*ਕੀ ਔਰਤ ਘਰ ਦੇ ਕੰਮਾਂ ਵਿੱਚ ਪਿਸਦੀ ਜਾ ਰਹੀ ਹੈ?* 

ਚਰਨਜੀਤ ਸਿੰਘ ਮੁਕਤਸਰ
  (ਸਮਾਜ ਵੀਕਲੀ)  ਇਕ ਸੋਧ ਦੇ ਮੁਤਾਬਕ ਭਾਰਤੀ ਪੁਰਸ਼ ਔਸਤਨ ਘਰ ਦੇ ਕੰਮਾਂ ਵਿੱਚ 24 ਮਿੰਟ ਦਿੰਦੇ ਹਨ ਅਤੇ ਔਰਤਾਂ ਚਾਰ ਤੋਂ ਪੰਜ ਘੰਟੇ। ਹਾਲ ਹੀ ਵਿੱਚ ਓ ਟੀ ਟੀ ਪਲੇਟਫਾਰਮ ਤੇ ‘ਮਿਸਜ਼’ ਫਿਲਮ ਆਈ। ਇਹ ਫਿਲਮ ਮਲਿਆਲਮ ਫਿਲਮ ‘ਦਾ ਗਰੇਟ ਇੰਡੀਅਨ ਕਿਚਨ’ ਦੀ ਰੀਮੇਕ ਹੈ। ਇਸ ਫ਼ਿਲਮ ਤੋਂ ਬਾਅਦ ਦੇਸ਼ ਭਰ ਵਿੱਚ ਔਰਤਾਂ ਦੀ ਜ਼ਿੰਦਗੀ ਬਾਰੇ ਚਰਚਾ ਹੋਣ ਲੱਗੀ। ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ, ਨਿਊਜ਼ ਚੈਨਲਾਂ ਤੇ ਇਸ ਫ਼ਿਲਮ ਚ ਦਿਖਾਏ ਵਿਸ਼ੇ ਤੇ ਬਹਿਸ ਹੋਣ ਲੱਗੀ। ਫੈਨੇਨਿਜ਼ਮ ਬਾਰੇ ਡਿਬੇਟ ਛਿੜ ਗਈ ਹੈ।ਇਸ ਫਿਲਮ ਵਿੱਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤੀ ਔਰਤਾਂ ਨੂੰ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਰਸੋਈ ਵਿੱਚ ਹੀ ਬਿਤਾਉਣਾ ਪੈਂਦਾ ਹੈ। ਇਸ ਫਿਲਮ ਵਿੱਚ ਰਿਚਾ ਨਾਮ ਦੀ ਲੜਕੀ ਜੋ ਕਿ ਇੱਕ ਡਾਂਸ ਗਰੁੱਪ ਨਾਲ ਜੁੜੀ ਹੋਈ ਹੈ, ਦਾ ਵਿਆਹ ਇੱਕ ਡਾਕਟਰ ਨਾਲ ਹੁੰਦਾ ਹੈ। ਹੁਣ ਉਸਦੀ ਦੁਨੀਆਂ ਵਿੱਚ ਸਿਰਫ ਰਸੋਈ ਹੈ, ਪਤੀ ਹੈ, ਸਾਰਾ ਪਰਿਵਾਰ ਹੈ, ਪਰ ਨਾ ਤਾਂ ਸੁਪਨੇ ਹਨ ਅਤੇ ਨਾ ਹੀ ਕੋਈ ਡਾਂਸ ਤੇ ਨਾ ਕੋਈ ਪੈਸ਼ਨ।
ਰਿਚਾ ਨੂੰ ਵਿਆਹ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸ ਤੋਂ ਪੁਰਾਣੇ ਤਰੀਕਿਆਂ ਨਾਲ ਭੋਜਨ ਪਕਾਉਣ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਮਿਕਸੀ ਵਿੱਚ ਚਟਨੀ ਬਣਾਉਣ ਦੀ ਥਾਂ ਸਿਲਵੱਟੇ ਤੇ ਚਟਨੀ ਦਾ ਕੁੱਟਣਾ। ਉਸ ਦਾ ਪਤੀ ਅਤੇ ਬਾਕੀ ਮੈਂਬਰ ਉਸ ਤੋਂ ਉਮੀਦ ਕਰਦੇ ਹਨ ਕਿ ਉਹਨਾਂ ਨੂੰ ਖਾਣਾ ਪਰੋਸਦੇ ਸਮੇਂ ਹੋਟਕੇਸ ਵਿੱਚ ਇਕੱਠੀਆਂ ਰੋਟੀਆਂ ਰੱਖਣ ਦੀ ਬਜਾਏ ਤਵੇ ਤੋਂ ਗਰਮਾ ਗਰਮ ਫੁਲਕਾ ਸਿੱਧਾ ਖਾਣੇ ਦੀ ਪਲੇਟ ਵਿੱਚ ਆਵੇ। ਰਾਤ ਨੂੰ ਜੂਠੇ ਬਰਤਨ ਸਾਫ ਕਰਨ ਦਾ ਰਿਵਾਜ਼ ਹੈ, ਕਿਉਂਕਿ ਰਾਤ ਨੂੰ ਛੱਡੇ ਜੂਠੇ ਬਰਤਨ ਸ਼ਰਾਪ ਦਿੰਦੇ ਹਨ। ਰਿਚਾ ਦੇ ਸਹੁਰੇ ਨੂੰ ਡਸਟ ਐਲਰਜ਼ੀ ਹੈ,ਜਿਸ ਕਰਕੇ ਉਸਨੂੰ ਹਰ ਪਾਸੇ ਸਾਫ ਸਫਾਈ ਚਾਹੀਦੀ ਹੈ। ਉਹ ਕੱਪੜੇ ਮਸ਼ੀਨ ਚ ਧੋਣ ਦੀ ਬਜਾਏ ਹੱਥ ਨਾਲ਼ ਧੋਣਾ ਪਸੰਦ ਕਰਦੇ ਹਨ, ਕਿਉਂਕਿ ਮਸ਼ੀਨ ਨਾਲ ਮੈਲ ਨਹੀਂ ਜਾਂਦੀ। ਇਸ ਦਾ ਅਸਰ ਇਹ ਹੁੰਦਾ ਹੈ ਕਿ ਉਸ ਨੂੰ ਘਰੇਲੂ ਕੰਮਾਂ ਤੋਂ ਵਿਹਲ ਹੀ ਨਹੀਂ ਮਿਲਦੀ ਅਤੇ ਉਸਦੀ ਜ਼ਿੰਦਗੀ ਨੀਰਸ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਭਾਰਤੀ ਪੁਰਸ਼ਾਂ ਦੁਆਰਾ ਗਰਮਾ ਗਰਮ ਫੁਲਕਿਆਂ ਦੀ ਮੰਗ ਕਰਨ ਕਾਰਨ ਔਰਤਾਂ ਦੀਆਂ ਜਰੂਰਤਾਂ ਤੇ ਇੱਛਾਵਾਂ ਦਾ ਦਮਨ ਹੋ ਜਾਂਦਾ ਹੈ।
ਰਿਚਾ ਦੀ ਸੱਸ ਆਪਣੇ ਪਤੀ ਦੀਆਂ ਚੱਪਲਾਂ ਪਲੰਗ ਦੇ ਥੱਲਿਓਂ ਨਿਕਾਲ ਕੇ ਦਿੰਦੀ ਹੈ ਉਹ ਦਿਨ ਭਰ ਰਸੋਈ ਦੇ ਕੰਮਾਂ ਵਿੱਚ ਜੁਟੀ ਰਹਿੰਦੀ ਹੈ, ਜਿਸ ਦਾ ਮਕਸਦ ਕੇਵਲ ਸੁਵਾਦੀ ਖਾਣਾ ਬਣਾਉਣਾ ਹੈ। ਰਿਚਾ ਤੋਂ ਵੀ ਇਹ ਉਮੀਦ ਕੀਤੀ ਜਾਂਦੀ ਹੈ, ਜੋ ਉਸਦੀ ਸੱਸ ਕਰਦੀ ਆ ਰਹੀ ਹੈ। ਰਿਚਾ  ਦੀ ਭੂਆ ਸੱਸ ਨੂੰ ਉਸਦਾ ਕੋਈ ਗੁਣ ਨਜ਼ਰ ਨਹੀਂ ਆਉਂਦਾ ਅਤੇ ਨਾ ਹੀ ਉਹ ਦੇਖਣ ਦੀ ਕੋਸ਼ਿਸ਼ ਕਰਦੀ ਹੈ। ਉਹਨਾਂ ਦੇ ਅਨੁਸਾਰ ਤਾਂ ਬੱਸ ਰਿਚਾ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ।
ਅੱਜ ਤੋਂ ਤਕਰੀਬਨ 30-40 ਸਾਲ ਪਹਿਲਾਂ ਜਦੋਂ ਦੁਨੀਆ ਇੱਕ ਮੋੜ ਤੇ ਰੁਕੀ ਹੋਈ ਸੀ। ਉਸ ਸਮੇਂ ਨੌਕਰੀਆਂ ਦੇ ਮੌਕੇ ਬਹੁਤ ਘੱਟ ਸਨ। ਪੁਰਸ਼ਾਂ ਦੀ ਸਭ ਤੋਂ ਵੱਡੀ ਤਮੰਨਾ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਅਤੇ ਘਰੇਲੂ ਔਰਤ ਨਾਲ ਵਿਆਹ ਕਰਾਉਣ ਦਾ ਇਹ ਸੀਮਤ ਸੀ। ਉਹਨਾਂ ਦਿਨਾਂ ਵਿੱਚ ਘਰਾਂ ਪਰਿਵਾਰਾਂ ਦੀਆਂ ਇੱਛਾਵਾਂ ਕੋਈ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਸਨ। ਉਹਨਾਂ ਸਮਿਆਂ ਵਿੱਚ ਵੱਡੀਆਂ ਕੋਠੀਆਂ, ਕਾਰਾਂ,ਚਮਚਮਾਉਂਦੇ ਸਾਧਨ ਅਤੇ ਪੈਸਿਆਂ ਦੇ ਦੌੜ ਨਹੀਂ ਸੀ। ਉਹਨਾਂ ਦਿਨਾਂ ਵਿੱਚ ਘਰ ਸਾਧਾਰਨ ਸਨ।  ਉਸ ਸਮੇਂ ਵਿੱਚ ਭਵਿੱਖ ਲਈ ਪੈਸੇ ਜੋੜਨ ਅਤੇ ਬੱਚਿਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੁੰਦੀ ਸੀ। ਉਹਨਾਂ ਦਿਨਾਂ ਵਿੱਚ ਘਰਾਂ ਦੇ ਪੁਰਸ਼ ਇੱਕ ਰਾਜੇ ਮਹਾਰਾਜਿਆਂ ਵਰਗੀ ਜ਼ਿੰਦਗੀ ਬਿਤਾਉਂਦੇ ਸਨ। ਉਹਨਾਂ ਲਈ ਸਵੇਰੇ ਗਰਮਾ ਗਰਮ ਚਾਹ, ਗਰਮ ਫੁਲਕੇ ਰਾਤ ਦਾ ਗਰਮਾ ਗਰਮ ਖਾਣਾ ਉਪਲਬਧ ਰਹਿੰਦਾ ਸੀ। ਇੱਕ ਸਧਾਰਨ ਨੌਕਰੀ ਪੇਸ਼ਾ ਜਾਂ ਸਧਾਰਨ ਕੰਮ ਕਰਨ ਵਾਲੇ ਪੁਰਸ਼ ਵੀ ਰਾਤ ਦੇ ਖਾਣੇ ਵਿੱਚ ਕਈ ਵਿਅੰਜਨ ਪਰੋਸੇ ਜਾਂਦੇ ਸਨ। ਦੋ ਦੋ ਸਬਜ਼ੀਆਂ, ਰਾਇਤਾ, ਚਟਨੀ, ਲੱਸੀ, ਘਿਓ, ਗੁੜ, ਆਚਾਰ ਇਸ ਤੋਂ ਬਾਅਦ ਮਿਠਾਈ ਪਰੋਸਣਾ ਸਾਡੀ ਭਾਰਤੀ ਰਿਵਾਇਤ ਸੀ। ਬਹੁਤੇ ਭਾਰਤੀ ਪਰਿਵਾਰਾਂ ਵਿੱਚ ਇਹ ਰਵਾਇਤ ਅੱਜ ਵੀ ਕਾਇਮ ਹੈ।
ਸੋ ਇਸੇ ਰਵਾਇਤ ਤਹਿਤ ਇੱਕ ਸਾਂਝੇ ਪਰਿਵਾਰ ਵਿੱਚ ਵਿਆਹ ਕੇ ਆਈ ਮੱਧ ਵਰਗੀ ਘਰੇਲੂ ਕੁੜੀ ਰਿਚਾ ਲਈ ਇਹ ਸਭ ਕੁਝ ਅਟਪਟਾ ਸੀ, ਕਿਉਂਕਿ ਉਸ ਪਰਿਵਾਰ ਵਿੱਚ ਪੁਰਸ਼ ਦੀ ਪਤਨੀ 24 ਘੰਟੇ ਉਸ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ ਸੀ। ਇਹ ਵਿਵਸਥਾ ਸਦੀਆਂ ਤੋਂ ਚਲਦੀ ਆ ਰਹੀ ਹੈ।ਪੁਰਸ਼ਾਂ ਨੇ ਇਸ ਅਵਸਥਾ ਨੂੰ ਚਲਾਈ ਰੱਖਣ ਲਈ ਬਹੁਤ ਸਾਰੇ ਸੰਘਰਸ਼ ਵੀ ਕੀਤੇ ਤਾਂ ਕਿ ਪੁਰਸ਼ ਪ੍ਰਭੂਸੱਤਾ ਬਣੀ ਰਹੇ। ਜੋ ਉਸਨੂੰ ਵੱਧ ਮਹੱਤਵਪੂਰਨ ਮਹਿਸੂਸ ਕਰਾਉਂਦੀ ਹੈ। ਅੱਜਕੱਲ੍ਹ ਦੀਆਂ ਔਰਤਾਂ ਵਾਂਗ ਰਿਚਾ ਆਪਣੀ ਕਮਾਈ ਲਈ ਘਰ ਤੋਂ ਬਾਹਰ ਜਾਣਾ ਚਾਹੁੰਦੀ ਹੈ ਪਰ ਪਰਿਵਾਰ ਇਸਦੀ ਇਜ਼ਾਜ਼ਤ ਨਹੀਂ ਦਿੰਦਾ।
ਅੱਜ ਤਸਵੀਰ ਬਹੁਤ ਬਦਲ ਚੁੱਕੀ ਹੈ ਅੱਜ ਔਰਤ ਆਰਥਿਕ ਤੌਰ ਤੇ ਪਤੀ ਤੇ ਨਿਰਭਰ ਨਹੀਂ, ਬਲਕਿ ਉਹ ਖ਼ੁਦ ਕਮਾਊ ਹੈ। ਇਸ ਹਾਲਤ ਵਿੱਚ ਉਸਦੇ ਦੁਆਰਾ ਉਮੀਦ ਕੀਤੀ ਜਾਂਦੀ ਹੈ ਕਿ ਪਤੀ ਵੀ ਬਰਾਬਰ ਘਰ ਦੇ ਕੰਮਾਂ ਵਿੱਚ ਮੱਦਦ ਕਰਾਵੇ। ਪਰ ਕੀ ਪਤੀ ਘਰਦੇ ਕੰਮਾਂ ਵਿੱਚ ਮੱਦਦ ਵੀ ਕਰਦਾ ਹੈ, ਸ਼ਾਇਦ ਇਹ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੋਵੇਗੀ।ਔਰਤਾਂ ਨੂੰ ਸਿਰਫ ਸਾਂਝੇ ਪਰਿਵਾਰਾਂ ਵਿੱਚ ਹੀ ਨਹੀਂ ਬਲਕਿ ਨਿਊਕਲੀਅਰ ਪਰਿਵਾਰਾਂ ਵਿੱਚ ਵੀ ਕੰਮਾਂ ਦੇ ਵਰਕ ਲੋਡ ਮਾਨਸਿਕ ਬੋਝ ਝੱਲਣਾ ਪੈਂਦਾ ਹੈ।
 ਨੌਕਰੀ ਪੇਸ਼ਾ ਹੋਣ ਕਰਕੇ ਹਰ ਰੋਜ਼ ਸਵੇਰੇ ਤਾਜ਼ਾ ਨਾਸ਼ਤਾ ਤੇ ਲੰਚ ਤਿਆਰ ਕਰਨਾ, ਖਵਾਉਣਾ, ਲੰਚ ਪੈਕ ਕਰਨਾ, ਬੱਚਿਆਂ ਨੂੰ ਸਕੂਲ਼ ਲਈ ਤਿਆਰ ਕਰਨਾ, ਆਪ ਤਿਆਰ ਹੋਣਾ। ਅਕਸਰ ਸਵੇਰ ਸਮੇਂ ਤੋਂ ਹੀ ਔਰਤਾਂ ਅੱਗੇ ਕੰਮਾਂ ਦਾ ਪਹਾੜ ਮੂੰਹ ਅੱਡੀ ਖੜ੍ਹਾ ਰਹਿੰਦਾ ਹੈ। ਸਾਡੇ ਘਰਾਂ ਵਿੱਚ ਪਰੰਪਰਾਗਤ ਰਿਵਾਜਾਂ ਦੇ ਚੱਲਦੇ ਇਹ ਆਸ਼ਾ ਕੀਤੀ ਜਾਂਦੀ ਹੈ ਕਿ ਔਰਤਾਂ ਨੇ ਕੰਮਕਾਜ ਕਰਕੇ ਘਰ ਸੰਭਾਲਣੇ ਹਨ। ਗੱਲ ਸਿਰਫ ਕੰਮ ਦੀ ਨਹੀਂ ਬਲਕਿ ਕੰਮਾਂ ਨੂੰ ਯਾਦ ਰੱਖਣਾ, ਸਮੇਂ ਸਿਰ ਨਿਪਟਾਉਣਾ, ਕੰਮਾਂ ਨੂੰ ਕਿਸੇ ਹੋਰ ਤੋਂ ਕਰਵਾਉਣਾ ਇਹ ਵੀ ਵੱਡੀਆਂ ਚੁਣੌਤੀਆਂ ਹਨ। ਹੋਰ ਤਾਂ ਹੋਰ ਘਰ ਦੇ ਹਰ ਮੈਂਬਰ ਦੀ ਪਸੰਦ ਦਾ ਧਿਆਨ ਰੱਖਣਾ ਅਤੇ ਮੇਡ ਤੋਂ ਕੰਮ ਕਰਵਾਉਣਾ ਵੀ ਇਕ ਅਹਿਮ ਚੁਣੌਤੀ ਹੈ।
ਅੱਜ ਕੱਲ੍ਹ ਤਾਂ ਪਤੀ ਪਤਨੀ ਘਰ ਦੇ ਕੰਮਾਂ ਨੂੰ ਬਰਾਬਰ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਪਰ ਇੱਕ ਸੋਧ ਅਨੁਸਾਰ ਪਰਿਵਾਰਾਂ ਵਿੱਚ ਬਜ਼ੁਰਗ ਦੀ ਸੇਵਾ ਜਿਹੇ ਮਾਨਸਿਕ ਬੋਝ ਵਾਲੇ ਦਸ ਕੰਮਾਂ ਵਿੱਚੋਂ ਸੱਤ ਕੰਮ ਔਰਤਾਂ ਦੁਆਰਾ ਹੀ ਕੀਤੇ ਜਾਂਦੇ ਹਨ। ਇਸ ਸਭ ਦੇ ਬਾਵਜੂਦ ਨੌਕਰੀ ਪੇਸ਼ਾ ਔਰਤਾਂ ਲਈ ਆਫਿਸ ਦਾ ਕੰਮ ਮੈਨੇਜ਼ ਕਰਕੇ ਵਰਕ ਲਾਈਫ ਬੈਲੈਂਸ ਬਣਾਉਣਾ ਅਤੇ ਛੋਟੇ ਬੱਚਿਆਂ ਨੂੰ ਸੰਭਾਲਣਾ ਵੀ ਹੁੰਦਾ ਹੈ। ਇਹ ਸਭ ਕੰਮ ਗੈਰ ਆਰਥਿਕ ਹੋਣ ਕਰਕੇ ਉਹਨਾਂ ਨੂੰ ਕੋਈ ਪ੍ਰਸ਼ੰਸ਼ਾ ਵੀ ਨਹੀਂ ਮਿਲਦੀ। ਇਸ ਤਰ੍ਹਾਂ ਦੇ ਵਰਕਲੋਡ ਕਰਕੇ ਔਰਤਾਂ ਆਈ.ਬੀ.ਐੱਸ. ਵਰਗੀਆਂ ਬਿਮਾਰੀਆਂ ਲਗਾ ਲੈਂਦੀਆਂ ਹਨ। ਜੇਕਰ ਭਾਰਤੀ ਔਰਤਾਂ ਨੂੰ ਏਨਾ ਭੋਜਨ ਤਿਆਰ ਕਰਨ ਦੇ ਬੋਝ ਤੋਂ ਮੁਕਤੀ ਦੇ  ਦਿੱਤੀ ਜਾਵੇ ਤਾਂ ਉਹ ਆਪਣੀ ਊਰਜਾ ਆਪਣੀ ਪ੍ਰੀਤਿਭਾ, ਕਲਾ ਅਤੇ ਆਪਣੇ ਗੁਣਾਂ ਨੂੰ ਨਿਖਾਰਨ ਵਿੱਚ ਲਗਾ ਸਕਦੀ ਹੈ, ਜਿਸ ਨਾਲ ਸਾਡੇ ਦੇਸ਼ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। ਜਿੰਨਾ ਚਿਰ ਸਾਡਾ ਦੇਸ਼ ਔਰਤਾਂ ਨੂੰ ਘਰੇਲੂ ਕੰਮਾਂ ਤੋਂ ਮੁਕਤ ਨਹੀਂ ਕਰਦਾ ਓਨਾ ਚਿਰ ਉਹ ਇਕ ਵਿਕਸਤ ਰਾਸ਼ਟਰ ਨਹੀਂ ਬਣ ਸਕੇਗਾ।
ਭਾਵੇਂ ਇਸ ਫ਼ਿਲਮ ਨੇ ਔਰਤਾਂ ਦੀ ਦੁਨੀਆਂ ਨੂੰ ਸ਼ੀਸ਼ੇ ਵਾਂਗ ਸਾਫ਼ ਕਰਕੇ ਦੱਸ ਦਿੱਤਾ ਅਤੇ ਪੂਰੀ ਦੁਨੀਆਂ ਲਈ ਰਿਚਾ ਪੀੜਤ ਹੈ ਪਰ ਦੂਜੇ ਪਾਸੇ ਕਈ ਸਥਿਤੀਆਂ ਵਿੱਚ ਵੇਖਿਆ ਗਿਆ ਹੈ ਕਿ ਅੱਜਕਲ੍ਹ ਤਸਵੀਰ ਅਜਿਹੀ ਬਣ ਰਹੀ ਹੈ ਕਿ ਪਤੀ ਆਪਣੀ ਬੀਵੀ ਤੋਂ ਅਤੇ ਸੱਸ ਸਹੁਰਾ ਆਪਣੀ ਨੂੰਹ ਤੋਂ ਡਰਦੇ ਹਨ। ਅੱਜ ਨਵੀਂ ਵਿਆਹ ਕੇ ਆਈ ਔਰਤ ਕਿਸੇ ਅਦ੍ਰਿਸ਼ ਪ੍ਰਭਾਵ ਥੱਲੇ ਇਹ ਸਮਝਦੀ ਹੈ ਕਿ ਪਤੀ ਨੇ ਬਾਹਰ ਜਾ ਕੇ ਕਮਾਉਣਾ ਹੈ ਤੇ ਉਸਨੇ ਪਤੀ ਦੇ ਪੈਸਿਆਂ ਤੇ ਐਸ਼ ਕਰਨੀ ਹੈ । ਘਰ ਦੇ ਕੰਮਾਂ ਕਾਰਾਂ ਲਈ ਘਰ ਵਿੱਚ ਮੇਡ ਅਤੇ ਨੌਕਰ ਹੋਣ। ਇਹ ਫ਼ਿਲਮ ਇਸ ਗੰਭੀਰ ਸਮੱਸਿਆ ਪ੍ਰਤੀ ਦਰਸ਼ਕਾਂ ਅੱਗੇ ਕੋਈ ਸੁਝਾਅ ਜਾਂ ਹੱਲ ਨਹੀਂ ਦੱਸਦੀ ਬੱਸ ਦਰਸ਼ਕਾਂ ਅੱਗੇ ਪ੍ਰਸ਼ਨ ਚਿੰਨ੍ਹ ਖੜਾ ਕਰਦੀ ਹੈ, ਜਿਸ ਦਾ ਫ਼ੈਸਲਾ ਅੱਜ ਦੇ ਹਾਲਾਤਾਂ ਅਨੁਸਾਰ ਔਰਤਾਂ ਅਤੇ ਪੁਰਸ਼ਾਂ ਨੇ ਖ਼ੁਦ ਕਰਨਾ ਹੈ।
ਚਰਨਜੀਤ ਸਿੰਘ ਮੁਕਤਸਰ, 
ਸੈਂਟਰ ਹੈੱਡ ਟੀਚਰ, ਸਪ੍ਸ ਝਬੇਲਵਾਲੀ,
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ।
ਮੋਬਾਇਲ ਨੰਬਰ 9501300716
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੁਭ ਸਵੇਰ ਦੋਸਤੋ
Next articleਸਿਮਰਨ ਪਬਲਿਕ ਸਕੂਲ ਦਾ ਪੰਜਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ