ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਰਣਨੀਤਕ ਸਲਾਹਕਾਰ ਤੇ ਸਾਬਕਾ ਪੁਲੀਸ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ‘ਬੇਨਕਾਬ’ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਲੜੀਵਾਰ ਟਵੀਟ ਵਿੱਚ ਕਿਹਾ ਕਿ ਉਨ੍ਹਾਂ ਕੋਲ ਅਮਰਿੰਦਰ ਸਿੰਘ ਦੇ ‘ਗਲਤ ਕੰਮਾਂ’ ਦੇ ਸਬੂਤਾਂ ਦਾ ‘ਪਹਾੜ’ ਹੈ, ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਸਾਬਕਾ ਪੁਲੀਸ ਅਧਿਕਾਰੀ ਨੇ ਕੈਪਟਨ ਦੀ ਨਿੱਜੀ ਜ਼ਿੰਦਗੀ ਨੂੰ ਵੀ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਆਪਣੇ ਟਵੀਟ ਨਾਲ ਇਕ ਫ਼ਿਲਮੀ ਗੀਤ ਵੀ ਪਾਇਆ ਹੈ, ਜਿਸ ਨਾਲ ਲਿਖਿਆ ਹੈ, ‘ਰਾਜ਼ ਕੋ ਰਾਜ਼ ਰਹਿਨੇ ਦੋ ਕੈਪਟਨ ਸਰ।’
ਚੇਤੇ ਰਹੇ ਕਿ ਲੰਘੇ ਦਿਨ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਮਗਰੋਂ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਰਿਸ਼ਤਿਆਂ ਤੇ ਪਾਕਿ ਫੇਰੀ ਦੌਰਾਨ ਥਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਨਾਲ ਪਾਈ ਜੱਫੀ ਦੇ ਹਵਾਲੇ ਨਾਲ ਦੇਸ਼ ਦੀ ਕੌਮੀ ਸੁਰੱਖਿਆ ਨੂੰ ਖ਼ਤਰਾ ਦੱਸਿਆ ਸੀ। ਮੁਸਤਫ਼ਾ ਨੇ ਅੱਜ ਜਵਾਬੀ ਹਮਲੇ ਵਜੋਂ ਤਿੱਖੇ ਸ਼ਬਦਾਂ ਵਿਚ ਅਮਰਿੰਦਰ ਸਿੰਘ ’ਤੇ ਉਂਗਲ ਖੜ੍ਹੀ ਕਰ ਦਿੱਤੀ ਹੈ| ਕੈਪਟਨ ਨੇ ਹਾਲਾਂਕਿ ਅਜੇ ਤੱਕ ਮੁਸਤਫਾ ਵੱਲੋਂ ਕੀਤੇ ਟਵੀਟਾਂ ਦਾ ਅਧਿਕਾਰਤ ਤੌਰ ’ਤੇ ਕੋਈ ਜਵਾਬ ਨਹੀਂ ਦਿੱਤਾ ਹੈ।
ਮੁਹੰਮਦ ਮੁਸਤਫ਼ਾ ਨੇ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਤੁਸੀਂ 14 ਸਾਲਾਂ ਤੋਂ ਆਈਐੱਸਆਈ ਏਜੰਟ ਦੇ ਨਾਲ ਰਹੇ ਹੋ|’’ ਕੈਪਟਨ ਦੀ ਮਹਿਲਾ ਦੋਸਤ ਦੇ ਹਵਾਲੇ ਨਾਲ ਮੁਸਤਫ਼ਾ ਨੇ ਕਿਹਾ ਕਿ ਉਨ੍ਹਾਂ ਕੋਲ ਅਮਰਿੰਦਰ ਦੇ ਗਲਤ ਕੰਮਾਂ ਦੇ ਰਾਜ਼ ਹਨ ਅਤੇ ਅਮਰਿੰਦਰ ਸਿੰਘ ਉਨ੍ਹਾਂ ਦਾ ਮੂੰਹ ਨਾ ਖੁਲ੍ਹਵਾਉਣ| ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਕਿਸੇ ਵੇਲੇ ਵੀ ਨਵਜੋਤ ਸਿੱਧੂ ’ਤੇ ਸਿਆਸੀ ਹਮਲੇ ਕਰ ਸਕਦੇ ਹਨ, ਪਰ ਸਿੱਧੂ ਦੀ ਦੇਸ਼ ਭਗਤੀ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਹੈ| ਮੁਸਤਫ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੇ ਹਾਲੇ ਤੱਕ ਉਨ੍ਹਾਂ ਵੱਲੋਂ ਕੀਤੇ ਟਵੀਟ ਦਾ ਜਵਾਬ ਨਹੀਂ ਦਿੱਤਾ ਹੈ| ਉਨ੍ਹਾਂ ਅਮਰਿੰਦਰ ਨੂੰ ਚੁਣੌਤੀ ਦਿੱਤੀ ਕਿ ਉਹ ਹੁਣ ਸਿੱਧੂ ਨੂੰ ਗ਼ੱਦਾਰ ਆਖ ਕੇ ਦਿਖਾਉਣ| ਉਨ੍ਹਾਂ ਕੋਲ ਅਮਰਿੰਦਰ ਸਿੰਘ ਦੇ ਕਾਰਨਾਮਿਆਂ ਦਾ ਚਿੱਠਾ ਹੈ| ਉਹ ਪਰਿਵਾਰਕ ਦੋਸਤ ਰਹੇ ਹਨ ਅਤੇ ਉਨ੍ਹਾਂ ਕੋਲ ਬੋਲਣ ਲਈ ਬਹੁਤ ਕੁਝ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly