ਝੂੰਗਾ…*

ਪਰਵੀਨ ਕੌਰ ਸਿੱਧੂ 
ਪਰਵੀਨ ਕੌਰ ਸਿੱਧੂ 
(ਸਮਾਜ ਵੀਕਲੀ ਬਚਪਨ ਵਿੱਚ ਜਦੋਂ ਵੀ ਦਾਦੇ ਦੁਰਗੇ ਦੀ ਦੁਕਾਨ ‘ਤੇ ਜਾਣਾ ਤਾਂ ਝੂੰਗਾ ਜ਼ਰੂਰ ਲੈਂਦੇ ਸੀ। ਦਾਦੇ ਦੁਰਗੇ ਨੇ ਵੀ ਫੁੱਲੀਆਂ ਦੀ ਲੱਪ ਭਰ ਕੇ ਝੋਲੀ ਵਿੱਚ ਪਾ ਦੇਣੀ। ਅਸੀਂ ਘਰ ਤੱਕ ਪਹੁੰਚਦਿਆਂ ਕੁਝ ਖਾ ਲੈਣੀਆਂ ਅਤੇ  ਕੁਝ ਆਪਸ ਵਿੱਚ ਲੜ ਝਗੜ ਕੇ ਰੋੜ੍ਹ ਲੈਣੀਆਂ। ਹੁਣ ਦਾਦਾ ਦੁਰਗਾ ਕਾਫ਼ੀ ਬਜ਼ੁਰਗ ਹੋ ਗਿਆ ਸੀ। ਕਈ ਵਾਰ ਅਸੀਂ ਚਾਰਾਂ ਪੰਜਾਂ ਨੇ ਇਕੱਠੇ ਹੋ ਕੇ ਜਾਣਾ ਤਾਂ ਉਸ ਕੋਲੋਂ ਦੋ ਵਾਰੀ ਝੂੰਗਾ ਲੈ ਲੈਣਾ। ਸ਼ਾਇਦ ਪਿਆਰ ਕਰਕੇ ਜਾਂ ਉਹ ਜਾਣ ਬੁੱਝ ਕੇ ਇਹ ਬਹਾਨਾ ਕਰਦਾ ਸੀ ਕਿ ਉਸਨੂੰ ਪਤਾ ਨਹੀਂ ਲੱਗਿਆ ਕਿ ਉਸਨੇ ਪਹਿਲਾਂ ਵੀ ਸਾਨੂੰ ਝੂੰਗਾ ਦੇ ਦਿੱਤਾ, ਪਰ ਉਸਨੇ ਕਦੀ ਨਾਂਹ ਨਹੀਂ ਸੀ ਕੀਤੀ। ਅੱਖਾਂ ਉੱਤੇ ਮੋਟੀਆਂ-ਮੋਟੀਆਂ ਐਨਕਾਂ ਲਾਈਆਂ ਹੁੰਦੀਆਂ ਕਦੀ ਐਨਕਾਂ ਨੂੰ ਉਤਾਂਹ ਕਰਦਾ, ਕਦੀ ਫਿਰ ਹੇਠਾਂ ਕਰ ਲੈਂਦਾ।
ਅੱਜ ਬੜੇ ਚਿਰਾਂ ਬਾਅਦ ਚੇਤਿਆਂ ਵਿੱਚੋਂ ਫਿਰ ਪਤਾ ਨਹੀਂ ਕਿਥੋਂ ਦਾਦਾ ਦੁਰਗਾ ਬੜਾ ਯਾਦ ਆਇਆ। ਉਹਦੀ ਦੁਕਾਨ ਦੀਆਂ ਫੁੱਲੀਆਂ ਦਾ ਸਵਾਦ ਹੋਰ ਕਿਤੋਂ ਵੀ ਨਹੀਂ ਆਇਆ। ਦਿਨ ਵਿੱਚ ਪਤਾ ਨਹੀਂ ਅਸੀਂ ਕਿੰਨੀ ਵਾਰੀ ਦੁਕਾਨ ਤੇ ਜਾਂਦੇ ਅਤੇ ਹਰ ਵਾਰ ਦਾਦਾ ਦੁਰਗਾ ਭਰੇ ਹੋਏ ਪੀਪੇ ਵਿੱਚੋਂ ਝੂੰਗੇ ਦੀ ਮੁੱਠ ਤੇ ਕਦੀ ਲੱਪ ਭਰ ਕੇ ਦੇ ਦਿੰਦਾ। ਅੱਜ ਦੇ ਮਾਡਰਨ ਬੱਚਿਆਂ ਕੋਲੋਂ ਝੂੰਗੇ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਬਚਪਨ ਵਿੱਚ ਇੱਕ ਨਾਲ਼ ਇੱਕ ਫ਼ਰੀ ਦੀ ਥਾਂ ‘ਤੇ ਝੂੰਗਾ ਲਿਆ ਕਰਦੇ ਸੀ।
ਮੇਰੀ ਗੁਆਂਢੀਆਂ ਦੀ ਕੁੜੀ ਨਾਲ਼ ਸਹੇਲਪੁਣਾ ਇਸੇ ਕਰਕੇ ਹੀ ਸੀ ਕਿ ਉਹਨਾਂ ਦੇ ਘਰ ਦੇ ਅਕਸਰ ਦੁਕਾਨ ਤੋਂ ਕੋਈ ਨਾ ਕੋਈ ਚੀਜ਼ ਲੈਣ ਲਈ ਭੇਜਦੇ ਸਨ ਅਤੇ ਮੈਂ ਵੀ ਉਸ ਨਾਲ਼ ਜਾ ਕੇ ਝੂੰਗਾ ਲੈ ਕੇ ਵਧੀਆ ਮਹਿਸੂਸ ਕਰਦੀ ਸੀ। ਸਾਡੇ ਘਰ ਵਿੱਚ ਤਾਂ ਦਾਦਾ ਜੀ ਅਧਿਆਪਕ ਹੋਣ ਕਰਕੇ ਮਹੀਨੇ ‘ਚ ਇੱਕੋ ਵਾਰੀ ਘਰ ਦਾ ਸੌਦਾ ਲੈ ਆਉਂਦੇ ਸਨ। ਦੁਕਾਨ ‘ਤੇ ਜਾਣ ਦਾ ਕੋਈ ਬਹੁਤਾ ਅਵਸਰ ਨਹੀਂ ਸੀ ਮਿਲਦਾ। ਮੈਨੂੰ ਯਾਦ ਹੈ ਜਦੋਂ ਉਹ ਕਿਸੇ ਵੇਲੇ ਡਾਲਡਾ ਘਿਓ ਲੈਣ ਜਾਂਦੀ ਤਾਂ ਡਾਲਡਾ ਘਿਓ ਦੀਆਂ ਇੱਕ ਦੋ ਡਲੀਆਂ ਅਸੀਂ ਰਸਤੇ ਵਿਚ ਹੀ ਖਾ ਕੇ ਘਰ ਆਉਂਦੀਆਂ। ਉਹਦੀ ਮਾਂ ਕਈ ਵਾਰ ਝਿੜਕਦੀ ਵੀ ਕਿ ਅੱਜ ਦਾਦੇ ਨੇ ਘਿਓ ਬੜਾ ਥੋੜ੍ਹਾ ਦਿੱਤਾ, ਪਰ ਅਸੀਂ ਬੇਧਿਆਨੀ ਜਿਹੀ ਕਰਕੇ ਫਿਰ ਖੇਡ ਵਿੱਚ ਰੁੱਝ ਜਾਂਦੀਆਂ। ਉਸਨੂੰ ਕੀ ਪਤਾ ਸੀ ਕਿ ਡਾਲਡੇ ਘਿਉ ਦੀਆਂ ਦੋ ਕੁ ਡਲੀਆਂ ਤਾਂ ਅਸੀਂ ਆਪ ਹੀ ਖਾ ਲਈਆ ਹਨ। ਇਸੇ ਤਰੀਕੇ ਜੇਕਰ ਕਦੀ ਖੰਡ ਲੈਣ ਭੇਜਣਾ ਤਾਂ ਉਸ ਦਾ ਵੀ ਇੱਕ ਦੋ ਫੱਕਾ ਮਾਰ ਹੀ ਲੈਂਦੀਆਂ ਸੀ। ਕਿੰਨਾ ਵਧੀਆ ਸਮਾਂ ਹੁੰਦਾ ਸੀ ਉਦੋਂ.. ਬੇਫ਼ਿਕਰੀ ਦੇ ਆਲਮ ਵਿੱਚ ਆਪਣੀਆਂ ਹੀ ਹਵਾਵਾਂ ਵਿੱਚ ਰੁੱਝੇ ਫਿਰਦੇ ਸੀ। ਝਿੜਕਾਂ ਦੇ ਵੀ ਅਸਰ ਨਹੀਂ ਹੁੰਦਾ ਸੀ ਅਤੇ ਨਾ ਹੀ ਗੁੱਸਾ ਆਉਂਦਾ ਸੀ।
ਮੈਨੂੰ ਯਾਦ ਹੈ ਇੱਕ ਵਾਰ ਦੀ ਘਟਨਾ ਜਦੋਂ ਸਾਡੇ ਹਾਣ ਦੇ ਆਪਣੇ ਘਰਾਂ ਵਿੱਚੋਂ ਦਾਣੇ ਲੈ ਕੇ ਹੱਟੀ ਚੀਜ਼ ਲੈਣ ਜਾਂਦੇ ਸਨ। ਸਾਨੂੰ ਵੀ ਬੜਾ ਚਾਅ ਆਉਣਾ ਕਿ ਅਸੀਂ ਵੀ ਦਾਣੇ ਲੈ ਕੇ ਹੱਟੀ ਤੋਂ ਚੀਜ਼ ਲਿਆਈਏ। ਪਰ ਸਾਡੇ ਘਰ ਦਾ ਮਾਹੌਲ ਕੁਝ ਹੋਰ ਹਿਸਾਬ ਦਾ ਸੀ। ਸਾਨੂੰ ਪੈਸੇ ਤਾਂ ਮਿਲ ਜਾਂਦੇ ਪਰ ਦਾਣਿਆਂ ਦੀ ਝੋਲੀ ਭਰ ਕੇ ਹੱਟੀ ਜਾਣਾ ਚੰਗਾ ਨਾ ਸਮਝਿਆ ਜਾਂਦਾ। ਨਿੱਕਿਆਂ ਨਿਆਣਿਆਂ ਨੂੰ ਕੀ ਪਤਾ ਹੁੰਦਾ ਕਿ .. ਕੀ ਸਹੀ ਹੈ ਕੀ ਗ਼ਲਤ..? ਬਸ ਕਈ ਕੰਮ ਦੇਖਾ-ਦੇਖੀ ਕਰਨ ਨੂੰ ਦਿਲ ਕਰਦਾ ਹੁੰਦਾ ਸੀ। ਸਾਡੇ ਮਨ ਵਿੱਚ ਵੀ ਚਾਅ ਆਉਂਦਾ ਕਿ ਅਸੀਂ ਵੀ ਦਾਣਿਆਂ ਦੀ ਝੋਲੀ ਭਰ ਕੇ ਹੱਟੀ ਜਾਈਏ ਤੇ ਕੁਝ ਲੈ ਕੇ ਆਈਏ।
ਝੋਨੇ ਦੀ ਫ਼ਸਲ ਪੱਕੀ ਹੋਈ ਸੀ। ਸਕੂਲ ਤੋਂ ਆਉਂਦੇ ਸਮੇਂ ਝੋਨੇ ਦੀਆਂ ਮੁੰਜਰਾਂ ਨੂੰ ਇਕ ਹੱਥ ਨਾਲ਼ ਭਰੂਇਆ ਤਾਂ ਹੱਥ ਵਿੱਚ ਕਿੰਨੇ ਹੀ ਦਾਣੇ ਆ ਗਏ। ਸ਼ਰਾਰਤੀ ਮਨ ਵਿੱਚ ਉਸੇ ਵੇਲੇ ਫੁਰਨਾ ਫੁਰਿਆ ਕਿ ਕਿਉਂ ਨਾ ਇਹਨਾਂ ਮੁੰਜਰਾਂ ਨੂੰ ਹੋਰ ਭਰੂਇਆ ਜਾਵੇ। ਹੌਲੀ-ਹੌਲੀ ਜਦੋਂ ਦੱਸ-ਬਾਰਾਂ ਮੰਜਰਾਂ ਭਰੂਈਆਂ ਤਾਂ ਝੋਲੀ ਵਿੱਚ ਕਿੰਨੇ ਹੀ ਦਾਣੇ ਲੱਗੇ। ਫਿਰ ਚਾਰ ਪੰਜ ਹੋਰ ਭਰੂ ਕੇ ਝੋਲੀ ਵਿੱਚ ਦਾਣੇ ਪਾ ਲਏ। ਉਸ ਦਿਨ ਘਰ ਜਾਣ ਦੀ ਥਾਂ ‘ਤੇ ਸਿੱਧੀ ਦਾਦੇ ਦੁਰਗੇ ਦੀ ਦੁਕਾਨ ‘ਤੇ ਗਈ। ਉਸ ਨੂੰ ਝੋਲੀ ਵਿੱਚਲੀਆਂ ਮੁੰਜਰਾਂ ਦਾ ਭੂਰ ਦਿੱਤਾ ਅਤੇ ਖਾਣ ਲਈ ਡੱਡ ਮੱਛੀਆਂ ਅਤੇ ਝੂੰਗਾ ਵੀ ਲਿਆ। ਮਨ ਦੀ ਮੌਜ਼ ਵਿੱਚ ਖੁਸ਼ੀ-ਖੁਸ਼ੀ ਘਰ ਨੂੰ ਚਾਲੇ ਪਾ ਲਏ।
ਛੁੱਟੀ ਦੇ ਟਾਈਮ ਵੇਲੇ ਦਾਦੀ ਜੀ ਤਾਂ ਦਰਵਾਜ਼ੇ ਵਿੱਚ ਖਲੋਤੇ ਹੁੰਦੇ ਸੀ। ਅੱਜ ਲੇਟ ਹੁੰਦੇ ਵੇਖ ਕੇ ਦਾਦੀ ਜੀ  ਹੌਲੀ-ਹੌਲੀ ਸਾਨੂੰ ਅੱਗੋਂ ਤੱਕ ਲੈਣ ਆ ਗਏ। ਮੇਰੇ ਤਾਂ ਮੂੰਹ ਦੀਆਂ ਹਵਾਈਆਂ ਹੀ ਉੱਡ ਗਈਆਂ। ਦਾਦੀ ਜੀ ਨੂੰ ਮਜ਼ਬੂਰੀ ਵੱਸ ਸਭ ਕੁਝ ਦੱਸਣਾ ਪਿਆ ਅਤੇ ਖ਼ੂਬ ਖੁੰਬ ਠੱਪੀ ਗਈ। ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਸਾਡੀ ਦਾਦੀ ਜੀ ਨੂੰ ਇਹ ਕਿੱਦਾਂ ਪਤਾ ਚੱਲ ਜਾਂਦਾ ਸੀ ਕਿ ਅੱਜ ਅਸੀਂ ਕੋਈ ਨਾ ਕੋਈ ਕਾਰਨਾਮਾ ਕੀਤਾ ਹੈ। ਪਤਾ ਨਹੀਂ ਲੱਗਦਾ ਕਦੋਂ ਦਾਦੀ ਜੀ ਸਾਡੇ ਪਿੱਛੇ ਆ ਜਾਂਦੇ। ਅਸੀਂ ਘਰ ਤਾਂ ਕੀ ਜਾਣਾ ਸੀ ਦਾਦੀ ਨੇ ਪਿੱਛੋਂ ਆ ਕੇ ਪਤਾ ਨਹੀਂ ਕਿਹੜੇ ਵੇਲੇ ਮਾੜੀ ਮੋਟੀ ਸਾਡੀ ਝਾੜ-ਝੰਬ ਕਰਨੀ ਸ਼ੁਰੂ ਕਰ ਦਿੱਤੀ। ਦਾਦੀ ਜੀ ਨੇ ਇਮਾਨਦਾਰੀ ਦੇ ਕਿੰਨੇ ਹਵਾਲੇ ਦਿੱਤੇ ਕਿੰਨੀਆਂ ਉਦਾਹਰਨਾਂ ਦਿੱਤੀਆਂ, ਜੋ ਕਿ ਬਾਅਦ ਵਿੱਚ ਬੜੀਆਂ ਕੰਮ ਆਈਆ ਹਨ।
ਉਸ ਦਿਨ ਪਤਾ ਲੱਗਾ ਕਿ ਇਸ ਤਰ੍ਹਾਂ ਕਰਨ ਨੂੰ ਵੀ ਚੋਰੀ ਕਿਹਾ ਜਾਂਦਾ ਹੈ। ਉਹ ਦਿਨ ਜਾਵੇ… ਮੁੜ ਕਦੀ ਇਹੋ ਜਿਹੀ ਹਿੰਮਤ ਨਹੀਂ ਕੀਤੀ। ਫਿਰ ਜਦੋਂ ਥੋੜੇ ਵੱਡੇ ਹੋ ਗਏ ਤਾਂ ਕਈ ਗੱਲਾਂ ਦੀ ਸਮਝ ਆ ਗਈ। ਅੱਜ ਫਿਰ ਬੈਠਿਆਂ-ਬੈਠਿਆਂ ਯਾਦਾਂ ਵਿੱਚ ਪਤਾ ਨਹੀਂ ਕਿੱਥੋਂ ਦਾਦਾ ਦੁਰਗਾ ਅੱਖਾਂ ਸਾਹਮਣੇ ਆ ਗਿਆ। ਬੀਤਿਆ ਬਚਪਨ ਫਿਰ ਚੇਤੇ ਆ ਗਿਆ। ਇਹ ਦਾਦੇ ਦੁਰਗੇ ਦੀ ਬੱਚਿਆਂ ਪ੍ਰਤੀ ਬੇਪਨਾਹ ਮੁੱਹਬਤ ਹੀ ਸੀ ਜਦੋਂ ਅੱਜ ਸ਼ਬਦਾਂ ਰਾਹੀਂ ਸਦੀਵੀ ਹੋ ਗਈ। ਇਹ ਹੁੰਦੀਆਂ ਸਨ ਸਾਡੇ ਬਚਪਨ ਦੀਆਂ ਪਿਆਰੀਆਂ ਖੱਟੀਆਂ-ਮਿੱਠੀਆਂ ਯਾਦਾਂ.. ਜਿਨਾਂ ਨੂੰ ਬਾਅਦ ਵਿੱਚ ਯਾਦ ਕਰਕੇ ਮਨ ਨੂੰ ਸਕੂਨ ਮਿਲਦਾ ਹੈ।
ਦਾਦੇ ਦੁਰਗੇ ਦਾ ਝੂੰਗਾ ਅਤੇ ਦਾਦੀ ਦੀਆਂ ਪਿਆਰੀਆਂ ਪੋਲੀਆਂ-ਪੋਲੀਆਂ ਥਪੇੜੀਆਂ ਅੱਜ ਵੀ ਜ਼ਿੰਦਗੀ ਨੂੰ ਨਵਾਂ ਹੁਲਾਰਾ ਦੇ ਜਾਂਦੀਆਂ ਹਨ। ਇਹਦੇ ਨਾਲ਼ ਯਾਦਾਂ ਨੂੰ ਯਾਦ ਕਰਕੇ ਚਿਹਰੇ ‘ਤੇ ਮੁਸਕਰਾਹਟ ਆ ਜਾਂਦੀ ਹੈ ਅਤੇ ਇਵੇਂ ਲੱਗਦਾ ਹੈ ਜਿਵੇਂ ਸਰੀਰ ਵਿੱਚ ਇੱਕ ਸਰਸਰਾਹਟ ਜਿਹੀ ਪੈਂਦਾ ਹੋ ਗਈ ਹੋਵੇ। ਜ਼ਿੰਦਗੀ ਇਨਾਂ ਪਿਆਰੀਆਂ ਯਾਦਾਂ ਦੇ ਹੁਲਾਰਿਆਂ ਨਾਲ਼ ਹੀ ਤਾਂ ਸੋਹਣੀ ਬਣ ਜਾਂਦੀ ਹੈ। ਚੰਗੀਆਂ ਯਾਦਾਂ ਨੂੰ ਯਾਦ ਕਰਕੇ ਖੁਸ਼ ਹੋਣ ਨਾਲ਼ ਰੂਹ ਵਿੱਚ ਖੇੜਾ ਆ ਜਾਂਦਾ ਹੈ। ਦਾਦੇ ਦੁਰਗੇ ਦੀ ਰੂਹ ਨੂੰ ਪਰਮਾਤਮਾ ਸਕੂਨ ਬਖਸ਼ਣ।ਸਦਾ ਖੁਸ਼ ਰਹੋ.. ਦੁਆਵਾਂ ਅਤੇ ਹੱਸਦੇ-ਵਸਦੇ ਰਹੋ ਪਿਆਰਿਓ!!!
      ਪਰਵੀਨ ਕੌਰ ਸਿੱਧੂ 
       8146536200
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਿਲਾ ਜਲੰਧਰ ਦੇ ਆਖਰੀ ਪਿੰਡ ਸਰਹਾਲ ਮੁੰਡੀ ਨੂੰ ਜਿਲਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸਹਿਰ) ਦੇ ਪਿੰਡਾਂ ਨਾਲ ਜੋੜਦੀ ਸੜਕ ਦੀ ਹਾਲਤ ਤਰਸਯੋਗ
Next articleਮਹਾਨ ਕੋਸ਼ ਦੇ ਕਰਤਾ-ਭਾਈ ਕਾਨ੍ਹ ਸਿੰਘ ਨਾਭਾ