ਅੱਪਰਾ (ਸਮਾਜ ਵੀਕਲੀ) – ਪੀੜੀਆਂ ਤੋਂ ਪੂੰਜੀਪਤੀ ਤੇ ਸਰਮਾਏਦਾਰ ਵਰਗ ਦੇ ਅਧੀਨ ਹੋ ਚੁੱਕੇ ਤੇ ਦੱਬੇ ਕੁਚਲੇ ਸਮਾਜ ਨੂੰ ਉੱਚਾ ਚੁੱਕਣ ਲਈ ਆਪਣਾ ਸਾਰਾ ਹੀ ਜੀਵਨ ਕੁਰਬਾਨ ਕਰ ਦਿੱਤਾ। ਉਨਾਂ ਰਹਿਬਰਾਂ ਦੀ ਬਦੌਲਤ ਹੀ ਅੱਜ ਸਾਡਾ ਸਮਾਜ ਤਰੱਕੀਆਂ ਕਰ ਰਿਹਾ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਅਵਤਾਰ ਹੀਰ ਜਰਮਨ ਨੇ ਕਿਹਾ ਕਿ ਜਿਹੜੇ ਨਾ ਸਮਝ ਲੋਕ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਮੂਰਤੀਆਂ ਨੂੰ ਤੋੜ ਰਹੇ ਹਨ, ਉਨਾਂ ਲੋਕਾਂ ਨੂੰ ਇਹ ਨਹੀ ਪਤਾ ਕਿ ਉਹ ਰਹਿਬਰਾਂ ਦੀ ਵਿਚਾਰਧਾਰਾ ਨੂੰ ਕਦੇ ਵੀ ਖਤਮ ਨਹੀਂ ਕਰ ਸਕਦੇ। ਉਨਾਂ ਅੱਗੇ ਕਿਹਾ ਕਿ ਇਨਾਂ ਮਹਾਨ ਰਹਿਬਰਾਂ ਦੀ ਬਦੌਲਤ ਅੱਜ ਸਾਨੂੰ ਬਰਾਬਰਤਾ ਦੇ ਹੱਕ ਪ੍ਰਾਪਤ ਹੋਏ ਹਨ। ਸ੍ਰੀ ਅਵਤਾਰ ਹੀਰ ਜਰਮਨ ਨੇ ਅੱਗੇ ਕਿਹਾ ਕਿ ਸਾਨੂੰ ਵੀ ਮਹਾਨ ਰਹਿਬਰਾਂ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਉਨਾਂ ਦਾ ਪ੍ਰਕਾਸ਼ ਦਿਹਾੜਾ ਸਾਦੇ ਢੰਗ ਨਾਲ ਮਨਾਉਂਦੇ ਹੋਏ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ ਤੇ ਫੋਕੀ ਸ਼ੋਹਰਤ ਤੇ ਸ਼ੋਸ਼ੇਬਾਜ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ।