ਸਿੱਧੂ ਨਵੀਂ ਫੀਲਡ ਸਜਾਉਣ ਲੱਗੇ

ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਧਰਾਤਲ ’ਤੇ ਆਪਣੇ ਸਿਆਸੀ ਪੈਰ ਮਜ਼ਬੂਤ ਕਰਨ ਲਈ ਪਾਰਟੀ ਦੀ ਨਵੀਂ ਜਥੇਬੰਦਕ ਟੀਮ ਕਾਇਮ ਕਰਨ ਲਈ ਅਮਲ ਵਿੱਢ ਦਿੱਤਾ ਹੈ। ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਹਾਲੀਆ ਚੰਡੀਗੜ੍ਹ ਫੇਰੀ ਦੌਰਾਨ ਜਥੇਬੰਦਕ ਢਾਂਚਾ ਖੜ੍ਹਾ ਕਰਨ ਲਈ ਨਵਜੋਤ ਸਿੱਧੂ ਅਤੇ ਟੀਮ ਨਾਲ ਨੁਕਤੇ ਸਾਂਝੇ ਕੀਤੇ ਸਨ। ਜਥੇਬੰਦਕ ਢਾਂਚੇ ਲਈ ਪੈਨਲ ਤਿਆਰ ਕਰਨ ਵਾਸਤੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸੇ ਲੜੀ ਵਿੱਚ ਅੱਜ ਸਿੱਧੂ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਦੀ ਰਿਹਾਇਸ਼ ’ਤੇ ਕਾਰਜਕਾਰੀ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਗਈ ਹੈ। ਪਿਛਲੇ ਢਾਈ ਤਿੰਨ ਸਾਲਾਂ ਤੋਂ ਕਾਂਗਰਸ ਦਾ ਜਥੇਬੰਦਕ ਢਾਂਚਾ ਕਾਇਮ ਨਹੀਂ ਹੋ ਸਕਿਆ ਸੀ।

ਪਾਰਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਢਾਂਚਾ ਕਾਇਮੀ ਲਈ ਪੈਨਲ ਹਾਈਕਮਾਨ ਕੋਲ ਭੇਜੇ ਸਨ, ਪਰ ਪ੍ਰਵਾਨਗੀ ’ਚ ਦੇਰੀ ਕਰਕੇ ਢਾਂਚੇ ਦਾ ਕੰਮ ਪਛੜਿਆ ਹੋਇਆ ਸੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਨੇੜੇ ਹਨ ਤਾਂ ਨਵਜੋਤ ਸਿੱਧੂ ਨੇ ਢਾਂਚਾ ਬਣਾਉਣ ਲਈ ਪਾਰਟੀ ਦੇ ਵੱਖ ਵੱਖ ਵਿੰਗਾਂ ਨਾਲ ਗੱਲਬਾਤ ਕਰਨ ਮਗਰੋਂ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਹੈ। ਉਧਰ ਹਰੀਸ਼ ਰਾਵਤ ਦਾ ਵੀ ਮੰਨਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਲਾਹੁਣਯੋਗ ਕੰਮਾਂ ਦਾ ਪ੍ਰਚਾਰ ਨਹੀਂ ਹੋ ਰਿਹਾ ਹੈ। ਕਾਂਗਰਸ ਪਾਰਟੀ ਦੇ ਹੇਠਲੇ ਪੱਧਰ ’ਤੇ ਢਾਂਚੇ ਦੀ ਗ਼ੈਰਮੌਜੂਦਗੀ ਕਰਕੇ ਸਰਕਾਰ ਅਤੇ ਪਾਰਟੀ ਦੀ ਕਾਰਗੁਜ਼ਾਰੀ ਦਾ ਆਮ ਲੋਕਾਂ ਤੱਕ ਪ੍ਰਚਾਰ ਨਹੀਂ ਹੋ ਰਿਹਾ ਹੈ। ਜਥੇਬੰਦਕ ਸੰਗਠਨ ਕਾਇਮ ਕਰਨ ਲਈ ਹਰੀਸ਼ ਰਾਵਤ ਵੱਲੋਂ ਨਵਜੋਤ ਸਿੱਧੂ ਕੋਲ ਆਜ਼ਾਦਾਨਾ ਤਾਕਤ ਹੋਣ ਦੀ ਗੱਲ ਵੀ ਆਖੀ ਗਈ ਸੀ। ਸਿੱਧੂ ਹੁਣ ਆਪਣੀ ਟੀਮ ਬਣਾਉਣ ’ਚ ਜੁਟ ਗਏ ਹਨ।

ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਖੜ੍ਹਾ ਕਰਨ ਲਈ ਹੋਈ ਲੰਮੀ ਵਿਚਾਰ ਚਰਚਾ ਦੌਰਾਨ ਪਾਰਟੀ ਵਿਚ ਚੰਗੀ ਦਿੱਖ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਤੇ ਜ਼ਿੰਮੇਵਾਰੀ ਦੇਣ ਦੀ ਗੱਲ ਤੁਰੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਹਫਤਿਆਂ ਵਿਚ ਪੈਨਲ ਤਿਆਰ ਕਰਕੇ ਪ੍ਰਵਾਨਗੀ ਲਈ ਹਾਈਕਮਾਨ ਕੋਲ ਭੇਜੇ ਜਾਣਗੇ। ਸੂਤਰਾਂ ਮੁਤਾਬਕ ਜਥੇਬੰਦਕ ਢਾਂਚੇ ਬਿਨਾਂ ਨਵਜੋਤ ਸਿੱਧੂ ਨੂੰ ਫੀਲਡ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਨਵੇਂ ਢਾਂਚੇ ਵਿਚ ਸਿੱਧੂ ਹਮਖਿਆਲ ਆਗੂਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨਗੇ।

ਦਿੱਲੀ ਦਾ ਦੌਰਾ ਨਿੱਜੀ ਸੀ: ਸਿੱਧੂ

ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਦਿੱਲੀ ਫੇਰੀ ਬਾਰੇ ਕਿਹਾ ਕਿ ਉਹ ਤਾਂ ਆਪਣੇ ਨਿੱਜੀ ਕੰਮ ਲਈ ਗਏ ਸਨ, ਜਿਸ ਦੇ ਮਾਇਨੇ ਹੋਰ ਕੱਢ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਨਿਰੋਲ ਨਿੱਜੀ ਦੌਰਾ ਸੀ ਜਿਸ ਕਰਕੇ ਉਨ੍ਹਾਂ ਨੂੰ ਅਚਨਚੇਤ ਜਾਣਾ ਪੈ ਗਿਆ ਸੀ। ਉਨ੍ਹਾਂ ਨੇ ਹਾਈਕਮਾਨ ਤੋਂ ਸਮਾਂ ਨਹੀਂ ਮੰਗਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article43.8% feel their life and country are both in ‘poor state’
Next articleਤਾਨਾਸ਼ਾਹੀ ਨਾਲ ਦਬਾਈ ਜਾ ਰਹੀ ਹੈ ਰਾਸ਼ਟਰ ਦੀ ਆਵਾਜ਼: ਰਾਹੁਲ ਗਾਂਧੀ