ਕਰਜ਼ਾਈ ਕਰੀ ਜਾ ਰਹੇ ਨੇ ਫੋਕੇ ਦਿਖਾਵੇ….

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਬੰਦੇ ਦੀ ਲਾਲਸਾ ਕਦੇ ਨਹੀਂ ਮੁੱਕਦੀ ,ਇਹ ਇੱਕ ਕੌੜਾ ਸੱਚ ਹੈ ਕਿ ਸਾਰੀ ਉਮਰ ਹੋਰ ਪ੍ਰਾਪਤੀ ਕਰਨ ਦੇ ਚੱਕਰਾਂ ਵਿੱਚ ਅਸੀਂ ਆਪਣਾ ਜੀਵਨ ਬਹੁਤ ਹੀ ਕਠਿਨਾਈ ਭਰਿਆ ਬਣਾਈ ਜਾ ਰਹੇ ਹਾਂ। ਮਨੁੱਖੀ ਸੁਭਾਅ ਹਮੇਸ਼ਾ ਹੀ ਹਰ ਚੀਜ ਜਲਦੀ ਪ੍ਰਾਪਤ ਕਾਰਨ ਦੇ ਚੱਕਰਾਂ ਵਿੱਚ ਆਪਣਾ ਪੂਰਾ ਜ਼ੋਰ ਲਗਾਈ ਜਾਂਦਾ ਹੈ। ਪੁਰਾਣੇ ਸਮੇਂ ਸੀ ਜਦੋਂ ਲੋਕ ਕੋਈ ਚੀਜ ਓਦੋਂ ਹੀ ਖ੍ਰੀਦ ਕੇ ਲਿਆਉਂਦੇ ਜਦ ਉਹਨਾਂ ਕੋਲ ਪੂਰੇ ਪੈਸੇ ਇਕਠੇ ਹੋ ਜਾਂਦੇ । ਉਸ ਲਿਆਂਦੀ ਛੋਟੀ ਜਿਹੀ ਚੀਜ ਦੀ ਖ਼ੁਸ਼ੀ ਵੀ ਬਹੁਤ ਹੁੰਦੀ ਸੀ ਕਿਉਂ ਕਿ ਪੈਸਾ ਜੋੜ ਕੇ ਲਿਆਂਦੀ ਚੀਜ ਬੜੀ ਖੁਸ਼ੀ ਦਿੰਦੀ ਸੀ ਅਤੇ ਨਾ ਹੀ ਕੋਈ ਕਿਸ਼ਤ ਮੋੜਨ ਦੀ ਚਿੰਤਾ ਹੁੰਦੀ ਸੀ।

ਪਰ ਅੱਜ ਦਾ ਇਹ ਮੌਡਰਨ ਸਮਾਂ ਜਿਸ ਨੇ ਸਭ ਨੂੰ ਹੀ ਕਰਜ਼ ਦੀ ਅੱਗ ਵਿੱਚ ਝੋਕ ਰੱਖਿਆ ਹੈ ਓਹੀ ਮਨੁੱਖੀ ਚਿੰਤਾ ਦਾ ਕਾਰਨ ਬਣ ਗਿਆ ਅਤੇ ਖ਼ੁਸ਼ੀਆਂ ਖੋਹ ਕੇ ਲੈ ਗਿਆ। ਹੁਣ ਦੇ ਦੌਰ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਪਤਾ ਕਿ ਜੇਕਰ ਪੈਸੇ ਨਹੀਂ ਵੀ ਹਨ ਤਾਂ ਹਰ ਚੀਜ ਕਿਸ਼ਤਾਂ ਜਾਂ ਲੋਨ ਤਾ ਅਸਾਨੀ ਨਾਲ ਮਿਲ ਜਾਂਦੀ ਹੈ ਭਾਵੇਂ ਉਹ ਚੀਜ ਬਾਅਦ ਵਿੱਚ ਘਰ ਦੇ ਕੋਨੇ ਵਿੱਚ ਪਈ ਰਹਿੰਦੀ ਹੋਵੇ। ਇੱਕ ਤੋਂ ਬਾਅਦ ਇੱਕ ਚੀਜ ਕਿਸ਼ਤਾਂ ਤੇ ਆ ਰਹੀ ਹੈ।

ਇਸ ਦਾ ਸਿੱਟਾ ਇਹ ਨਿਕਲਦਾ ਕਿ ਇਨਸਾਨ ਰੋਟੀ ਖਾਣ ਨਾਲੋਂ ਵੱਧ ਹਰ ਰੋਜ ਕਿਸ਼ਤਾਂ ਦੀ ਉਧੇੜ ਬੁਣ ਵਿੱਚ ਲੱਗਿਆ ਰਹਿੰਦਾ ਹੈ ਅਤੇ ਆਪਣਾ ਖ਼ੁਸ਼ੀ ਭਰਿਆ ਸਮਾਂ ਵੀ ਇਹੀ ਸੋਚਣ ਵਿੱਚ ਲੰਘਾ ਦਿੰਦਾ ਹੈ ਕਿ ਅਗਲੀ ਕਿਸ਼ਤ ਦਾ ਪ੍ਰਬੰਧ ਕਿਵੇਂ ਕਰਨਾ ਹੈ। ਬਹੁਤ ਜਿਆਦਾ ਜਰੂਰੀ ਇੱਕ ਅੱਧੇ ਕੰਮ ਵਾਸਤੇ ਆਪਣੀ ਹੈਸੀਅਤ ਅਨੁਸਾਰ ਲੋਨ ਲੈਣਾ ਕੋਈ ਮਾੜੀ ਗੱਲ ਨਹੀਂ ਪਰ ਜਦੋਂ ਇਹੀ ਇਨਸਾਨ ਬਿਨਾਂ ਸੋਚੇ ਆਨਲਾਈਨ ਵਿਕਰੀ ਸਟੋਰਾਂ ਤੋਂ ਜਾਂ ਮਾਰਕੀਟ ਵਿੱਚੋਂ ਜਲਦੀ ਚੀਜ ਖਰੀਦਣ ਦੇ ਚੱਕਰ ਵਿੱਚ ਹਰ ਚੀਜ ਲੋਨ ਤੇ ਖ੍ਰੀਦ ਲੈਂਦਾ ਹੈ ਜਿਸ ਬਿਨਾਂ ਉਸ ਦਾ ਕੰਮ ਚੱਲ ਵੀ ਰਿਹਾ ਹੁੰਦਾ ਹੈ, ਫੇਰ ਓਹੀ ਖਰੀਦੀ ਵਸਤੂ ਦੀ ਕਿਸ਼ਤ ਗਲ਼ ਦੀ ਹੱਡੀ ਬਣ ਜਾਂਦੀ ਹੈ ਅਤੇ ਸਾਹ ਵੀ ਖੁੱਲ੍ਹ ਕੇ ਨਹੀਂ ਆਉਂਦੇ।

ਕਿਉਂ ਕਿ ਚਿੰਤਾ ਵਿੱਚ ਸਾਹ ਕਿਰਿਆ ਵੀ ਪ੍ਰਭਾਵਿਤ ਹੁੰਦੀ ਹੈ। ਰੋਟੀ ਕੱਪੜਾ ਅਤੇ ਮਕਾਨ ਜਿੰਦਗੀ ਦੀਆਂ ਬਹੁਤ ਜਰੂਰੀ ਚੀਜਾਂ ਹਨ। ਇਹਨਾਂ ਦੀ ਪੂਰਤੀ ਕਰਨਾ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹੈ।ਬਾਕੀ ਸਭ ਚੀਜ਼ਾਂ ਮਨੁੱਖ ਥੋੜਾ ਸਬਰ ਰੱਖ ਕੇ ਵੀ ਖ੍ਰੀਦ ਸਕਦਾ ਹੈ।ਉਦਾਹਰਨ ਲਈ ਘਰ ਵਿੱਚ ਚੰਗਾ ਭਲਾ ਇੱਕ ਟੀ ਵੀ ਪਿਆ ਹੁੰਦਾ ਹੈ ਦਿਖਾਵੇ ਦੇ ਚੱਕਰ ਵਿੱਚ ਕਿਸ਼ਤਾਂ ਤੇ ਹੋਰ ਟੀਵੀ ਲਿਆ ਕੇ ਰੱਖ ਦੇਣਾ ਬਹੁਤੀ ਸਿਆਣੀ ਗੱਲ ਨਹੀਂ।ਜਦੋਂ ਕਿ ਬਾਅਦ ਵਿੱਚ ਉਸ ਟੀਵੀ ਨੂੰ ਦੇਖਣ ਦਾ ਟਾਈਮ ਕਿਸੇ ਕੋਲ ਨਹੀਂ ਹੁੰਦਾ। ਰੋਜ਼ੀ ਰੋਟੀ ਦੀ ਪੂਰਤੀ ਕਰਨ ਲਈ ਸਾਰਾ ਦਿਨ ਕੰਮ ਕਰਨ ਮਗਰੋਂ ਟੀਵੀ ਕਿਸ ਨੇ ਦੇਖਣਾ ਹੈ। ਇਹ ਫਾਲਤੂ ਦਾ ਸਿਰ ਚੜਿਆ ਕਰਜ਼ਾ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ। ਬੰਦਾ ਬਿਨਾਂ ਵਜ੍ਹਾ ਹੀ ਘਰ ਵਿੱਚ ਕਲੇਸ਼ ਪਾਈ ਰੱਖਦਾ ਹੈ।

ਇਹ ਲੋਨ ਦੀ ਸਹੂਲਤ ਤਾਂ ਸਾਨੂੰ ਬਾਹਰਲੇ ਦੇਸ਼ਾਂ ਵਾਂਗ ਮਿਲ ਗਈ ਹੈ ਪਰ ਉਥੋਂ ਦੇ ਲੋਕਾਂ ਵਾਂਗ ਮਿਹਨਤ ਕਰਨ ਦਾ ਹੁਨਰ ਨਹੀਂ ਮਿਲਿਆ। ਸਿੱਟੇ ਵਜੋਂ ਸਾਰਾ ਘਰ ਹੀ ਲੋਨ ਲੋਨ ਕਰਦਾ ਫਿਰਦਾ। ਬੱਚੇ ਵੀ ਅੱਜਕੱਲ ਨਵੇਂ ਜ਼ਮਾਨੇ ਦੇ ਚੱਕਰਾਂ ਵਿੱਚ ਫਸ ਕੇ ਮਹਿੰਗੇ ਮੋਬਾਇਲ ਅਤੇ ਕੱਪੜੇ ਆਦਿ ਬਿਨਾਂ ਸੋਚੇ ਹੀ ਖਰੀਦੀ ਜਾ ਰਹੇ ਹਨ । ਇਸ ਤਰਾਂ ਕਰਨ ਨਾਲ ਜੇਕਰ ਕੋਈ ਬੱਚਾ ਰੁਜਗਾਰ ਤੇ ਵੀ ਲੱਗਾ ਹੋਇਆ ਓਹ ਆਪਣੀ ਮਿਹਨਤ ਦਾ ਪੈਸਾ ਫਜ਼ੂਲ ਹੀ ਉਡਾਈ ਜਾਂਦਾ ਅਤੇ ਬਾਅਦ ਵਿੱਚ ਏਧਰੋਂ ਓਧਰੋਂ ਪੈਸਾ ਲੈ ਕੇ ਕੰਮ ਚਲਾਉਂਦਾ।ਬਹੁਤੇ ਲੋਕ ਜਾਂ ਬੱਚੇ ਇਹ ਸੋਚਦੇ ਹਨ ਕਿ ਅੱਜ ਦਾ ਟਾਈਮ ਲੰਘਾ ਲਵੋ ਕੱਲ ਦੇਖੀ ਜਾਊ। ਗੱਲ ਸਹੀ ਤਾਂ ਹੈ ਕੱਲ ਦਾ ਕੋਈ ਪਤਾ ਨਹੀਂ ਕਿਹੋ ਜਿਹਾ ਸਮਾਂ ਹੋਵੇ। ਪਰ ਮੈਂ ਅਜਿਹੇ ਲੋਕ ਦੇਖੇ ਹਨ ਜਿਨ੍ਹਾਂ ਨੇ ਅੱਜ ਤੋਂ 10 ਜਾਂ 15 ਸਾਲ ਪਹਿਲਾਂ ਕਮਾਏ ਰੁਪਏ ਨਹੀਂ ਸੰਭਾਲੇ ਓਹ ਅੱਜ ਮੰਗਣ ਲਈ ਮਜਬੂਰ ਹਨ ਜਦੋਂ ਕਿ ਓਹਨਾਂ ਕੋਲ ਉਸ ਸਮੇਂ ਏਨੀ ਕੂ ਆਮਦਨ ਸੀ ਕਿ ਉਸ ਵਿਚੋਂ ਕਾਫੀ ਬੱਚਤ ਹੋ ਸਕਦੀ ਸੀ। ਇਹ ਕਹਿਣਾ ਕਿ ਕੱਲ ਕਿਸ ਨੇ ਦੇਖਿਆ ਬਿਲਕੁਲ ਸਹੀ ਨਹੀਂ ਹੈ।

ਫੇਰ ਤਾਂ ਸਾਨੂੰ ਮਕਾਨ ਬਣਾਉਣ ਦੀ ਵੀ ਜਰੂਰਤ ਨਹੀਂ ਜਿਸ ਉੱਪਰ ਏਨਾ ਪੈਸਾ ਲੱਗਦਾ ਹੈ ਕਿ ਤੁਸੀਂ ਸਾਰੀ ਉਮਰ ਉਸ ਖਰਚੇ ਜਾਂ ਕਰਜ਼ੇ ਵਿਚੋਂ ਬਾਹਰ ਨਹੀਂ ਆਉਂਦੇ ਜੇਕਰ ਸਾਡੇ ਵੱਲੋਂ ਜਰੂਰਤ ਤੋਂ ਜਿਆਦਾ ਪੈਸਾ ਘਰ ਬਣਾਉਣ ਵਿੱਚ ਖਰਚਿਆ ਹੋਵੇ। ਘਰ ਬਣਾਉਣਾ ਬਹੁਤ ਜਰੂਰੀ ਹੈ। ਪਰ ਅੱਜ ਚੰਗੇ ਬਣੇ ਹੋਏ ਘਰ ਢਾਹ ਕੇ ਨਵੀਂ ਇਮਾਰਤ ਲੋਨ ਲੈ ਕੇ ਉਸਾਰ ਲਈ ਜਾਂਦੀ ਹੈ ਅਤੇ ਮਕਾਨ ਤੇ ਬੇਸਮਝੀ ਨਾਲ ਕੀਤਾ ਖ਼ਰਚ ਸਾਨੂੰ ਸਾਰੀ ਉਮਰ ਉੱਠਣ ਨਹੀਂ ਦਿੰਦਾ ਜੇਕਰ ਕਮਾਈ ਦਾ ਕੋਈ ਚੰਗਾ ਸਾਧਨ ਨਾ ਹੋਵੇ ਤਾਂ ਹੋਰ ਵੀ ਔਖਾ। ਏਸੇ ਤਰਾਂ ਹੀ ਅਸੀਂ ਬਿਨਾਂ ਸੋਚੇ ਹੀ ਕਈ ਵਾਰ ਕਈ ਅਜਿਹੀਆਂ ਚੀਜ਼ਾਂ ਤੇ ਖ਼ਰਚ ਕਰ ਦਿੰਦੇ ਹਾਂ ਜਿਸ ਦਾ ਪਛਤਾਵਾ ਸਾਨੂੰ ਦੇਰ ਸਵੇਰ ਹੋ ਹੀ ਜਾਂਦਾ ਹੈ। ਇਸ ਲਈ ਸਿਆਣੇ ਸਹੀ ਕਹਿੰਦੇ ਹਨ ਕਿ ਪੈਸਾ ਕਮਾਉਣਾ ਸੌਖਾ ਹੈ ਅਤੇ ਖਰਚਣਾ ਬਹੁਤ ਔਖਾ।

ਅੱਜ ਲੋਕ ਬਾਹਰ ਖਾਣ ਪੀਣ ਨੂੰ ਬੜੀ ਤਰਜ਼ੀਹ ਦਿੰਦੇ ਹਨ ਇਹ ਜਾਣਦੇ ਹੋਏ ਕਿ ਬਾਹਰੋਂ ਖਾਧਾ ਖਾਣਾ ਨਾਲੇ ਤਾਂ ਮਹਿੰਗਾ ਹੁੰਦਾ ਹੈ ਅਤੇ ਨਾ ਪੌਸ਼ਟਿਕ ਜੇਕਰ ਚੰਗੀ ਜਗ੍ਹਾ ਤੋਂ ਨਾ ਲਿਆ ਹੋਵੇ। ਸੋ ਸਾਨੂੰ ਅੱਜ ਇਹ ਸਮਝਣ ਦੀ ਜਰੂਰਤ ਹੈ ਕਿ ਪੈਸੇ ਨੂੰ ਲੋੜ ਅਨੁਸਾਰ ਹੀ ਖਰਚਿਆ ਜਾਵੇ ਅਤੇ ਲੋਨ ਨੂੰ ਨਾਂਹ ਹੀ ਕੀਤੀ ਜਾਵੇ ਜਿੰਨਾਂ ਚਿਰ ਜਰੂਰੀ ਨਾ ਹੋਵੇ। ਇਸ ਹਿਸਾਬ ਨਾਲ ਖ਼ਰਚ ਨੂੰ ਕੰਟਰੋਲ ਕਰਦੇ ਹੋਏ ਅਤੇ ਲੋਨ ਤੋਂ ਬਚ ਕੇ ਅਸੀਂ ਥੋੜੀ ਰਾਹਤ ਭਰੀ ਜਿੰਦਗੀ ਬਤੀਤ ਕਰ ਸਕਦੇ ਹਾਂ ਕਿਉਂ ਕਿ ਜਿੰਦਗੀ ਦੀਆਂ ਸਮੱਸਿਆਵਾਂ ਬਹੁਤ ਹਨ ਅਸੀਂ ਕੋਸ਼ਿਸ਼ ਕਰੀਏ ਕਿ ਇਹ ਹੋਰ ਨਾ ਵੱਧ ਜਾਣ ਅਤੇ ਜਿੰਦਗੀ ਨੂੰ ਹੱਸ ਖੇਡ ਕੇ ਲੰਘਾ ਸਕੀਏ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਧਾਰਮਈਆ ਹੋਣਗੇ ਕਰਨਾਟਕ ਦੇ ਅਗਲੇ ਮੁੱਖ ਮੰਤਰੀ
Next articleNations to accelerate resilience building amidst spiralling disasters