ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਨਸ਼ਿਆਂ ਦੇ ਮਾਮਲੇ ’ਤੇ ਮੁੜ ਆਪਣੀ ਸਰਕਾਰ ਘੇਰੀ ਹੈ| ਉਨ੍ਹਾਂ ਟਵੀਟ ਕਰ ਕੇ ਬਿਨਾਂ ਨਾਮ ਲਏ ਐੱਸਟੀਐੱਫ ਦੀ ਰਿਪੋਰਟ ਜਨਤਕ ਕਰਨ ਬਾਰੇ ਕਿਹਾ ਹੈ| ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਨਵਜੋਤ ਸਿੱਧੂ ਨੇ ਨਸ਼ਿਆਂ ਦੀ ਰਿਪੋਰਟ ਦੇ ਸੀਲਬੰਦ ਲਿਫ਼ਾਫ਼ੇ ਦਾ ਮਾਮਲਾ ਚੁੱਕਿਆ ਹੈ| ਹਾਲਾਂਕਿ ਦੋ ਦਿਨ ਪਹਿਲਾਂ ਇੱਕ ਐਡਵੋਕੇਟ ਨੇ ਅਦਾਲਤੀ ਮਾਣਹਾਨੀ ਦੇ ਮਾਮਲੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਕੋਲ ਨਵਜੋਤ ਸਿੱਧੂ ਖ਼ਿਲਾਫ਼ ਪਟੀਸ਼ਨ ਰੱਖੀ ਸੀ| ਸ੍ਰੀ ਸਿੱਧੂ ਨੇ ਸੁਆਲ ਕੀਤਾ ਕਿ ਸਰਕਾਰ ਰਿਪੋਰਟ ਜਨਤਕ ਕਿਉਂ ਨਹੀਂ ਕਰ ਰਹੀ? ਉਨ੍ਹਾਂ ‘ਕੌਮੀ ਅਪਰਾਧ ਰਿਕਾਰਡ ਬਿਊਰੋ’ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ, ਅਪਰਾਧਾਂ ਦੀ ਦਰ ਵਿੱਚ ਚਾਰ ਸਾਲਾਂ ਤੋਂ ਪਹਿਲੇ ਨੰਬਰ ’ਤੇ ਹੈ|
ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਕਾਗ਼ਜ਼ੀ ਜੰਗ ਸ਼ੁਰੂ ਕਰ ਕੇ ਪੁਰਾਣਿਆਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਦੋਸ਼ ਵੀ ਲੱਗਣ ਲੱਗੇ ਹਨ| ਉਨ੍ਹਾਂ ਅਦਾਲਤੀ ਹਵਾਲੇ ਵੀ ਪੇਸ਼ ਕੀਤੇ| ਸ੍ਰੀ ਸਿੱਧੂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਨਸ਼ਿਆਂ ਦੀ ਐੱਸਟੀਐੱਫ ਰਿਪੋਰਟ ਦੀ ਇੱਕ ਕਾਪੀ ਪੰਜਾਬ ਸਰਕਾਰ ਨੂੰ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਫਰਵਰੀ 2018 ਤੋਂ ਇਸ ਰਿਪੋਰਟ ਨੂੰ ਦੱਬੀ ਬੈਠੀ ਹੈ| ਬਹੁ-ਕਰੋੜੀ ਡਰੱਗ ਕੇਸ ਵਿੱਚ ਹੋਰਨਾਂ ਕਥਿਤ ਦੋਸ਼ੀਆਂ ਦੀ ਹਵਾਲਗੀ ਵੀ ਨਹੀਂ ਹੋਈ| ਉਨ੍ਹਾਂ ਕਿਹਾ ਕਿ ਵੱਡੇ ਮਗਰਮੱਛਾਂ ਨੂੰ ਫੜ ਕੇ ਸਜ਼ਾ ਦੇਣਾ ਹੀ ਮਸਲੇ ਦਾ ਇੱਕੋ-ਇੱਕ ਹੱਲ ਹੈ| ਉਨ੍ਹਾਂ ਮੰਗ ਕੀਤੀ ਕਿ ਤੁਰੰਤ ਐੱਸਟੀਐੱਫ ਦੀ ਰਿਪੋਰਟ ਜਨਤਕ ਕੀਤੀ ਜਾਵੇ ਅਤੇ ਇਸ ਦੇ ਆਧਾਰ ’ਤੇ ਪੁਲੀਸ ਕੇਸ ਦਰਜ ਕੀਤੇ ਜਾਣ| ਉਨ੍ਹਾਂ ਕਿਹਾ ਕਿ ਵੱਡੇ ਮਗਰਮੱਛਾਂ ਨੂੰ ਫੜਨ ਲਈ ਸਮਾਂਬੱਧ ਪੜਤਾਲ ਸ਼ੁਰੂ ਕੀਤੀ ਜਾਵੇ|
ਚੇਤੇ ਰਹੇ ਕਿ ਲੰਘੇ ਕੱਲ੍ਹ ਨਵਜੋਤ ਸਿੱਧੂ ਨੇ ਮੁੜ ਅਹੁਦਾ ਸੰਭਾਲਣ ਮੌਕੇ ਚੰਨੀ ਸਰਕਾਰ ਪ੍ਰਤੀ ਨਰਮੀ ਦਿਖਾਈ ਸੀ, ਪਰ ਇੱਕ ਦਿਨ ਮਗਰੋਂ ਹੀ ਉਨ੍ਹਾਂ ਨੇ ਮੁੜ ਤੇਵਰ ਤਿੱਖੇ ਕਰ ਲਏ ਹਨ| ਭਲਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਨਸ਼ਿਆਂ ਦੀ ਰਿਪੋਰਟ ’ਤੇ ਕੀ ਫ਼ੈਸਲਾ ਆਉਂਦਾ ਹੈ, ਇਹ ਭਲਕੇ ਪਤਾ ਲੱਗੇਗਾ, ਪਰ ਨਵਜੋਤ ਸਿੱਧੂ ਵੱਲੋਂ ਕਦੇ ਗਰਮੀ ਤੇ ਕਦੇ ਸਖ਼ਤੀ ਵਿਖਾਈ ਜਾ ਰਹੀ ਹੈ ਜਿਸ ਤੋਂ ਕਾਂਗਰਸੀ ਆਗੂ ਵੀ ਭੰਬਲਭੂਸੇ ’ਚ ਹਨ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly