ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਾਲ 2024 ਦੇ ਕਲਾ ਉਤਸਵ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਸ. ਬਲਰਾਜ ਸਿੰਘ ਅਟਵਾਲ ਯੂ.ਕੇ,ਸ. ਮਨਰਾਜ ਸਿੰਘ ਬਿੰਦਰਾ ਯੂ.ਕੇ, ਡੀ.ਐੱਸ.ਪੀ ਦਲਜੀਤ ਸਿੰਘ ਖੱਖ ਤੇ ਸ. ਅਜਾਇਬ ਸਿੰਘ ਬਿੰਦਰਾ ਨੇ ਮਹਿਮਾਨ-ਏ-ਖ਼ਾਸ ਵਜੋਂ ਸ਼ਿਰਕਤ ਕੀਤੀ। ਉਨਾਂ ਦੇ ਨਾਲ ਪ੍ਰੋ. ਪਰਗਣ ਸਿੰਘ ਤੇ ਸ. ਬਲਜਿੰਦਰ ਸਿੰਘ ਅਟਵਾਲ ਵੀ ਵਿਸ਼ੇਸ਼ ਤੌਰ ਤੇ ਪੁੱਜੇ। ਸਮਾਗਮ ਦਾ ਆਗਾਜ਼ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤਾ ਗਿਆ। ਹਾਜ਼ਰੀਨ ਮਹਿਮਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਤੇ ਆਖਿਆ ਕਿ ਕਾਲਜ ਦੀ ਤਰੱਕੀ ਲਈ ਇਨ੍ਹਾਂ ਸ਼ਖ਼ਸੀਅਤਾਂ ਦਾ ਯੋਗਦਾਨ ਵੱਡਮੁੱਲਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮਾਗਮ ‘ਚ ਪੇਸ਼ ਹੋ ਰਹੀਆਂ ਟੀਮਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ ਯੂਥ ਫੈਸਟੀਵਲ ਦਾ ਹਿੱਸਾ ਬਣਨਗੀਆਂ। ਇਸ ਮੌਕੇ ਸ. ਬਲਰਾਜ ਸਿੰਘ ਅਟਵਾਲ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਜੋ ਕਿ ਕਾਲਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਆਰਥਿਕ ਯੋਗਦਾਨ ਪਾ ਸਕਣ ਦੇ ਪ੍ਰਮਾਤਮਾ ਨੇ ਕਾਬਲ ਕੀਤਾ। ਪ੍ਰੋ. ਪਰਗਣ ਸਿੰਘ ਹੁਰਾਂ ਨੇ ਯੂਥ ਫੈਸਟੀਵਲ ‘ਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਲੋਕ ਗੀਤ, ਗ਼ਜ਼ਲ, ਕਲਾਸੀਕਲ ਗਾਇਨ, ਲੁੱਡੀ, ਭੰਗੜਾ, ਥੀਏਟਰ, ਫਾਈਨ ਆਰਟਸ ਤੇ ਲਿਟਰੇਰੀ ਆਦਿ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ। ਡੀ. ਐੱਸ. ਪੀ ਦਲਜੀਤ ਸਿੰਘ ਖੱਖ ਨੇ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦੀ ਖ਼ੂਬ ਸ਼ਲਾਘਾ ਕੀਤੀ। ਮੰਚ ਸੰਚਾਲਨ ਪ੍ਰੋ. ਗੁਰਪ੍ਰੀਤ ਸਿੰਘ ਨੇ ਕੀਤਾ।ਆਏ ਹੋਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਡਾ. ਗੁਰਵਿੰਦਰ ਸਿੰਘ (ਡੀਨ ਕਲਚਰਲ) ਨੇ ਆਖੇ ਤੇ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ। ਇਸ ਮੌਕੇ ਕਲਾ ਤੇ ਸੱਭਿਆਚਾਰ ਵਿਭਾਗ ਨਾਲ ਜੁੜੇ ਕਾਲਜ ਦੇ ਸਮੂਹ ਕਰਮਚਾਰੀ ਪ੍ਰੋ. ਮਨੀਸ਼ ਸੰਧੀਰ, ਡਾ. ਨਿਰਮਲਜੀਤ ਕੌਰ,ਪ੍ਰੋ. ਨੀਲਮ ਕੁਮਾਰੀ, ਡਾ. ਕੁਮਾਰੀ ਸਿਖਾ,ਪ੍ਰੋ. ਕਿਸ਼ੋਰ,ਪ੍ਰੋ. ਦਿਲ ਨਿਵਾਜ,ਪ੍ਰੋ. ਨੀਤੂ ਸਿੰਘ, ਪ੍ਰੋ. ਸ਼ਾਮ ਸਿੰਘ,ਪ੍ਰੋ. ਸਾਕਸ਼ੀ, ਪ੍ਰੋ. ਮੰਜੂ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly