ਜਾਣ ਵਾਲੇ ਮੌਕਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਸਨਮਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਜਸਦੀਪ ਕੌਰ ਨੂੰ ਅਕਾਦਮਿਕ ਖੇਤਰ ਵਿਚ ਖੇਡਾਂ ਦੇ ਖੇਤਰ ਵਿਚ ਜਸਕਰਨ ਸਿੰਘ ਜੱਗਾ ਅਤੇ ਸੱਭਿਆਚਾਰਕ ਖੇਤਰ ਵਿਚ ਪ੍ਰਭਸਿਮਰਨ ਸਿੰਘ ਨੂੰ ਰੋਲ ਆਫ਼ ਆਨਰ ਦੇ ਨਾਲ ਨਿਵਾਜਿਆ ਗਿਆ ਅਤੇ ਗੋਲਡ ਮੈਡਲ ਮੁਸਕਾਨ, ਸਿਲਵਰ ਮੈਡਲ ਮੁਸਕਾਨ ਅਤੇ ਬ੍ਰਾਊਨਜ ਮੈਡਲ ਸਿਮਰਨਜੀਤ ਕੌਰ ਬੀ. ਕਾਮ ਨੂੰ ਦਿੱਤਾ ਗਿਆ। ਇਸ ਤਰ੍ਹਾਂ ਹੀ ਐੱਨ.ਸੀ.ਸੀ ਕੈਡਿਟ ਤਨੁਸ਼ ਪਰਿਹਾਰ ਅਤੇ ਐੱਨ. ਐੱਸ. ਐੱਸ ਵਲੰਟੀਅਰਾਂ ਵਿੱਚੋਂ ਗੁਰਪ੍ਰੀਤ ਸਿੰਘ ਅਤੇ ਸਿਮਰਨ ਨੂੰ ਸਨਮਾਨਿਤ ਕੀਤਾ ਗਿਆ।ਗੈਰ ਅਧਿਆਪਕ ਅਮਲੇ ਵਿੱਚੋਂ ਸ੍ਰੀ ਅਵਤਾਰ ਕੁਮਾਰ, ਅਸ਼ੀਸ਼ ਕੁਮਾਰ ਨੂੰ ਬੇਹਤਰੀਨ ਸੇਵਾਵਾਂ ਦੇ ਬਦਲੇ ਅਤੇ ਖੋਜ ਦੇ ਖੇਤਰ ਵਿਚ ਬੇਹਤਰੀਨ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਥਾਨਕ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ. ਜਰਨੈਲ ਸਿੰਘ ਪੱਲੀਝਿੱਕੀ, ਸ.ਮਲਕੀਤ ਸਿੰਘ ਬਾਹੜੋਵਾਲ, ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਮੈਂਬਰ ਸ. ਤਜਿੰਦਰ ਸਿੰਘ, ਸ. ਕਰਮਜੀਤ ਸਿੰਘ ਕਰਨਾਣਾ ਆਦਿ ਹਾਜ਼ਰ ਸਨ।ਇਸ ਮੌਕੇ ਕਰਨਲ ਜਸਮੇਰ ਸਿੰਘ ਬਾਲਾ ਵੱਲੋਂ ਸੰਪਾਦਿਤ ਪੁਸਤਕਾਂ ਵਿਦਿਆਰਥੀਆਂ ਅਤੇ ਮਹਿਮਾਨਾਂ ਨੂੰ ਭੇਂਟ ਕੀਤੀਆਂ ਗਈਆਂ ਜਦ ਕਿ ਡਾ. ਨਿਰਮਲਜੀਤ ਕੌਰ ਵੱਲੋਂ ਉਰਦੂ ਤੋਂ ਅਨੁਵਾਦਿਤ ਪੁਸਤਕ “ਮੈਂ ਭੰਨਾ ਦਿੱਲੀ ਦੇ ਕਿੰਗਰੇ” ਨੂੰ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਅਤੇ ਪ੍ਰੋ. ਤਜਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਸਮਾਗਮ ਦੇ ਕੋਆਰਡੀਨੇਟਰ ਡਾ. ਹਰਜੋਤ ਸਿੰਘ ਰਹੇ। ਸਮਾਗਮ ਦੇ ਅੰਤ ਵਿੱਚ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡਾ. ਇੰਦੂਰੱਤੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ। ਇਸ ਸਮਾਗਮ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰਾਜ ਦੇ ਸਕੂਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਕੀਤਾ ਜਾ ਰਿਹਾ ਹੈ ਲੈਸ – ਬ੍ਰਹਮ ਸ਼ੰਕਜ ਜਿੰਪਾ
Next articleਨਗਰ ਨਿਗਮ ਤੇ ਬੀਓਂਡ ਦੀ ਆਈ ਟਰੱਸਟ ਫਾਊਂਡੇਸ਼ਨ ਵਲੋਂ ਭੰਗੀ ਚੋਅ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ