ਸਿੱਧੂ ਵੱਲੋਂ ਭਾਰਤ ਅਤੇ ਪਾਕਿ ਵਿਚਾਲੇ ਦੋਸਤੀ ਦੇ ਨਵੇਂ ਅਧਿਆਇ ਦੀ ਵਕਾਲਤ

ਡੇਰਾ ਬਾਬਾ ਨਾਨਕ/ਲਾਹੌਰ (ਸਮਾਜ ਵੀਕਲੀ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੋਸਤੀ ਦਾ ਇੱਕ ਨਵਾਂ ਅਧਿਆਏ ਖੋਲ੍ਹਣ ਤੇ ਦੋਵਾਂ ਮੁਲਕਾਂ ਵਿਚਾਲੇ ਵਪਾਰ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਗੁਰੂ ਨਾਨਕ ਦੇਵ ਦੇ ਨਾਂ ’ਤੇ ਦੋਵਾਂ ਮੁਲਕਾਂ ਵਿਚਾਲੇ ਦੋਸਤੀ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਣੀ ਚਾਹੀਦੀ ਹੈ।

ਉਨ੍ਹਾਂ ਸੁਆਲ ਕੀਤਾ,‘ਵਿਸ਼ਵ ਜੰਗਾਂ ਮਗਰੋਂ ਜਿਨ੍ਹਾਂ ਵਿੱਚ ਕਰੋੜਾਂ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ, ਜੇਕਰ ਯੂਰਪ ਇੱਕ ਵੀਜ਼ਾ ’ਤੇ ਸਰਹੱਦਾਂ ਖੋਲ੍ਹ ਸਕਦਾ ਹੈ, ਇਸ ਦਾ ਇੱਕ ਪਾਸਪੋਰਟ ਤੇ ਇੱਕ ਕਰੰਸੀ ਹੋ ਸਕਦੀ ਹੈ ਤਾਂ ਸਾਡੇ ਖਿੱਤੇ ’ਚ ਅਜਿਹਾ ਕਿਉਂ ਨਹੀਂ ਹੋ ਸਕਦਾ, ਜਿੱਥੇ ਭਗਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਜਿਹੇ ਸੂਰਮੇ ਹੋਏ ਹਨ, ਜਿਨ੍ਹਾਂ ਦਾ  ਹਰ ਵਿਅਕਤੀ ਸਨਮਾਨ ਕਰਦਾ ਹੈ।’ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚਾਲੇ ਆਪਸੀ ਪਿਆਰ ਦੀ ਹਾਮੀ ਭਰਦੇ ਹਨ। ਇਸ ਮੌਕੇ ਦੋਵਾਂ ਮੁਲਕਾਂ ਵਿਚਾਲੇ ਵਪਾਰ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ,‘74 ਸਾਲ ਪਹਿਲਾਂ ਭਾਰਤ ਤੇ ਪਾਕਿਸਤਾਨ ਵਿਚਾਲੇ ਖੜ੍ਹੀਆਂ ਕੀਤੀਆਂ ਦੀਵਾਰਾਂ ਵਿੱਚ ਖਿੜਕੀਆਂ ਖੋਲ੍ਹਣ ਦੀ ਲੋੜ ਹੈ।’ ਇਸ ਮੌਕੇ ਉਨ੍ਹਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੌਰੀਡੋਰ ਖੋਲ੍ਹਣ ਦਾ ਕਦਮ ਚੁੱਕਣ ਲਈ ਸ਼ੁਕਰੀਆ ਅਦਾ ਕੀਤਾ।

ਕਰਤਾਰਪੁਰ ਕੌਰੀਡੋਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਸੀਈਓ ਮੁਹੰਮਦ ਲਤੀਫ਼ ਨੇ ਜਦੋਂ ਜ਼ੀਰੋ ਪੁਆਇੰਟ ’ਤੇ ਸ੍ਰੀ ਸਿੱਧੂ ਦਾ ਸੁਆਗਤ ਕੀਤਾ ਤੇ ਉਨ੍ਹਾਂ ਦੇ ਵਫ਼ਦ ਨੂੰ ਸ਼ੁਭਕਾਮਨਾਵਾਂ ਭੇਟ ਕੀਤੀਆਂ ਤਾਂ ਸ੍ਰੀ ਸਿੱਧੂ ਨੇ ਕਿਹਾ,‘ਇਮਰਾਨ ਖਾਨ ਮੇਰਾ ਵੱਡਾ ਭਰਾ ਹੈ। ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਉਸ ਨੇ  ਸਾਨੂੰ ਬਹੁਤ ਪਿਆਰ ਦਿੱਤਾ ਹੈ।’ ਸ੍ਰੀ ਸਿੱਧੂ ਨੇ ਕੰਪਲੈਕਸ ਦਾ ਦੌਰਾ ਕੀਤਾ ਤੇ ਧਾਰਮਿਕ ਰਸਮਾਂ ਨਿਭਾਈਆਂ। ਇਸ ਮਗਰੋਂ ਉਨ੍ਹਾਂ ਤੇ ਵਫ਼ਦ ਦੇ ਮੈਂਬਰਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਸੰਭਾਲੇ ਜਾਂਦੇ ਰਹੇ ਖੇਤਾਂ ’ਚ ਪੈਦਾ ਹੋਈ ਕਣਕ ਅਤੇ ਸਬਜ਼ੀਆਂ ਤੋਂ ਤਿਆਰ ਲੰਗਰ ਛਕਾਇਆ ਗਿਆ। ਸ੍ਰੀ ਲਤੀਫ਼ ਮੁਤਾਬਕ ਕੌਰੀਡੋਰ ਮੁੜ ਖੋਲ੍ਹੇ ਜਾਣ ਦੇ ਚੌਥੇ ਦਿਨ ਅੱਜ ਸ਼ਨਿਚਰਵਾਰ ਤੱਕ 300 ਤੋਂ ਵੱਧ ਭਾਰਤੀ ਸਿੱਖਾਂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਵੇਂ ਮੁਲਕਾਂ ਨੂੰ ਆਪਸੀ ਪ੍ਰੇਮ ਤੇ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ: ਸਿੱਧੂ
Next articleਸਿੱਧੂ ਭਾਰਤ ਲਈ ਠੀਕ ਨਹੀਂ ਭਾਜਪਾ