(ਸਮਾਜ ਵੀਕਲੀ)
ਬੱਚਿਆਂ ਨੂੰ ਸਰਹੰਦ ਦਿਖਾਇਓ,
ਲਾਲਾਂ ਵਾਲੀ ਕੰਧ ਦਿਖਾਇਓ।
ਔਖਾ ਬਿਖੜਾ ਪੈਂਡਾ ਸੀ ਕਿੰਨਾਂ,
ਕੰਡਿਆਂ ਭਰਿਆ ਪੰਧ ਦਿਖਾਇਓ।
ਬੱਚਿਆਂ ਨੂੰ……
ਕਲਗੀਧਰ ਦੇ ਪੁੱਤਰਾਂ ਨੂੰ,
ਸਮਝਿਓ ਨਾ ਕੋਈ ਐਸੇ ਵੈਸੇ।
ਯੋਧਿਆਂ ਵਾਂਗਰ ਡਟੇ ਰਹੇ ਸੀ,
ਜ਼ੁਲਮ ਹੁੰਦੇ ਸੀ ਜੈਸੇ ਜੈਸੇ।
ਹਰ ਇੱਕ ਗੱਲ ਨੂੰ ਚੇਤੇ ਰੱਖਿਓ,
ਜ਼ੁਲਮਾਂ ਦੀ ਤੁਸਾਂ ਹੱਦ ਦਿਖਾਇਓ।
ਬੱਚਿਆਂ ਨੂੰ……
ਛੋਟੇ ਛੋਟੇ ਕੱਚੀ ਉਮਰ ਦੇ,
ਵੱਡੇ ਜਿਗਰੇ ਵਾਲ਼ੇ ਲੱਗਦੇ ਸੀ।
ਪਿਤਾ ਗੋਬਿੰਦ ਦੇ ਕਾਲਜੇ ਦੇ ਓਹ,
ਟੁੱਕੜਿਆਂ ਵਰਗੇ ਲੱਗਦੇ ਸੀ।
ਸੱਚੋ ਸੱਚ ਸੱਭ ਆਖ ਸੁਣਾਂ ਦਿਓ,
ਨਾ ਕੋਈ ਘੱਟ ਨਾ ਵੱਧ ਦਿਖਾਇਓ।
ਬੱਚਿਆਂ ਨੂੰ…..
ਕੁਰਬਾਨੀ ਦੇ ਵਰਕੇ ਇਹ,
ਬੰਦ ਕਰ ਕੇ ਨਾ ਛੱਡ ਦਿਓ।
ਇਤਿਹਾਸ ਬਣਾਉਣ ਵਾਲਿਆਂ ਨੂੰ,
ਦਿਲ ਵਿੱਚੋਂ ਨਾ ਕੱਢ ਦਿਓ।
ਠੰਢੇ ਬੁਰਜ਼ ਦੀ ਠੰਢੀ ਠਾਰਦੀ,
ਬੱਚਿਆਂ ਨੂੰ ਵੀ ਠੰਢ ਦਿਖਾਇਓ।
ਬੱਚਿਆਂ ਨੂੰ ਸਰਹੰਦ ਦਿਖਾਇਓ,
ਲਾਲਾਂ ਵਾਲੀ ਕੰਧ ਦਿਖਾਇਓ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly