ਸਿਧਾਰਥ ਚਟੋਪਾਧਿਆਏ ਨੇ ਪੁਲੀਸ ਮੁਖੀ ਦਾ ਵਾਧੂ ਚਾਰਜ ਸੰਭਾਲਿਆ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਸਰਕਾਰ ਨੇ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਕਰਨ ਸਬੰਧੀ ਪੁਲੀਸ ਅਧਿਕਾਰੀਆਂ ਵਿੱਚ ਬਣੇ ਜਮੂਦ ਨੂੰ ਤੋੜਨ ਦਾ ਯਤਨ ਕਰਦਿਆਂ ਸੂਬੇ ਦੇ ਪੁਲੀਸ ਮੁਖੀ ਦਾ ਤਬਾਦਲਾ ਕਰ ਦਿੱਤਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਬੁੱਧਵਾਰ ਨੂੰ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਹੀ ਸਰਕਾਰ ਨੇ ਤਤਕਾਲੀ ਪੁਲੀਸ ਮੁਖੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਤਬਦੀਲ ਕਰਨ ਦਾ ਮਨ ਬਣਾ ਲਿਆ ਸੀ। ਲੰਘੀ ਰਾਤ ਸ੍ਰੀ ਸਹੋਤਾ ਦੀ ਥਾਂ ਸਿਧਾਰਥ ਚਟੋਪਾਧਿਆਏ ਦੇ ਹੁਕਮ ਜਾਰੀ ਕਰ ਦਿੱਤੇ। ਸ੍ਰੀ ਚਟੋਪਾਧਿਆਏ ਨੇ ਅੱਜ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ (ਪੁਲੀਸ ਦੇ ਮੁਖੀ) ਦਾ ਵਾਧੂ ਚਾਰਜ ਸੰਭਾਲ ਲਿਆ ਹੈ।

ਸੂਤਰਾਂ ਮੁਤਾਬਕ ਨਵੇਂ ਪੁਲੀਸ ਮੁਖੀ ਨੇ ਅੱਜ ਕੁੱਝ ਚੋਣਵੇਂ ਪੁਲੀਸ ਅਧਿਕਾਰੀਆਂ ਨਾਲ ਨਸ਼ਿਆਂ ਦੇ ਮੁੱਦੇ ’ਤੇ ਕਾਰਵਾਈ ਕਰਨ ਸਬੰਧੀ ਵਿਸ਼ੇਸ਼ ਮੀਟਿੰਗ ਕੀਤੀ ਹੈ। ਪੁਲੀਸ ਵਿਭਾਗ ਵਿੱਚ ਚਰਚਾ ਹੈ ਕਿ ਆਉਂਦੇ ਦਿਨਾਂ ਦੌਰਾਨ ਪੁਲੀਸ ਅਕਾਲੀ ਨੇਤਾਵਾਂ ਖਿਲਾਫ਼ ਇਸ ਮੁੱਦੇ ’ਤੇ ਕਾਰਵਾਈ ਕਰ ਸਕਦੀ ਹੈ। ਇਸ ਸਬੰਧੀ ਕਾਨੂੰਨੀ ਮਾਹਿਰਾਂ ਦੀ ਲਗਾਤਾਰ ਸਲਾਹ ਵੀ ਲਈ ਜਾ ਰਹੀ ਹੈ। ਸਰਕਾਰੀ ਹੁਕਮਾਂ ਅਨੁਸਾਰ ਸ੍ਰੀ ਚਟੋਪਾਧਿਆਏ ਹੁਣ ਡੀ.ਜੀ.ਪੀ., ਪੰਜਾਬ ਦੇ ਨਾਲ-ਨਾਲ ਡੀਜੀਪੀ ਪੀਐੱਸਪੀਸੀਐਲ, ਪਟਿਆਲਾ ਦੇ ਚਾਰਜ ਸਮੇਤ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਦੇ ਮੁਖੀ ਦਾ ਵਾਧੂ ਚਾਰਜ ਵੀ ਸੰਭਾਲਣਗੇ। ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਡੀਜੀਪੀ ਨੇ ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ।

ਸ੍ਰੀ ਚਟੋਪਾਧਿਆਏ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਅਮਨ-ਕਾਨੂੰਨ ਬਣਾਈ ਰੱਖਣ ਦੇ ਨਾਲ-ਨਾਲ ਉਹ ਨਸ਼ਾ ਤਸਕਰੀ, ਮਨੁੱਖੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਨਗੇ ਅਤੇ ਰਾਜ ਵਿੱਚ ਸੜਕੀ ਸੁਰੱਖਿਆ ਲਈ ਬਿਹਤਰ ਮਾਹੌਲ ਬਣਾਉਣ ਲਈ ਉਪਰਾਲੇ ਕਰਨਗੇ। ਰਾਸ਼ਟਰਪਤੀ ਤੋਂ ‘ਪੁਲੀਸ ਮੈਡਲ ਫਾਰ ਗੈਲੈਂਟਰੀ’ ਐਵਾਰਡ ਨਾਲ ਨਿਵਾਜ਼ੇ ਜਾ ਚੁੱਕੇ ਸ੍ਰੀ ਚਟੋਪਾਧਿਆਏ ਅਤਿਵਾਦ ਦੇ ਕਾਲੇ ਦਿਨਾਂ ਦੌਰਾਨ ਰਾਜ ਪੁਲੀਸ ਵਿੱਚ ਵੱਖ-ਵੱਖ ਸੰਵੇਦਨਸ਼ੀਲ ਅਤੇ ਜੋਖਮ ਵਾਲੀਆਂ ਥਾਵਾਂ ’ਤੇ ਕੰਮ ਕਰ ਚੁੱਕੇ ਹਨ ਅਤੇ ਸੀਮਾ ਸੁਰੱਖਿਆ ਬਲ ਵਿੱਚ ਡੈਪੂਟੇਸ਼ਨ ’ਤੇ ਵੀ ਸੇਵਾ ਨਿਭਾ ਚੁੱਕੇ ਹਨ।

ਡੀਜੀਪੀ ਪੀਐੱਸਪੀਸੀਐਲ ਵਜੋਂ ਤਾਇਨਾਤੀ ਤੋਂ ਪਹਿਲਾਂ ਉਹ ਡੀਜੀਪੀ ਮਨੁੱਖੀ ਸਰੋਤ ਵਿਕਾਸ ਵੀ ਰਹਿ ਚੁੱਕੇ ਹਨ। ਉਹ ਹੋਰ ਮਹੱਤਵਪੂਰਨ ਅਹੁਦਿਆਂ ’ਤੇ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮਾਂ (ਐਸਆਈਟੀ) ਦੇ ਮੁਖੀ ਵਜੋਂ ਵੀ ਨਿਯੁਕਤ ਕੀਤਾ ਜਾ ਚੁੱਕਾ ਹੈ। ਚੇਤੇ ਰਹੇ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਸਨ। ਸ੍ਰੀ ਸਿੱਧੂ ਸਿਧਾਰਥ ਚਟੋਪਾਧਿਆਏ ਨੂੰ ਹੀ ਡੀਜੀਪੀ ਨਿਯੁਕਤ ਕਰਾਉਣਾ ਚਾਹੁੰਦੇ ਸਨ।

‘ਅਕਾਲੀਆਂ ਖਿਲਾਫ਼ ਕਾਰਵਾਈ ਲਈ ਜ਼ਿਆਦਾਤਰ ਪੁਲੀਸ ਅਧਿਕਾਰੀਆਂ ਦੇ ਹੱਥ ਖੜ੍ਹੇ’

ਪੰਜਾਬ ਪੁਲੀਸ ਦੇ ਅਧਿਕਾਰੀਆਂ ਵਿੱਚ ਨਸ਼ਿਆਂ ਦੇ ਮਾਮਲੇ ’ਤੇ ਕਾਰਵਾਈ ਕਰਨ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਜ਼ਿਆਦਾਤਰ ਪੁਲੀਸ ਅਧਿਕਾਰੀ ਹੁਣ ਤੱਕ ਹੱਥ ਖੜ੍ਹੇ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਵੀ ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਪੁਰਾਣੇ ਚਾਰ ਮਾਮਲਿਆਂ ਵਿੱਚ ਅਕਾਲੀ ਨੇਤਾ ਖਿਲਾਫ਼ ਕਾਰਵਾਈ ਮੁਸ਼ਕਲ ਜਾਪਦੀ ਹੈ। ਪੁਲੀਸ ਵਿੱਚ ਬਣੇ ਇਸ ਜਮੂਦ ਨੂੰ ਤੋੜਨ ਲਈ ਹੀ ਸਰਕਾਰ ਵੱਲੋਂ ਪੁਲੀਸ ਮੁਖੀ ਦਾ ਤਬਾਦਲਾ ਕੀਤਾ ਗਿਆ ਹੈ। ਪਿਛਲੇ ਦਿਨਾਂ ਦੌਰਾਨ ਆਈਪੀਐੱਸ ਅਧਿਕਾਰੀ ਐੱਸ.ਕੇ. ਅਸਥਾਨਾ ਵੱਲੋਂ ਲਿਖੀ ‘ਨੋਟਿੰਗ’ ਨੇ ਸਰਕਾਰ ਦੀ ਸਥਿਤੀ ਬੇਹੱਦ ਕਸੂਤੀ ਬਣਾ ਦਿੱਤੀ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਦਲਾਂ ਦੀ ਬੱਸ ਕੰਪਨੀ ਦੇ ਪਰਮਿਟ ਰੱਦ ਕਰਨ ’ਤੇ ਲੱਗੀ ਰੋਕ ਦੇ ਫੈਸਲੇ ’ਚ ਦਖ਼ਲ ਤੋਂ ਇਨਕਾਰ
Next articleਵਰਵਰਾ ਰਾਓ ਦੀ ਸਿਹਤ ਮੈਡੀਕਲ ਤੌਰ ’ਤੇ ਸਥਿਰ: ਐੱਨਆਈਏ