ਜਵੱਦੀ ਟਕਸਾਲ ਵਿਖੇ ਸ਼੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਸੰਤ ਅਮੀਰ ਸਿੰਘ ਜੀ
ਅੱਜ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਮਨੁੱਖ ਦੀ ਮਾਨਸਿਕਤਾ ਵਿੱਚ ਝੂਠ ਨੂੰ ਬਾਰ-ਬਾਰ ਸੱਚ ਹੋਣ ਦੇ ਦਾਅਵੇ ਨਾਲ ਭਰਿਆ ਜਾ ਰਿਹਾ ਹੈ, ਤਾਂ ਜੋ ਸਾਨੂੰ ਕਮਜ਼ੋਰ ਕੀਤਾ ਜਾ ਸਕੇ-ਸੰਤ ਅਮੀਰ ਸਿੰਘ ਜੀ
ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐਮ.ਏ. ): ਗੁਰਬਾਣੀ ਪ੍ਰਚਾਰ ਪਸਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਲਈ ਨਿਰੰਤਰ ਕਾਰਜਸ਼ੀਲ ਜਵੱਦੀ ਟਕਸਾਲ ਵਿਖੇ ਸ਼੍ਰਿਸ਼ਟੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੀ ਅਖੰਡ-ਪਾਠ ਦੇ ਭੋਗ ਪਏ, ਉਪਰੰਤ ਗੁਰਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਰਾਗ ਅਧਾਰਿਤ ਤੰਤੀ ਸਾਜ਼ਾਂ ਨਾਲ ਕੀਰਤਨ ਕੀਤਾ। ਉਪਰੰਤ “ਜਵੱਦੀ ਟਕਸਾਲ” ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰੂ ਸਾਹਿਬ ਜੀ ਦੇ ਵੇਲਿਆਂ ਅਤੇ ਅਜੋਕੇ ਵਕਤ ਦੇ ਹਾਲਾਤਾਂ ਦੇ ਮੱਦੇਨਜ਼ਰ ਸੁਚੇਤ ਕਰਦਿਆਂ ਫ਼ੁਰਮਾਇਆ ਕਿ ਅੱਜ ਸਿੱਖ ਮਾਨਸਿਕਤਾ ਨੂੰ ਖੋਰਾ ਲਾਉਣ ਹਿੱਤ ਕਈ ਤਰ੍ਹਾਂ ਦੇ ਤਾਣੇ-ਬਾਣੇ ਬੁਣੇ ਜਾ ਰਹੇ ਨੇ। ਸਿੱਖ ਸੰਸਥਾਵਾਂ ਅਤੇ ਧਾਰਮਿਕ ਅਦਾਰਿਆਂ ‘ਚ ਖੁੱਲ੍ਹੇ-ਆਮ ਦਖਲਅੰਦਾਜ਼ੀ, ਸਿੱਖਾਂ ਦੀ ਰਹੁਰੀਤ ‘ਚ ਰਲਾ ਪਾਉਣ ਦੇ ਜੋ ਵੀ ਜਤਨ ਹੋ ਰਹੇ ਨੇ, ਉਹ ਆਉਣ ਵਾਲੀ ਸਿੱਖ ਪਨੀਰੀ ਨੂੰ ਭੁਲੇਖਿਆਂ ਪਾਉਣ ਅਤੇ ਸਿੱਖੀ-ਸ੍ਰੋਤਾਂ ਤੋਂ ਟੁੱਟ ਜਾਣ ਲਈ ਪਾਏ ਜਾ ਰਹੇ ਹਨ। ਅੱਜ ਸ਼ੋਸ਼ਲ ਮੀਡੀਆ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਮਨੁੱਖ ਦੀ ਮਾਨਸਿਕਤਾ ਵਿੱਚ ਝੂਠ ਨੂੰ ਬਾਰ- ਬਾਰ ਸੱਚ ਹੋਣ ਦੇ ਦਾਅਵੇ ਨਾਲ ਭਰਿਆ ਜਾ ਰਿਹਾ ਹੈ, ਤਾਂ ਜੋ ਸਾਨੂੰ ਕਮਜੋਰ ਕੀਤਾ ਜਾ ਸਕੇ। ਬਾਬਾ ਜੀ ਨੇ ਸੁਚੇਤ ਕੀਤਾ ਕਿ ਅਜਿਹੇ ਭੁਲੇਖੇ ਪਹਿਲਾਂ ਵੀ ਪਏ ਅਤੇ ਅਗਾਂਹ ਵੀ ਪਾਏ ਜਾ ਸਕਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਵਕਤ ਦਾ ਝੂਠ ਸੱਚ ਬਣ ਕੇ ਹਿਰਦੇ ਵਿੱਚ ਘਰ ਕਰਦਾ ਜਾਵੇ, ਅਜਿਹੀਆਂ ਪ੍ਰਸਥਿਤੀਆਂ ‘ਚ ਗੁਰੂ ਦੇ ਸਿੱਖ ਨੇ ਕਿਵੇਂ ਵਿਚਰਨਾ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਦੀ ਪ੍ਰਤੀਤ ਲਈ ਅਸੀਂ ਕਿਸੇ ਦੀ ਪਕੜ ‘ਚ ਨਾ ਜਾਈਏ। ਗੁਰਬਾਣੀ, ਗੁਰੂ-ਗ੍ਰੰਥ, ਨੂੰ ਹੀ ਸਮਝੀਏ ਅਤੇ ਪਹਿਚਾਣੀਏ, ਗੁਰੂ ਸਾਹਿਬਾਨਾਂ ਦੀਆਂ ਸ਼ਹੀਦੀਆਂ ਗੁਰਮੁਖ ਪਿਆਰਿਆਂ ਦੀਆਂ ਸ਼ਹੀਦੀਆਂ  ਨੂੰ ਯਾਦ ਰੱਖੀਏ, ਆਪਣਾ ਜੀਵਨ ਗੁਰੂ ਪੰਥ ਅਨੁਸਾਰ ਢਾਲੀਏ, ਖੰਡੇ ਦੀ ਪਾਹੁਲ ਛੱਕ ਕੇ ਆਪਣੇ ਮਨ ਤੇ ਤਨ ਨੂੰ ਸੱਚ ਦੇ ਮਾਰਗ ਤੇ ਪਾਈਏ। ਬਾਬਾ ਜੀ ਨੇ ਜ਼ੋਰ ਦਿੰਦਿਆਂ ਸਮਝਾਇਆ ਕਿ ਜਿਵੇਂ ਸਰੀਰ ਨੂੰ ਬਲਵਾਨ ਰੱਖਣ ਲਈ ਖੁਰਾਕ ਖਾਣੀ ਚਾਹੀਦੀ ਹੈ। ਉਸ ਤਰ੍ਹਾਂ ਗੁਰਬਾਣੀ ਆਤਮਾ ਦੀ ਖੁਰਾਕ ਹੈ। ਬਲਵਾਨ ਆਤਮਾ ਨੂੰ ਪਰਮ ਆਤਮਾ ਦਾ ਥਾਪੜਾ ਪ੍ਰਾਪਤ ਹੁੰਦਾ ਹੈ।  ਉਨ੍ਹਾਂ ਆਉਣ ਵਾਲੇ ਮਹੀਨਿਆਂ ਦੌਰਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹੀਦੀ ਸ਼ਤਾਬਦੀ ਦੇ ਸੰਬੰਧ ‘ਚ ਜਵੱਦੀ ਟਕਸਾਲ ਵਿਖੇ ਵੱਡੇ ਸਮਾਗਮ ਕਰਵਾਉਣ ਵੱਲ ਇਸ਼ਾਰਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਖਵਿੰਦਰ ਸਿੰਘ ਗਿੱਲ ਬਣੇ ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ, ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਹੋਏ ਸ਼ਾਮਲ 
Next articleਵਿਦਿਆਰਥੀ ਜੀਵਨ ਵਿੱਚ ਸਵੈ ਅਧਿਐਨ ਦੀ ਮਹੱਤਤਾ