ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵੱਲੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੇ ਸਹਿਯੋਗ ਨਾਲ 17ਵੇਂ ਸਤਿਯੁਗ ਕਲਾ ਤੇ ਸੰਗੀਤ ਉਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਤਰ ਸਕੂਲ ਕਲਾ,ਸੰਗੀਤ ਦੇ ਡਾਂਸ ਪ੍ਰਤੀਯੋਗਤਾ ਕਰਵਾਈ ਗਈ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਸਿਆਸੀ ਆਗੂ ਸਤਵੀਰ ਸਿੰਘ ਪੱਲੀ ਝਿੱਕੀ (ਸਾਬਕਾ ਚੇਅਰਮੈਨ, ਜ਼ਿਲ੍ਹਾ ਯੋਜਨਾ ਬੋਰਡ) ਹਾਜ਼ਰ ਹੋਏ। ਉਨ੍ਹਾਂ ਨਾਲ ਸ. ਜਰਨੈਲ ਸਿੰਘ ਪੱਲੀ ਝਿੱਕੀ (ਸਕੱਤਰ, ਸਥਾਨਕ ਪ੍ਰਬੰਧਕੀ ਕਮੇਟੀ) ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਸਮਾਗਮ ਦਾ ਸ਼ੁੱਭ-ਆਰੰਭ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ ਜਿਸ ਵਿੱਚ ਮਹਿਮਾਨਾਂ ਤੋਂ ਇਲਾਵਾ ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਦੇ ਪ੍ਰਿੰਸੀਪਲ ਦੀਪੇਂਦਰ ਕਾਂਤ ਤੇ ਪ੍ਰਤੀਯੋਗਤਾ ਨਿਰਣਾਇਕ ਪ੍ਰੋ. ਰਾਮਪਾਲ ਬੰਗਾ, ਪ੍ਰੋ. ਹਰਜਿੰਦਰ ਅਮਨ ਤੇ ਪ੍ਰੋ. ਰਿਤਿਕਾ ਮਹਿਰਾ ਮੌਜੂਦ ਸਨ। ਇਸ ਮੌਕੇ ਵਿਦਿਆਰਥੀਆਂ ਨੂੰ ਰੂ-ਬ-ਰੂ ਹੁੰਦਿਆਂ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਆਖਿਆ ਕਿ ਨੌਜਵਾਨਾਂ ਨੂੰ ਅਧਿਆਤਮਕ ਸਿੱਖਿਆ ਨਾਲ ਜੋੜਨ ਲਈ ਇਹਨਾਂ ਪ੍ਰਤੀਯੋਗਤਾਵਾਂ ਦੀ ਭੂਮਿਕਾ ਅਹਿਮ ਹੈ। ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਦੀਪੇਂਦਰ ਕਾਂਤ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਅੱਠ ਸਕੂਲਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਜ਼ਿੰਦਗੀ ਨੂੰ ਸਫ਼ਲ ਦਿਸ਼ਾ ਵੱਲ ਤੋਰਨ ਲਈ ਭੌਤਿਕ ਗਿਆਨ ਦੇ ਨਾਲ-ਨਾਲ ਅਧਿਆਤਮਕ ਗਿਆਨ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਮੌਕੇ ਕਲਾਸੀਕਲ ਗਾਇਨ (ਸੋਲੋ) ਗਰੁੱਪ ਗਾਇਨ, ਗਰੁੱਪ ਡਾਂਸ (ਡਿਵੋਸ਼ਨਲ), ਗਰੁੱਪ ਡਾਂਸ (ਫੋਕ) ਰੰਗੋਲੀ ਤੇ ਕਲਾਸੀਕਲ ਡਾਂਸ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ ਜਿਸ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਪਹਿਲੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਨੂੰ ਸੈਮੀਫਾਈਨਲ ਰਾਊਂਡ ਲਈ ਚੁਣਿਆ ਗਿਆ। ਇਸ ਮੌਕੇ ਡਾ. ਇੰਦੂ ਰੱਤੀ,ਪ੍ਰੋ. ਗੁਰਪ੍ਰੀਤ ਸਿੰਘ, ਸਕੂਲ ਇੰਚਾਰਜ ਜਤਿੰਦਰ ਮੋਹਨ, ਪ੍ਰੋ. ਮੋਹਣ ਸਿੰਘ, ਪ੍ਰੋ. ਰੂਬੀ, ਪ੍ਰੋ. ਅਨੀਤਾ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਾਹਿਬਾਨ ਤੇ ਸਤਿਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਦੇ ਸਮੂਹ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly