ਏਹੁ ਹਮਾਰਾ ਜੀਵਣਾ ਹੈ -339 (ਸਾਉਣ ਮਹੀਨੇ ਦਾ ਮਹੱਤਵ)

ਬਰਜਿੰਦਰ ਕੌਰ ਬਿਸਰਾਓ...

ਸਮਾਜ ਵੀਕਲੀ

ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਹੀਆਂ ਧੀਆਂ ਨੂੰ ਸੰਧਾਰੇ ਭੇਜਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਸਖੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਸਾਡੇ ਪੰਜਾਬੀ ਸੱÎਭਿਆਚਾਰ ਉੱਤੇ ਪੈ ਰਹੇ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ‘ਚੋਂ ਤੀਆਂ ਦੇ ਪਿੜ ਅਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਪਹਿਲਾਂ ਔਰਤਾਂ ਨੂੰ ਸਾਉਣ ਮਹੀਨੇ ਦੀ ਉਡੀਕ ਰਹਿੰਦੀ ਸੀ ਪਰ ਹੁਣ ਲੋਕਾਂ ਵਿੱਚੋਂ ਪਿਆਰ ਦੀ ਖਿੱਚ ਘਟਣ ਕਰ ਕੇ ਤੀਆਂ ਦਾ ਰੰਗ ਵੀ ਫਿੱਕਾ ਪੈ ਗਿਆ ਹੈ। ਪੰਜਾਬ ਦੇ ਰੰਗ-ਬਿਰੰਗੇ, ਨੱਚਣ-ਗਾਉਣ ਵਾਲੇ ਤਿਉਹਾਰਾਂ ਪਿੱਛੇ ਕੋਈ ਇੱਕ ਕਾਰਨ ਨਹੀਂ ਹੈ, ਇਨ੍ਹਾਂ ਪਿੱਛੇ ਬਹੁਤ ਅਜਿਹੇ ਕਾਰਨ ਹਨ, ਜੋ ਪੁਰਾਣੇ ਹੱਸਦੇ-ਵੱਸਦੇ ਪੰਜਾਬ ਦੇ ਖੁੱਲ੍ਹ-ਦਿਲੇ ਲੋਕਾਂ ਦੀ ਭਾਈਚਾਰਕ ਸਾਂਝ ਹੈ। ਸਾਉਣ ਮਹੀਨਾ ਅਤੇ ਇਸ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਬਹੁਤ ਖੂਬਸੂਰਤ ਰੰਗ ਹਨ।

ਹਿੰਦੂ ਧਰਮ ਵਿੱਚ ਸਾਉਣ ਮਹੀਨੇ ਦਾ ਖ਼ਾਸ ਮਹੱਤਵ ਮੰਨਿਆ ਗਿਆ ਹੈ। ਇਹ ਮਹੀਨਾ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਨੂੰ ਸਮਰਪਿਤ ਹੈ। ਵੈਦਿਕ ਚਿੰਤਨ ਪ੍ਰੰਪਰਾ ’ਚ ਸਾਉਣ ਮਹੀਨੇ ਦਾ ਸਬੰਧ ਵੇਦ ਸ਼ਾਸਤਰਾਂ ਦੇ ਅਧਿਐਨ, ਸੁਣਨ, ਪੜ੍ਹਣ ਅਤੇ ਉਨ੍ਹਾਂ ਦੇ ਚਿੰਤਨ-ਮਨਨ ਨਾਲ ਹੈ। ਸਾਉਣ ਦਾ ਅਰਥ ਹੈ ਸੁਣਨਾ ਭਾਵ ਪ੍ਰਾਚੀਨ ਕਾਲ ’ਚ ਗ੍ਰਹਿਸਥੀ ਲੋਕ ਰਿਸ਼ੀ-ਮੁਨੀਆਂ ਦੇ ਮੁੱਖ ਤੋਂ ਇਸ ਸਾਉਣ  ਮਹੀਨੇ ’ਚ ਅਧਿਆਤਮਕਤਾ ਦੇ ਗੂੜ੍ਹੇ ਰਹੱਸਾਂ ਨੂੰ ਸੁਣਿਆ ਕਰਦੇ ਸਨ ਤੇ ਫਿਰ ਆਪ ਵੇਦ ਆਦਿ ਗ੍ਰੰਥਾਂ ਦਾ ਸਵੈ-ਅਧਿਐਨ ਕਰਦੇ ਸਨ।ਜਿਸ ਕਰਕੇ ਸ਼ੁਰੂ ਤੋਂ ਹੀ ਇਸ ਪੂਰੇ ਮਹੀਨੇ ਵਿੱਚ ਲੋਕਾਂ ਵਿੱਚ ਧਾਰਮਿਕ ਭਾਵ ਬਹੁਤ ਪ੍ਰਬਲ ਰਿਹਾ ਹੈ। ਇਸ ਸਾਲ ਸਾਉਣ ਮਹੀਨਾ 59 ਦਿਨਾਂ ਦਾ ਹੈ। ਇਸ ਵਾਰ 8 ਸੋਮਵਾਰ ਵਰਤ ਰੱਖੇ ਜਾਣਗੇ। ਸਾਉਣ ਦਾ ਮਹੀਨਾ ਆਮ ਤੌਰ ‘ਤੇ ਬਾਕੀ ਮਹੀਨਿਆਂ ਵਾਂਗ 30 ਦਿਨਾਂ ਦਾ ਹੁੰਦਾ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ 19 ਸਾਲ ਬਾਅਦ ਇਸ ਤਰ੍ਹਾਂ ਹੋਣ ਜਾ ਰਿਹਾ ਹੈ। ਹਿੰਦੂ ਪੰਚਾਂਗ ਵਿਕਰਮ ਸੰਮਤ 2080 ਵਿੱਚ, ਇਸ ਸਾਲ ਵਾਧੂ ਇੱਕ ਮਹੀਨਾ ਪੈ ਰਿਹਾ ਹੈ। ਇਸ ਤਰ੍ਹਾਂ ਇਹ ਸਾਲ ਪੂਰੇ 13 ਮਹੀਨੇ ਦਾ ਹੈ। ਹਿੰਦੂ ਕੈਲੰਡਰ ਦੇ ਅਨੁਸਾਰ, ਇਸ ਸਾਲ ਸਾਉਣ 4 ਜੁਲਾਈ ਤੋਂ ਸ਼ੁਰੂ ਹੋ ਕੇ ਸਮਾਪਤੀ 31 ਅਗਸਤ ਨੂੰ ਹੋਵੇਗੀ ਪਰ ਇਸ ਸਾਲ ਹੋਰ ਮਹੀਨੇ ਹੋਣ ਕਾਰਨ ਪੂਰੇ ਦੋ ਮਹੀਨੇ ਸਾਉਣ ਰਹੇਗਾ। ਸਾਉਣ ਦਾ ਪਹਿਲਾ ਸੋਮਵਾਰ 10 ਜੁਲਾਈ 2023 ਨੂੰ ਸੀ। ਇਸ ਨਾਲ ਅੱਠਵਾਂ ਸੋਮਵਾਰ 28 ਅਗਸਤ ਨੂੰ ਪਵੇਗਾ। ਸਨਾਤਨ ਧਰਮ ਵਿੱਚ ਸਾਉਣ ਦਾ ਮਹੀਨਾ ਇਸ ਲਈ ਵਿਸ਼ੇਸ਼ ਮਹੱਤਵ ਵਾਲਾ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਭਗਵਾਨ ਸ਼ਿਵ ਪੂਰੇ ਬ੍ਰਹਿਮੰਡ ਨੂੰ ਸੰਚਾਰ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਉਹ ਆਪਣੇ ਸ਼ਰਧਾਲੂਆਂ ਦੀਆਂ ਪ੍ਰਾਰਥਨਾਵਾਂ ਨੂੰ ਆਸਾਨੀ ਨਾਲ ਸੁਣਦੇ ਹਨ। ਸਾਉਣ ਦੌਰਾਨ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕਰਨ ਦੇ ਨਾਲ-ਨਾਲ ਉਹ ਸ਼ਿਵਲਿੰਗ ਦਾ ਜਲਾਭਿਸ਼ੇਕ, ਦੁੱਧ ਅਭਿਸ਼ੇਕ ਕਰਾਕੇ,ਬੇਲ ਪੱਤਰ, ਫ਼ਲ ਅਤੇ ਹੋਰ ਬਹੁਤ ਕੁਝ ਚੜ੍ਹਾ ਕੇ ਬਹੁਤ ਖੁਸ਼ ਹੁੰਦੇ ਹਨ। ਇਸ ਦੇ ਨਾਲ ਹੀ ਸਾਉਣ ਦੌਰਾਨ ਕਾਂਵੜ ਯਾਤਰਾ ਦਾ ਵੀ ਵਿਸ਼ੇਸ਼ ਮਹੱਤਵ ਹੈ। ਸ਼ਿਵ ਦਾ ਅਰਥ ਹੈ ਕਲਿਆਣ ਹੈ,ਇਸ ਲਈ ਸਾਉਣ ਮਹੀਨੇ ’ਚ ਕੀਤੀ ਗਈ ਸਾਧਨਾ, ਸੰਜਮ ਨਾਲ ਮਨੁੱਖ ਆਪਣੀ ਜ਼ਿੰਦਗੀ ’ਚ ਆਤਮਿਕ ਕਲਿਆਣ ਨੂੰ ਪ੍ਰਾਪਤ ਕਰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਮਹੀਨਾ ਅਧਿਆਤਮਿਕ ਵੈਦਿਕ ਯੱਗ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਹਰ ਤਰ੍ਹਾਂ ਦੇ ਕਸ਼ਟਾਂ ਨੂੰ ਦੂਰ ਕਰਦਾ ਹੈ। ਇਸ ਮਹੀਨੇ ਅਧਿਆਤਮਿਕ ਸ਼ਕਤੀਆਂ ਨੂੰ ਸ਼ੁੱਧ ਕਰਕੇ ਸ਼ਿਵਤਵ ਦੇ ਆਲੌਕਿਕ ਮਾਰਗ ’ਤੇ ਵਧਣ ਅਤੇ ਆਪਣੇ ਜ਼ਿੰਦਗੀ ਵਿੱਚ ਸ਼ਿਵਤਵ ਨੂੰ ਗ੍ਰਹਿਣ ਕਰਨ ਦਾ ਪਵਿੱਤਰ ਸਮਾਂ ਮੰਨਿਆ ਜਾਂਦਾ ਹੈ। ਸਾਉਣ ਮਹੀਨੇ ਦੀ ਖੁਸ਼ੀ ਵਿੱਚ ਕਈ ਥਾਵਾਂ ਤੇ ਮੇਲੇ ਵੀ ਲਗਾਏ ਜਾਂਦੇ ਹਨ।
       ਵੈਸੇ ਵੀ  ਸਾਉਣ ਦਾ ਮਹੀਨਾ ਉੱਤਰੀ ਭਾਰਤ ਦੇ ਲੋਕਾਂ ਲਈ ਬਹੁਤ ਮਹੱਤਵ ਰੱਖਦਾ ਹੈ। ਜੇਠ, ਹਾੜ ਦੀ ਅੰਤਾਂ ਦੀ ਗਰਮੀ ਤੋਂ ਬਾਅਦ ਸਾਉਣ ਦੇ ਮੀਂਹ ਜਿੱਥੇ ਲੂਸੀ ਹੋਈ ਧਰਤੀ ਤੇ ਪ੍ਰਕਿਰਤੀ ਉੱਤੇ ਠੰਡ ਪਾਉਂਦੇ ਹਨ ਉੱਥੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲਦੀ  ਹੈ। ਗਰਮੀ ਨਾਲ ਬਨਸਪਤੀ, ਫ਼ਸਲਾਂ ਆਦਿ ਦਾ ਬੁਰਾ ਹਾਲ ਹੋਇਆ ਹੁੰਦਾ ਹੈ। ਸਾਉਣ ਦੇ ਮੀਹਾਂ ਨਾਲ਼ ਫ਼ਸਲਾਂ, ਫੁੱਲ, ਬੂਟੇ ਤੇ ਦਰੱਖਤ ਲਹਿਲਹਾਉਣ ਲੱਗਦੇ ਹਨ ਤੇ ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਣ ਲੱਗਦੀ ਹੈ ਜਿਸਨੂੰ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਕੁਦਰਤ ਵਿੱਚ ਖੇੜਾ ਆ ਗਿਆ ਹੋਵੇ ਤੇ ਉਸ ਵਿੱਚ ਵੀ ਜੀਵਨ ਧੜਕ ਰਿਹਾ ਹੋਵੇ।ਇਸ ਤਰ੍ਹਾਂ ਵੱਖ ਵੱਖ ਰੁੱਤਾਂ ਦਾ ਆਨੰਦ ਮਾਣਦੇ ਹੋਏ ਜੀਵਨ ਬਤੀਤ ਕਰਨਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਲ ਆਈ ਏ ਤੇ ਇੰਡਸ ਗਰੁੱਪ ਨੇ ਮੀਂਹ ਪੀੜ੍ਹਤ ਝੁੱਗੀ -ਝੋਪੜੀ ਵਾਲਿਆਂ ਨੂੰ ਰਾਸ਼ਨ ਵੰਡਿਆ
Next articleਸ਼ੁਭ ਸਵੇਰ ਦੋਸਤੋ