ਕਾਵ ਸੰਗ੍ਰਹਿ ਦੀ ਪਹਿਲੀ ਕਵਿਤਾ ਪੰਜ ਆਬ ਪੰਜਾਬੀਆਂ ਦੇ ਸੁਬਾਹ ਸੋਚ ਅਤੇ ਰਹਿਣ ਸਹਿਣ ਦੀ ਗੱਲ ਹੈ। ਬੇਫਿਕਰੇ ਮਸਤ ਪੰਜਾਬੀ ਦਰਿਆ ਦੀ ਤਰ੍ਹਾਂ ਸ਼ੂਕਦੇ ਹਨ। ਉਹਨਾਂ ਦੀ ਆਪਣੀ ਹੀ ਰਵਾਨੀ ਹੈ।ਇਸ ਦੀ ਬੁੱਕਲ ‘ਚ
ਪੰਜ ਆਬਾਂ ਦਾ ਨੂਰ ਹੈ
ਵਗਦੇ ਨੇ ਹੋ
ਬੇ – ਪਰਵਾਹ
ਜਿਹਲਮ,ਰਾਵੀ, ਸਤਲੁਜ
ਬਿਆਸ, ਝਨਾਂ
ਇਹ ਆਪਣੀ ਫਿਤਰਤ ਦੇ
ਆਪ ਗਵਾਹਪੰਜਾਬ ਦੇ ਸੁਭਾਅ ਦੀ ਗੱਲ ਕਰਦਿਆਂ ਕਰਦਿਆਂ ਕਵੀ ਆਉਣ ਵਾਲੇ ਸਮੇਂ ਦੀ ਵੀ ਗੱਲ ਕਰਦਾ ਹੈ।ਇਸ ਧਰਤੀ ਤੇ ਫਿਰ
ਮੀਂਹ ਵਰੇਗਾ
ਖਿੜਨਗੇ ਫੁੱਲ
ਫਿਰ ਬਿਆਸ ਭਰੇਗਾ
ਉੱਠ ਕੇ ਕੋਈ ਚੋਬਰ
ਆ ਲਹਿਰਾਂ ਤਰੇਗਾ
ਰਾਵੀ ਬਿਆਸ ਦੀ
ਵਿੱਥ ਨੂੰ
ਨਾਲ ਮਾਣ ਦੇ
ਆਣ ਭਰੇਗਾ
ਐਵੇਂ ਨੀ ਬੇਆਸ ਹੋਈ ਦਾ।ਸਰਸਾ ਨਦੀ ਨਾਲ ਬੜਾ ਗਹਿਰਾ ਨਾਤਾ ਹੈ ਪੰਜਾਬੀਆਂ ਦਾ, ਸਿੱਖਾਂ ਦਾ। ਸਾਡੇ ਇਤਿਹਾਸ ਵਿੱਚ ਸਰਸਾ ਨਦੀ ਦੀ ਗੱਲ ਆਉਂਦੀ ਹੈ। ਕਵੀ ਨੇ ਸਰਸਾ ਕਵਿਤਾ ਵੀ ਲਿਖੀ ਹੈ।
ਕਵੀ ਜ਼ਿੰਦਗੀ ਦੇ ਚੱਲਣ ਦੀ ਗੱਲ ਦਰਿਆ ਦੇ ਵਹਿਣ ਵਾਂਗ ਕਰਦਾ ਹੈ। ਜ਼ਿੰਦਗੀ ਅਨੇਕਾਂ ਰੁਕਾਵਟਾਂ ਦੇ ਵੀ ਚਲਦੀ ਰਹਿੰਦੀ ਹੈ।
ਦਰਿਆ ਨੇ ਤਾਂ ਵਹਿਣਾ ਹੁੰਦਾ ਹੈ
ਸਹਿਣਾ ਹੁੰਦਾ ਹੈ
ਹਿੱਕ ਨਾਲ ਲਾ ਕੇ
ਚੁੰਮ ਕੇ ਤੇ
ਕੰਨੀ ਜਿਹੀ ਖਿਸਕਾਅ ਕੇ
ਤੁਰ ਅੰਦਰ ਤੱਕ
ਤੁਰ ਗਿਆ ਦਾ ਦਰਦ।
ਕਵੀ ਜਿੱਥੇ ਅੱਜ ਦੇ ਪੰਜਾਬ ਦੀ ਗੱਲ ਕਰਦਾ ਹੈ ਉੱਥੇ ਪੰਜਾਬ ਦੇ ਕੁਝ ਪਿਛਲੇ ਦਹਾਕਿਆਂ ਦਾ ਜ਼ਿਕਰ ਵੀ ਕਰਦਾ ਹੈ। ਇਸ ਕਾਵ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਵਿੱਚ ਪੰਜਾਬ ਦਾ ਦਰਦ ਹੈ। ਇੱਥੇ ਕਵੀ ਘੱਗਰ ਦੀ ਗੱਲ ਵੀ ਕਰਦਾ ਹੈ। “ਸਰਸਾ” ਤੇ “ਘੱਗਰ” ਦੋਵੇਂ ਮੌਸਮ ਦੇ ਹਿਸਾਬ ਨਾਲ ਖਤਰਾ ਬਣ ਜਾਂਦੇ ਹਨ। ਕਵੀ ਜ਼ਿਕਰ ਕਰਦਾ ਹੈ ਕਿ ਇਹ ਦਰਿਆ ਕਿਉਂ ਤਬਾਹੀ ਦਾ ਕਾਰਨ ਬਣ ਰਹੇ ਹਨ। ਉਹ ਇਹ ਸਪਸ਼ਟ ਕਰਦਾ ਹੈ ਕਿ ਇਸ ਪਿੱਛੇ ਵੀ ਮਨੁੱਖ ਹੈ। ਪੂੰਜੀਪਤੀ ਮਨੁੱਖ।
ਦਰਿਆਈ ਜਮੀਨਾਂ ਤੇ ਕਿਸ ਤਰ੍ਹਾਂ ਮਨੁੱਖ ਉਸਾਰੀਆਂ ਕਰ ਰਿਹਾ ਹੈ ਇਸ ਬਾਰੇ ਵੀ ਸੰਕੇਤ ਕਵਿਤਾ ਵਿੱਚ ਮਿਲਦਾ ਹੈ। ਇਹ ਬਹੁਤ ਸਪਸ਼ਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਦਰਿਆਵਾਂ ਦੇ ਤਬਾਹੀ ਮਚਾਉਣ ਦਾ ਕਾਰਨ ਮਨੁੱਖ ਦਾ ਲਾਲਚ ਹੈ।
“ਗੁੱਝੀਆਂ ਪੀੜਾਂ” ਕਵਿਤਾ ਇੱਕ ਤਰ੍ਹਾਂ ਨਾਲ ਆਪਣੀ ਔਲਾਦ ਨੂੰ/ਨਵੀਂ ਪੀੜੀ ਨੂੰ ਸੰਬੋਧਨ ਹੈ। ਇਸੇ ਤਰ੍ਹਾਂ “ਕਥਾ ਕਿਨਾਰਿਆਂ ਦੀ” ਕਵਿਤਾ ਸਮਾਜਿਕ ਵਰਤਾਰਿਆਂ ਦੀ ਗੱਲ ਕਰਦੀ ਹੈ।
ਹਰ ਪਲ
ਰਿੱਝ – ਰਿੱਝ ਕੇ ਮਰਦਾ ਹੈ
ਮੈਂ ਧੁਰ ਅੰਦਰ ਤੱਕ
ਮਰ ਗਿਆ ਹਾਂ
ਇਸ ਕਾਵ ਸੰਗ੍ਰਹਿ ਵਿੱਚ ਸ਼ਾਮਿਲ ਸਾਰੀਆਂ ਹੀ ਕਵਿਤਾਵਾਂ ਇੱਕ ਲੰਮੀ ਪ੍ਰਗੀਤਕ ਕਵਿਤਾ ਦੀ ਤਰ੍ਹਾਂ ਇੱਕ ਹੀ ਵਿਸ਼ਾ ਲੈ ਕੇ ਚੱਲਦੀਆਂ ਹਨ। ਇਹਨਾਂ ਕਵਿਤਾਵਾਂ ਦਾ ਮੁੱਖ ਧੁਰਾ ਪੰਜਾਬ ਹੈ। ਕਵੀ ਦੇ ਮਨ ਵਿੱਚ ਪੰਜਾਬ ਪ੍ਰਤੀ ਕਿੰਨਾ ਦਰਦ ਹੈ ਤੇ ਕਿੰਨੀ ਭਾਵਨਾ ਹੈ ਇਹ ਇਹਨਾਂ ਕਵਿਤਾਵਾਂ ਤੋਂ ਸਪੱਸ਼ਟ ਹੁੰਦਾ ਹੈ।
ਇਸ ਕਾਵ ਸੰਗ੍ਰਹਿ ਵਿੱਚ ਜੋ ਵਿਲੱਖਣ ਗੱਲ ਮੈਨੂੰ ਨਜ਼ਰ ਆਈ ਉਹ ਇਹ ਹੈ ਕਿ ਪੰਜ ਆਬ ਦੇ ਨਾਮ ਤੇ ਪੰਜ ਦਰਿਆਵਾਂ ਦੀ ਗੱਲ ਸਾਰੇ ਕਰਦੇ ਹਨ ਪਰ ਸਰਸਾ ਤੇ ਘੱਗਰ ਜੋ ਪੰਜਾਬ ਦਾ ਇੱਕ ਹਿੱਸਾ ਹਨ ਉਹਨਾਂ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ। ਕਵੀ ਨੇ ਉਨਾਂ ਦਾ ਜ਼ਿਕਰ ਕਰਕੇ ਸੰਪੂਰਨ ਪੰਜਾਬੀਅਤ ਦੀ ਗੱਲ ਕੀਤੀ ਹੈ।
ਪੰਜਾਬ ਬਣਿਆ ਹੀ ਪਾਣੀਆਂ ਤੋਂ ਹੈ। ਪੰਜਾਬ ਦੀ ਗੱਲ ਪਾਣੀਆਂ ਦੀ ਗੱਲ ਹੈ ਤੇ ਪਾਣੀਆਂ ਦੀ ਗੱਲ ਪੰਜਾਬ ਦੀ। ਕਵੀ ਨੇ ਪਾਣੀਆਂ ਦੇ ਰਾਹੀਂ ਅਜੋਕੇ ਮਨੁੱਖ ਦੇ ਦੁੱਖ ਦਰਦ ਦੀ ਗੱਲ ਕੀਤੀ ਹੈ ਉਸ ਦੀ ਲਾਲਚ ਉਸਦੇ ਕੁਦਰਤ ਵਿਰੋਧੀ ਹੋਣ ਦੀ ਗੱਲ ਕੀਤੀ ਹੈ। ਮਨੁੱਖ ਦੀ ਬਦਲਦੀ ਸੋਚ ਨਾਲ ਹੋ ਰਹੇ ਨੁਕਸਾਨ ਦੀ ਗੱਲ ਕੀਤੀ ਹੈ।
ਮੈਂ ਡਾਕਟਰ ਮੇਹਰ ਮਾਣਕ ਜੀ ਨੂੰ ਮੁਬਾਰਕਬਾਦ ਦਿੰਦੀ ਹਾਂ ਇੰਨੀ ਖੂਬਸੂਰਤ ਕਵਿਤਾਵਾਂ ਦੀ ਰਚਨਾ ਕਰਨ ਲਈ, ਪੰਜਾਬ ਨੂੰ ਤੇ ਪੰਜਾਬੀਅਤ ਨੂੰ “ਸ਼ੂਕਦੇ ਆਬ ਤੇ ਖ਼ਾਬ” ਨਾਂ ਦੇ ਕਾਵਿ ਸੰਗ੍ਰਹਿ ਦਾ ਤੋਹਫਾ ਦੇਣ ਲਈ।
ਤੁਸੀਂ ਇਸ ਕਾਵਿ ਸੰਗ੍ਰਹਿ ਨੂੰ ਸਾਹਿਬਦੀਪ ਪਬਲੀਕੇਸ਼ਨ ਤੋਂ ਪ੍ਰਾਪਤ ਕਰ ਸਕਦੇ ਹੋ। ਇਸ ਦੀ ਕੀਮਤ 200/- ਰੁਪਏ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly