(ਸਮਾਜਵੀਕਲੀ)- ਭਾਸ਼ਾ ਜਾਂ ਬੋਲੀ ਦਾ ਨਿਕਾਸ ਤੇ ਵਿਕਾਸ ਮਨੁੱਖੀ ਮਨਾਂ ਵਿੱਚ ਉੱਠਦਿਆਂ ਵਲਵਲਿਆਂ ਅਤੇ ਮਨੋ ਭਾਵਾਂ ਨੂੰ ਪ੍ਰਗਟਾਉਣ ਲਈ ਹੋਇਆ ।ਬੋਲੀ ਹੀ ਮਨੁੱਖ ਨੂੰ ਬਾਕੀ ਪ੍ਰਾਣੀਆਂ ਨਾਲੋਂ ਨਿਖੇੜਦੀ ਹੈ । ਇਸਦੀ ਅਣਹੋਂਦ ਵਿੱਚ ਅਜੋਕੇ ਸੱਭਿਅਕ ਮਨੁੱਖ ਦੀ ਕਲਪਨਾ ਕਰਨਾ ਅਸੰਭਵ ਸੀ ।
ਕਿਉਂ ਜੋ ਸਮੁੱਚੇ ਸੰਸਾਰ ਦੇ ਵੱਖ ਵੱਖ ਖਿੱਤਿਆਂ ਵਿੱਚ ਹਜ਼ਾਰਾਂ ਬੋਲੀਆਂ ਅਤੇ ਉਪ ਬੋਲੀਆਂ ਦੀ ਵਰਤੋਂ ਸੰਚਾਰ ਸਾਧਨ ਵਜੋਂ ਕੀਤੀ ਜਾਂਦੀ ਹੈ।
ਅਜੋਕੇ ਡਿਜੀਟਲ ਯੁੱਗ ਦੇ ਸਮਿਆਂ ਦੌਰਾਨ ਵਿਗਿਆਨ, ਸੰਚਾਰ- ਸਾਧਨਾ ਅਤੇ ਭੌਤਿਕੀ ਤਰੱਕੀ ਦੀਆਂ ਲੀਹਾਂ ਨੂੰ ਸਰ ਕਰਦਿਆਂ ਸਮੁੱਚੀ ਮਾਨਵਜਾਤੀ ਹਜ਼ਾਰਾਂ ਲੱਖਾਂ ਮੀਲਾਂ ਦੀ ਦੂਰੀ ਨੂੰ ਮਨਫੀ ਕਰਨ ਦੇ ਸਮਰੱਥ ਹੋਈ ਹੈ ।
ਆਦਿ ਮਾਨਵ ਤੋਂ ਅਜੋਕੇ ਸੱਭਿਅਕ ਤੇ ਵਿਕਸਤ ਮਨੁੱਖ ਤਕ ਹਜ਼ਾਰਾਂ ਸਾਲਾਂ ਦੇ ਵਿਕਾਸਕਾਰੀ ਸਫਰ ਦੇ ਨਤੀਜੇ ਵਜੋਂ ਸਮਾਜਿਕ, ਸੱਭਿਆਚਾਰਕ, ਆਰਥਿਕ, ਰਾਜਨੀਤਕ ਪ੍ਰਭਾਵਾਂ ਦਾ ਆਦਾਨ ਪ੍ਰਦਾਨ ਹੀ ਨਹੀਂ ਹੋਇਆ ਬਲਕਿ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਉੱਪਰ ਵੀ ਅੰਤਰਰਾਸ਼ਟਰਵਾਦ ਨੇ ਆਪਣੀ ਅਮਿੱਟ ਛਾਪ ਛੱਡੀ ਹੈ। ਅਜਿਹੇ ਪ੍ਰਭਾਵੀ ਕਾਰਨਾਂ ਸਦਕਾ ਸੰਸਾਰ ਭਰ ਵਿਚ ਕਈ ਭਾਸ਼ਾਵਾਂ ਦੇ ਅਲੋਪ ਹੋ ਜਾਣ ਦੇ ਖ਼ਦਸ਼ੇ ਪ੍ਰਤੀਤ ਕੀਤੇ ਜਾ ਰਹੇ ਹਨ ਤਾਂ ਅਜਿਹੀਆਂ ਸਥਿਤੀਆਂ ਦੌਰਾਨ ਵੱਖ -ਵੱਖ ਬੋਲੀਆਂ, ਉਪਬੋਲੀਆਂ ਅਤੇ ਭਾਸ਼ਾਈ ਵੰਨਗੀਆਂ ਨੂੰ ਸੁਰੱਖਿਅਤ ਕਰਨਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਦੇਸ਼ਾਂ-ਵਿਦੇਸ਼ਾਂ ਵਿੱਚ ਬੋਲੀਆਂ ਜਾਣ ਵਾਲੀਆਂ ਇਹ ਭਾਸ਼ਾਵਾਂ ਉਨ੍ਹਾਂ ਰਾਸ਼ਟਰਾਂ ਦੇ ਸੱਭਿਆਚਾਰ, ਗੌਰਵ, ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਮੰਨੀਆਂ ਜਾਂਦੀਆਂ ਹਨ । ਨਤੀਜਨ ਸਰਕਾਰਾਂ ਵੱਲੋਂ ਪ੍ਰਾਂਤਕ ਭਾਸ਼ਾਵਾਂ ਜਾਂ ਬੋਲੀਆਂ ਨੂੰ ਸਾਂਭਣ ਅਤੇ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾਣੇ ਸੁਭਾਵਿਕ ਹਨ ।
ਇਨ੍ਹਾਂ ਉਪਰਾਲਿਆਂ ਨੂੰ ਸਾਰਥਕ ਢੰਗਾਂ, ਨੀਤੀਆਂ ਜਾਂ ਤੌਰ- ਤਰੀਕਿਆਂ ਨਾਲ ਲਾਗੂ ਕਰਨ- ਕਰਵਾਉਣ ਲਈ ਮਾਂ ਬੋਲੀ ਦੇ ਪ੍ਰੇਮੀ, ਕਵੀ, ਗੀਤਕਾਰ, ਗਾਇਕ, ਨਾਵਲਕਾਰਾਂ ਤੋਂ ਇਲਾਵਾ ਸਾਹਿਤਕ ਮੱਸ ਰੱਖਣ ਵਾਲਾ ਹਰੇਕ ਮੁਜੱਸਮਾ ਯਤਨਸ਼ੀਲ ਹੈ ।
ਸਰਕਾਰਾਂ ਵੱਲੋਂ ਇਸ ਅਹਿਮ ਤੇ ਪਵਿੱਤਰ ਕਾਰਜ ਨੂੰ ਨੇਪਰੇ ਚੜ੍ਹਾਉਣ ਤੇ ਲਾਗੂ ਕਰਵਾਉਣ ਲਈ ਸਮੇਂ ਸਮੇਂ ਤੇ ਯੋਗ ਅਤੇ ਤਜਰਬੇਕਾਰ ਅਫਸਰਾਂ ਦੇ ਹੱਥ ਭਾਸ਼ਾ ਵਿਭਾਗ ਪੰਜਾਬ ਦੀ ਵਾਗਡੋਰ ਫੜਾਈ ਗਈ ਤਾਂ ਜੋ ਕਿ ਮਾਂ ਬੋਲੀ ਪੰਜਾਬੀ ਨੂੰ ਵੱਧ ਤੋਂ ਵੱਧ ਪ੍ਰਫੁੱਲਤ ਕਰਨ ਲਈ ਪਹਿਲਕਦਮੀਆਂ ਹੀ ਨਾ ਕੀਤੀਆਂ ਜਾਣ ਬਲਕਿ ਪੰਜਾਬ ,ਪੰਜਾਬੀਅਤ ਦੀ ਮਾਣ, ਸਤਿਕਾਰ ਤੇ ਪਛਾਣ “ਪੰਜਾਬੀ ਭਾਸ਼ਾ ” ਦੇ ਵੱਧ ਤੋਂ ਵੱਧ ਵਿਕਾਸ ਹਿੱਤ ਜਿੱਥੇ ਸਾਹਿਤਕ ਸ਼ਖ਼ਸੀਅਤਾਂ ਆਪਣਾ ਯੋਗਦਾਨ ਪਾ ਰਹੀਆਂ ਹਨ ਉਥੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਵੀ ਉਸਾਰੂ ਤੇ ਸਾਰਥਕ ਉਪਰਾਲੇ ਆਰੰਭੇ ਗਏ ਹਨ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਭਰਤੀ ਦੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਪੰਜਾਬੀ ਭਾਸ਼ਾ ਦੇ ਮਾਧਿਅਮ ਨੂੰ ਲਾਗੂ ਕਰਨ ਦੀ ਸਿਫ਼ਾਰਸ਼ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਅਦਬ ਤੇ ਸਤਿਕਾਰ ਵਜੋਂ ਵੇਖਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਲੰਮੇ ਅਰਸੇ ਤੋਂ ਖਾਲੀ ਪਈਆਂ ਜ਼ਿਲ੍ਹਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਵਿਰੁੱਧ ਸਿੱਖਿਆ ਵਿਭਾਗ ਪੰਜਾਬ ਵਿੱਚੋਂ ਡੈਪੂਟੇਸ਼ਨ ਦੇ ਆਧਾਰ ਤੇ ਪੰਜਾਬੀ ਅਧਿਆਪਕਾਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਨਿਯੁਕਤ ਕਰਵਾਉਣਾ ਵੀ ਸਲਾਹੁਣਯੋਗ ਉਪਰਾਲਾ ਹੈ ।
ਭਾਸ਼ਾ ਅਫ਼ਸਰਾਂ ਰਾਹੀਂ ਸਕੂਲ ਮੁਖੀਆਂ ਅਤੇ ਸਾਹਿਤ ਪ੍ਰੇਮੀਆਂ ਨਾਲ ਨਿਰੰਤਰ ਮੀਟਿੰਗਾਂ ਤੇ ਸਭਾਵਾਂ ਵਿੱਚ ਮਿਲੇ ਸੁਝਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਯਤਨਾਂ ਤਹਿਤ ਪੰਜਾਬ ਭਰ ਦੇ ਮਿਡਲ, ਹਾਈ ,ਸੈਕੰਡਰੀ ਸਕੂਲਾਂ ਵਿੱਚ ਭਾਸ਼ਾ ਮੰਚਾਂ ਦਾ ਗਠਨ ਕਰਵਾਉਣਾ ਮਾਂ ਬੋਲੀ ਪੰਜਾਬੀ ਦੇ ਘਣਛਾਵੇਂ ਬੂਟੇ ਦੀਆਂ ਜੜ੍ਹਾਂ ਵਿਚ ਖਾਦ ਪਾਣੀ ਪਾਉਣ ਦੇ ਤੁੱਲ ਹੈ । ਸਕੂਲ ਸਿੱਖਿਆ ਦੀ ਨਬਜ਼ ਨੂੰ ਪਹਿਚਾਨਣ ਵਾਲੇ ਇਸ ਉੱਚ ਅਧਿਕਾਰੀ ਦੁਆਰਾ ਇਨ੍ਹਾਂ ਭਾਸ਼ਾ ਮੰਚਾਂ ਰਾਹੀਂ ਬਾਲ ਮਨਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਅਦਬ ਪ੍ਰੇਮ ਸਤਿਕਾਰ ਨੂੰ ਉਪਜਾਉਣਾ ਵੀ ਸਲਾਹੁਣ ਯੋਗ ਹੰਭਲਾ ਹੈ ।
ਭਾਸ਼ਾ ਵਿਭਾਗ ਪੰਜਾਬ ਦੁਆਰਾ ਰਿਲੀਜ਼ ਕੀਤੇ ਜਾਂਦੇ ਪੰਜਾਬੀ, ਹਿੰਦੀ ਅਤੇ ਉਰਦੂ ਦੇ ਰਸਾਲਿਆਂ ਨੂੰ ਸਕੂਲ ਲਾਇਬਰੇਰੀਆਂ ਦਾ ਸ਼ਿੰਗਾਰ ਬਣਾਉਣ ਦੀ ਤਾਕੀਦ ਕਰਨਾ ਤਾਂ ਜੋ ਕਿ ਵਿਦਿਆਰਥੀ ਕਵਿਤਾ, ਕਹਾਣੀ ,ਗੀਤ, ਗ਼ਜ਼ਲਾਂ ਅਤੇ ਲੇਖ ਵਰਗੀਆਂ ਵੱਖ ਵੱਖ ਸਾਹਿਤਕ ਵੰਨਗੀਆਂ ਨਾਲ ਜੁੜਦਿਆਂ ਪੰਜਾਬੀ ਭਾਸ਼ਾ ਦੇ ਨਾਲ ਨਾਲ ਆਪਣੀਆਂ ਮਾਤ ਭਾਸ਼ਾਵਾਂ ਸੁਰੱਖਿਅਤ ਰੱਖ ਸਕਣ । ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੀ ਸਕੱਤਰ ਦੁਆਰਾ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਵਿਸ਼ੇਸ਼ ਤੌਰ ਤੇ ਸਕੂਲਾਂ ਵਿਚ ਗਠਿਤ ਕੀਤੇ ਭਾਸ਼ਾ ਮੰਚ ਹਾਂ ਪੱਖੀ ਅਤੇ ਸਾਰਥਕ ਸਿੱਧ ਹੋਣਗੇ ।
ਜਰੂਰਤ ਹੈ ਸਕੂਲ ਮੁਖੀਆਂ ਦੁਆਰਾ ਇਨ੍ਹਾਂ ਭਾਸ਼ਾ ਮੰਚਾਂ ਦੇ ਯੋਗ ਸੰਚਾਲਨ ਵਾਸਤੇ ਵੱਧ ਤੋਂ ਵੱਧ ਅਧਿਆਪਕਾਂ ,ਵਿਦਿਆਰਥੀਆਂ, ਮਾਪਿਆਂ , ਲਾਇਬਰੇਰੀ ਇੰਚਾਰਜਾਂ ਅਤੇ ਸਹਿਤਕ ਸ਼ਖ਼ਸੀਅਤਾਂ ਰਾਹੀਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨਾਲ ਜੁੜੇ ਇਸ ਅਹਿਮ ਤੇ ਪਵਿੱਤਰ ਕਾਰਜ ਨੂੰ ਲਗਨ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ ।
ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ :95308-20106
———- Forwarded message ———
From: harbhinder singh <[email protected]>
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly