(ਸਮਾਜ ਵੀਕਲੀ)
ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ,
ਜਿਉ ਕਰਿ ਸੂਰਜ, ਨਿਕਲਿਆ ਤਾਰੇ ਛਪੈ ਅੰਧੇਰ ਪਲੋਆ।।
ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਜੱਗ ਤੇ ਜਨਮ ਹੋਇਆ ਸੀ। ਉਸ ਸਮੇਂ ਭਾਰਤ ਵਿੱਚ ਜਾਤੀਵਾਦ ਸਭ ਤੋਂ ਵੱਧ ਫੈਲਿਆ ਹੋਇਆ ਸੀ। ਲੋਕ ਵੱਖ-ਵੱਖ ਵਰਗਾਂ ਵਿੱਚ ਵੰਡੇ ਹੋਏ ਸਨ। ਹਿੰਦੂਆਂ ਤੇ ਮੁਸਲਮਾਨਾਂ ਵਿੱਚ ਧਾਰਮਿਕ ਕੱਟੜਤਾ ਬਹੁਤ ਵੱਧ ਗਈ ਸੀ। ਸੰਸਾਰ ਕਰਮ ਕਾਂਡਾਂ ਤੇ ਅੰਧਵਿਸ਼ਵਾਸਾਂ ਦੀ ਦਲ-ਦਲ ਦੇ ਹਨ੍ਹੇਰੇ ਵਿੱਚ ਡੁੱਬਿਆ ਹੋਇਆ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ 1469 ਈਸਵੀ ਨੂੰ ਪੂਰਨਮਾਸ਼ੀ ਵਾਲੇ ਦਿਨ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਜਨਮ ਲਿਆ । ਉਹਨਾਂ ਤੋਂ ਵੱਡੀ ਭੈਣ ਬੀਬੀ ਨਾਨਕੀ ਜੀ ਸਨ। ਆਪ ਜੀ ਨੇ ਆਪਣਾ ਬਚਪਨ ਰਾਏ ਭੋਏ ਕੀ ਤਲਵੰਡੀ (ਪਾਕਿਸਤਾਨ) ਵਿੱਚ ਹੀ ਗੁਜਾਰਿਆ ਇਹ ਸਥਾਨ ਅੱਜ ਕੱਲ੍ਹ ਨਨਕਾਣਾ ਸਾਹਿਬ ਦੇ ਰੂਪ ਵਿੱਚ ਦੁਨੀਆਂ ਤੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ।
ਸੱਤ ਸਾਲ ਦੀ ਉਮਰ ਵਿੱਚ ਆਪ ਜੀ ਨੂੰ ਧਾਰਮਿਕ ਰਹੁ ਰੀਤਾਂ ਮੁਤਾਬਕ ਜਦੋਂ ਜਨੇਊ ਪਹਿਨਾਉਣ ਦੀ ਰਸਮ ਲਈ ਜਦੋਂ ਪ੍ਰੇਰਿਤ ਕੀਤਾ ਗਿਆ ਤਾਂ ਆਪ ਨੇ ਪੰਡਿਤ ਜੀ ਨੂੰ ਸਵਾਲ ਕੀਤਾ ਕਿ ਜੋ ‘ਜਨੇਊ’ ਤੁਸੀਂ ਮੈਨੂੰ ਪਹਿਨਾ ਰਹੇ ਹੋ, ਇਸ ਨੇ ਤਾਂ ਮੈਲਾ ਹੋ ਜਾਣਾ ਹੈ, ਅਤੇ ਕਮਜ਼ੋਰ ਹੋ ਕੇ ਟੁੱਟ ਜਾਣਾ ਹੈ । ਜੋ ਜਨੇਊ ਮੈਂ ਪਹਿਨਾ ਗਾ ਉਹ ਸਤ ਜੇ ਧਾਗੇ ਦਾ ਬਣਿਆ ਹੋਵੇ, ਜੋ ਕਦੇ ਮੈਲਾ ਨਾ ਹੋਵੇ ਤੇ ਨਾ ਕਦੀ ਕਮਜ਼ੋਰ ਹੋ ਕੇ ਟੁੱਟੇ, ਬਚਪਨ ਦੀ ਅਵਸਥਾ ਵਿੱਚ ਆਪ ਦੇ ਅਜਿਹੇ ਸਵਾਲ ਵਿਦਵਾਨਾਂ ਅਤੇ ਸੰਗਤਾਂ ਨੂੰ ਸੋਚਾਂ ਵਿੱਚ ਪਾ ਦਿੰਦੇ ਸਨ। ਆਪ ਜੀ ਜਿੰਨ੍ਹਾਂ ਵੀ ਵਿਦਵਾਨਾਂ ਜਾਂ ਗੁਰੂਆਂ ਪਾਸੋਂ ਸਿੱਖਿਆ ਪ੍ਰਾਪਤ ਕਰਨ ਜਾਂਦੇ, ਉਹਨਾਂ ਨੂੰ ਵੱਖ-ਵੱਖ ਸਵਾਲ ਕਰਕੇ ਸੋਚਾਂ ਵਿੱਚ ਪਾ ਦਿੰਦੇ, ਜਨਮ ਸਾਖੀਆਂ ਅਤੇ ਵਿਚਾਰ ਗੋਸ਼ਟੀਆਂ ਵਿੱਚੋਂ ਇਹਨਾਂ ਦੇ ਪ੍ਰਤੱਖ ਪ੍ਰਮਾਣ ਮਿਲਦੇ ਹਨ।
ਬਚਪਨ ਬੀਤਣ ਮਾਗਰੋਂ ਪਿਤਾ ਮਹਿਤਾ ਕਾਲੂ ਜੀ ਨੇ ਆਪ ਨੂੰ ਆਪਣਾ ਇੱਕ ਨਿੱਜੀ ਵਪਾਰ ਸ਼ੁਰੂ ਕਰਕੇ ਜੀਵਨ ਗੁਜ਼ਰ ਬਸਰ ਕਰਨ ਲਈ, ਇੱਕ ਸੱਚਾ ਸੌਦਾ ਕਰਨ ਲਈ ਸ਼ਹਿਰ ਭੇਜਿਆ, ਆਪ ਜੀ ਜਦੋਂ ਸੱਚਾ ਸੌਦਾ ਕਾਰਨ ਲਈ ਜਾ ਰਹੇ ਸੀ, ਤਾਂ ਆਪ ਨੂੰ ਉੱਥੇ ਰਾਸਤੇ ਵਿੱਚ ਕੁਝ ਭੁੱਖੇ ਸਾਧੂ ਮਿਲੇ, ਆਪ ਜੀ ਨੇ ਉਹਨਾਂ ਸਾਧੂਆਂ ਨੂੰ ਲੰਗਰ ਛਕਾਇਆ ਅਤੇ ਉਹਨਾਂ ਦੀ ਖੂਬ ਸੇਵਾ ਕੀਤੀ, ਆਪ ਜੀ ਨੂੰ ਇਹੋ ਹੀ ‘ਸੱਚਾ ਸੌਦਾ’ ਜਾਪਿਆ । ਘਰ ਆ ਕੇ ਇਸ ਘਟਨਾ ਬਾਰੇ ਦੱਸਣ ਤੇ ਆਪ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਪਾਸੋਂ ਬਹੁਤ ਡਾਂਟ ਪਈ। ਭੈਣ ਨਾਨਕੀ ਜੀ ਨੇ ਆਪ ਨੂੰ ਬਚਾਉਣ ਲਈ ਆਪ ਦੀ ਵਕਾਲਤ ਕੀਤੀ।ਇਸ ਘਟਨਾ ਨੇ ਬਾਅਦ ਵਿੱਚ ਲੰਗਰ ਪ੍ਰਥਾ ਨੂੰ ਜਨਮ ਦਿੱਤਾ।
ਬਚਪਨ ਤੋਂ ਹੀ ਆਪ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਦਾ ਵੇਖ ਆਪ ਜੀ ਨੂੰ ਆਪ ਜੀ ਦੀ ਭੈਣ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਵਿਖੇ ਭੇਜਿਆ ਗਿਆ, ਇੱਥੇ ਆਪ ਜੀ ਦੇ ਜੀਜਾ ਜੈ ਰਾਮ ਜੀ ਨੇ ਆਪ ਨੂੰ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ ਲਗਵਾ ਦਿੱਤਾ। ਇੱਥੇ ਆਪ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਫਿਰ ਸਿਮਰਨ ਕਰਨ ਤੋਂ ਬਾਅਦ ਕੀਰਤਨ ਕਰਦੇ ਬਹੁਤ ਸਾਰੀਆਂ ਸੰਗਤਾਂ ਨੂੰ ਵੀ ਆਪਣੇ ਨਾਲ ਨਾਮ ਜਪਾਇਆ ਕਰਦੇ ਸੀ।
ਲੋਦੀਖਾਨੇ ਵਿੱਚ ਆਪ ਨੇ ਲੋਕਾਂ ਦੇ ਲੈਣ ਦੇਣ ਦਾ ਹਿਸਾਬ ਕਿਤਾਬ ਇਨੀਂ ਚੰਗੀ ਤਰ੍ਹਾਂ ਠੀਕ ਕੀਤਾ ਕਿ ਲੁੱਟ ਦਾ ਵਾਧੂ ਮਾਲ ਆਪ ਨੇ ਮਾਲਕਾਂ ਨੂੰ ਅਤੇ ਲੋੜਵੰਦ ਲੋਕਾਂ ਨੂੰ ਤੇਰਾ-ਤੇਰਾ ਕਹਿ ਕੇ ਵੰਡਣਾ ਸ਼ੁਰੂ ਕਰ ਦਿੱਤਾ, ਜਮਾਂ ਖੋਰੀ ਕਰਨ ਵਾਲਿਆਂ ਨੇ ਜਦੋਂ ਸ਼ਿਕਾਇਤ ਕੀਤੀ ਤਾਂ ਬਹੀ ਖਾਤਿਆ ਦੇ ਮੁਤਾਬਕ ਸਭ ਹਿਸਾਬ ਸਹੀ ਪਾਇਆ ਗਿਆ। ਇਸ ਸਮਾਜਿਕ ਲੁੱਟ ਦਾ ਆਪ ਜੀ ਦੇ ਮਨ ਤੇ ਬਹੁਤ ਗਹਿਰਾ ਅਸਰ ਹੋ ਰਿਹਾ ਸੀ। ਇਸ ਥਾਂ ਤੇ ਰਹਿੰਦਿਆਂ ਆਪ ਘਰ ਤੋਂ ਕੁਝ ਦੂਰੀ ਤੇ ਬੇਈਂ ਨਦੀ ਦੇ ਕਿਨਾਰੇ ਇਸ਼ਨਾਨ ਕਰਕੇ ਬੇਰੀ ਦੇ ਇੱਕ ਰੁੱਖ ਹੇਠਾਂ ਬੈਠ ਕੇ ਸੱਚ ਦਾ ਚਿੰਤਨ ਕਰਕੇ ਪਰਮਾਤਮਾ ਦੀ ਬੰਦਗੀ ਕਰਦੇ ਰਹਿੰਦੇ ਸੀ।
ਇਸ ਸਥਾਨ ਤੋਂ ਹੀ ਆਪ ਨੂੰ ‘ਇੱਕ ਓਕਾਂਰ’ ਪਰਮਾਤਮਾ ਦੇ ਵਿਸ਼ਾਲ ਰੂਪ ਦਾ ਅਰਥ ਸਮਝ ਆਇਆ ਸੀ।ਪੁਰਾਤਨ ਸਾਖੀਆਂ ਦੇ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਆਪ ਨੇ ਇਸ ਬੇਈਂ ਨਦੀ ਦੇ ਕਿਨਾਰੇ ਤੋਂ ਗਿਆਨ ਪ੍ਰਾਪਤੀ ਕਰਨ ਉਪਰੰਤ ‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’ ਸ਼ਬਦ ਦਾ ਮੁੱਖ ਵਿੱਚੋਂ ਉਚਾਰਨ ਕਰਕੇ, ਉਸ ਪਰਮਾਤਮਾ ਦੀ ਵਿਆਖਿਆ ਦੇ ਵੱਡੇ ਅਰਥ ਸਮਝਾਏ ਅਤੇ ਜਾਤੀਵਾਦ ਤੇ ਕਰਾਰੀ ਚੋਟ ਕੀਤੀ।
ਆਪ ਜੀ ਦੀ ਸ਼ਾਦੀ ਬੀਬੀ ਸੁਲੱਖਣੀ ਜੀ ਨਾਲ ਹੋਈ । ਆਪ ਦੇ ਘਰ ਦੋ ਪੁੱਤਰ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਪੈਦਾ ਹੋਏ ਆਪ ਜੀ ਨੇ ‘ਕਿਰਤ ਕਰੋ, ਨਾਮ ਜਪੋ, ਅਤੇ ਵੰਡ ਛਕੋ ਦੇ ਸਿਧਾਂਤ ਨੂੰ ਜੀਵਨ ਵਿੱਚ ਅਸਲੀ ਜਾਮਾਂ ਪਹਿਨਾਉਣ ਲਈ ਦੁਨੀਆ ਦੀਆਂ ਚਾਰੋਂ ਦਿਸ਼ਾਵਾਂ ਵਿੱਚ ਵੱਖ-ਵੱਖ ਸਮੇਂ ਵੱਡੀਆਂ ਚਾਰ ਲੰਬੀਆਂ ਉਦਾਸੀਆਂ ਕੀਤੀਆਂ। ਉਦਾਸੀਆਂ ਵਿੱਚ ਭਾਈ ਮਰਦਾਨਾ ਜੀ ਆਪਦੇ ਸਾਥੀ ਰਹੇ ਆਪ ਗੁਰਬਾਣੀ ਦੇ ਮਾਧਿਅਮ ਰਾਹੀਂ ਕਰਮਕਾਂਡਾਂ ਵਿੱਚ ਫਸੇ ਲੋਕਾਂ ਨੂੰ ਸਿੱਧੇ ਰਾਸਤੇ ਪਾਉਂਦੇ ਗਏ । ‘ਆਸਾ ਦੀ ਵਾਰ’ ਬਾਣੀ ਦਾ ਕੇਂਦਰ ਹੀ ਕਰਮਕਾਂਡਾਂ ਨੂੰ ਨਕਾਰਨਾ ਹੈ। ਆਪ ਜੀ ਨੇ ਉਦਾਹਰਨਾ ਰਾਹੀਂ ਅਸਲ ਜੀਵਨ ਵਿੱਚੋਂ ਕਰਮਕਾਂਡ ਤੇ ਅੰਧ ਵਿਸ਼ਵਾਸ ਨੂੰ ਦੂਰ ਕਰਨ ਦੀ ਪ੍ਰੇਰਨਾ ਦਿੱਤੀ।
ਆਪ ਜੀ ਦੀ ਗੁਰਬਾਣੀ ਦੀਆਂ ਕੁਝ ਪੰਕਤੀਆਂ ਅੱਜ ਮਾਨਵਤਾ ਦੀ ਬਹੁਤ ਚੰਗੀ ਤਰ੍ਹਾਂ ਅਗਵਾਈ ਕਰਦੀਆਂ ਹਨ।ਜਿਵੇਂ ਕਿ “ਮਨ ਜੀਤੈ ਜਗ ਜੀਤ” ” ਨਾਨਕ ਦੁਖੀਆ ਸਭ ਸੰਸਾਰ” “ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤ” ਆਪ ਜੀ ਦੀ ਸਮੁੱਚੀ ਬਾਣੀ ਮਨੁੱਖ ਨੂੰ ਪਰਮਾਤਮਾ ਨਾਲ ਮੇਲਦੀ ਹੈ, ਅੱਜ ਲੋੜ ਹੈ ਕਿ ਆਪ ਜੀ ਦੀ ਗੁਰਬਾਣੀ ਤੇ ਅਮਲ ਕਰਕੇ ਉਸ ਨੂੰ ਅਸਲ ਜੀਵਨ ਵਿੱਚ ਅਪਣਾਇਆ ਜਾਵੇ,ਆਪ ਜੀ ਨੇ ਮਨੁੱਖਤਾ ਦੇ ਧਰਮ ਦੀ ਨੀਂਹ ਰੱਖੀ ਆਪ ਜੀ ਨੂੰ ਸਿੱਖ ਧਰਮ ਦੇ ਮੋਢੀ ਗੁਰੂ ਵਜੋਂ ਜਾਣਿਆ ਜਾਂਦਾ ਹੈ। ਆਪ ਜੀ 7 ਸਤੰਬਰ 1539 ਈਸਵੀ ਨੂੰ ਭਾਈ ਲਹਿਣਾ ਜੀ ਨੂੰ ਦੂਜੇ ਗੁਰੂ ‘ਸ੍ਰੀ ਗੁਰੂ ਅੰਗਦ ਦੇਵ ਜੀ’ ਦੇ ਰੂਪ ਵਿੱਚ ਗੱਦੀ ਸੌਂਪ ਕੇ ਇਸ ਦੁਨੀਆਂ ਵਿੱਚੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਸੀ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



