ਸਿੱਖ ਨੈਸ਼ਨਲ ਕਾਲਜ ਬੰਗਾ ਦੀ ਵਿਦਿਆਰਥਣ ਇੰਦਰਪ੍ਰੀਤ ਕੌਰ ਕਾਵਿ ਉਚਾਰਨ ਮੁਕਾਬਲੇ ‘ਚ ਦੂਜੇ ਸਥਾਨ ‘ਤੇ

ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਸਿੱਖ ਨੈਸ਼ਨਲ ਕਾਲਜ ਚਰਨ ਕੰਵਲ ਬੰਗਾ ਦੀ ਹੋਣਹਾਰ ਵਿਦਿਆਰਥਣ ਇੰਦਰਪ੍ਰੀਤ ਕੌਰ ਕਲਾਸ ਐੱਮ.ਏ (ਪੰਜਾਬੀ) ਨੇ ਕਾਵਿ ਉਚਾਰਨ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵੱਲੋਂ ਸੰਸਥਾ ਦਾ ਸਥਾਪਨਾ ਦਿਵਸ ਆਯੋਜਿਤ ਕਰਦਿਆਂ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦਾ ਕਾਵਿ ਉਚਾਰਨ ਮੁਕਾਬਲਾ ਤੇ ਸਾਹਿਤਕ ਖੇਤਰ ‘ਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ ਸਾਡੀ ਵਿਦਿਆਰਥਣ ਇੰਦਰਪ੍ਰੀਤ ਕੌਰ ਨੇ ਇਨ੍ਹਾਂ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਸਮਾਗਮ ਵਿੱਚ ਸ਼ਾਮਲ ਉੱਘੀਆਂ ਸਖਸ਼ੀਅਤਾਂ ਜਿਨ੍ਹਾਂ ਵਿੱਚ ਕਵੀ ਹਰਮੀਤ ਵਿਦਿਆਰਥੀ, ਗ਼ਜ਼ਲਗੋ ਗੁਰਦਿਆਲ ਰੌਸ਼ਨ ਤੇ ਸੁਰਜੀਤ ਮਜਾਰੀ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦਿਆਂ ਉਸ ਦੁਆਰਾ ਸਾਹਿਤ ਤੇ ਮਾਂ ਬੋਲੀ ਦੇ ਵਿਕਾਸ ਲਈ ਦਿੱਤੀਆਂ ਸਮਰਪਿਤ ਸੇਵਾਵਾਂ ਲਈ ਇੱਕ ਸਨਮਾਨ ਪੱਤਰ ਵੀ ਦਿੱਤਾ। ਜ਼ਿਕਰਯੋਗ ਹੈ ਕਿ ਵਿਦਿਆਰਥਣ ਗੁਰਬਾਣੀ ਦੇ ਵਾਕ, ਕਵਿਤਾਵਾਂ ਦੀਆਂ ਸਤਰਾਂ, ਵਿਦਵਾਨਾਂ ਦੀਆਂ ਕਹੀਆਂ ਕੀਮਤੀ ਗੱਲਾਂ ਨੂੰ ਕੈਲੀਗ੍ਰਾਫੀ (ਅੱਖਰਕਾਰੀ) ਰਾਹੀਂ ਲਿਖਦੀ ਹੈ ਤੇ ਇਨ੍ਹਾਂ ਤਿਆਰ ਅੱਖਰਕਾਰੀ ਦੇ ਪੋਸਟਰਾਂ ਨੂੰ ਕਲਾ ਪ੍ਰਦਰਸ਼ਨੀਆਂ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾ ਚੁੱਕਾ ਹੈ।। ਪ੍ਰਿੰ. ਡਾ. ਤਰਸੇਮ ਸਿੰਘ ਨੇ ਇਹ ਵੀ ਦੱਸਿਆ ਕਿ ਵਿਦਿਆਰਥਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਦੇ ਵੱਖ-ਵੱਖ ਸੰਗੀਤਕ ਮੁਕਾਬਲਿਆਂ ਦੀ ਜੇਤੂ ਹੈ ਤੇ ਐੱਨ.ਐੱਸ.ਐੱਸ. ਦੀਆਂ ਪ੍ਰਾਪਤੀਆਂ ਤੋਂ ਇਲਾਵਾ ਲੋਕ ਨਾਚਾਂ ਤੇ ਥੀਏਟਰ ਪ੍ਰਤੀਯੋਗਤਾਵਾਂ ਦੀ ਵੀ ਅੱਵਲ ਹੈ। ਇਸ ਮੌਕੇ ਸਮੂਹ ਸਟਾਫ਼ ਨੇ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਤੇ ਬਿਹਤਰੀਨ ਭਵਿੱਖ ਲਈ ਸ਼ੁੱਭ-ਕਾਮਨਾਵਾਂ ਭੇਟ ਕੀਤੀਆਂ। ਇਸ ਮੌਕੇ ਸ. ਪਰਮਜੀਤ ਸਿੰਘ (ਸੁਪ੍ਰਿੰਟੈਂਡੈਂਟ) ਤੇ ਪ੍ਰੋ. ਗੁਰਪ੍ਰੀਤ ਸਿੰਘ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੈਂ ਪਹਿਲਾਂ ਦੀ ਤਰ੍ਹਾਂ ਬਸਪਾ ਦੇ ਲਈ ਮਿਹਨਤ ਕਰਦਾ ਰਹਾਂਗਾ –ਕੁਲਦੀਪ ਸਿੰਘ ਸਰਦੂਲਗੜ੍ਹ
Next articleਸੈਂਕੜੇ ਸਾਥੀਆਂ ਸਮੇਤ ਬਸਪਾ ਵਿੱਚ ਸ਼ਾਮਲ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ