ਇਸਲਾਮਾਬਾਦ (ਸਮਾਜ ਵੀਕਲੀ) : ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ਵਿਚ ਔਰਤਾਂ ਦੇ ਬਿਊਟੀ ਪਾਰਲਰਾਂ ’ਤੇ ਪਾਬੰਦੀ ਲਾਈ ਜਾ ਰਹੀ ਹੈ। ਤਾਲਿਬਾਨ ਸ਼ਾਸਨ ਵੱਲੋਂ ਅਫ਼ਗਾਨ ਔਰਤਾਂ ਤੇ ਲੜਕੀਆਂ ਦੀ ਆਜ਼ਾਦੀ ’ਤੇ ਇਹ ਇਕ ਹੋਰ ਨਵੀਂ ਪਾਬੰਦੀ ਲਾਈ ਗਈ ਹੈ। ਇਸ ਤੋਂ ਪਹਿਲਾਂ ਸਿੱਖਿਆ, ਜਨਤਕ ਥਾਵਾਂ ਤੇ ਰੁਜ਼ਗਾਰ ਨਾਲ ਸਬੰਧਤ ਪਾਬੰਦੀਆਂ ਵੀ ਲਾਈਆਂ ਜਾ ਚੁੱਕੀਆਂ ਹਨ। ਤਾਲਿਬਾਨ ਦੇ ਇਕ ਬੁਲਾਰੇ ਨੇ ਨਵੀਂ ਪਾਬੰਦੀ ਦੀ ਪੁਸ਼ਟੀ ਕੀਤੀ ਹੈ ਪਰ ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਨਹੀਂ ਦਿੱਤੀ। ਉੱਥੋਂ ਦੇ ਮੰਤਰਾਲੇ ਨੇ 24 ਜੂਨ ਨੂੰ ਪੱਤਰ ਜਾਰੀ ਕਰ ਕੇ ਸੁਪਰੀਮ ਲੀਡਰ ਹਿਬਤੁੱਲ੍ਹਾ ਅਖੂੰਦਜ਼ਾਦਾ ਵੱਲੋਂ ਇਕ ਜ਼ੁਬਾਨੀ ਹੁਕਮ ਕੱਢਿਆ ਹੈ। ਇਹ ਪਾਬੰਦੀ ਰਾਜਧਾਨੀ ਕਾਬੁਲ ਤੇ ਸਾਰੇ ਰਾਜਾਂ ਉਤੇ ਲਾਗੂ ਹੋਵੇਗੀ। ਅਜਿਹੇ ਕਾਰੋਬਾਰ ਬੰਦ ਕਰਨ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਬਿਊਟੀ ਪਾਰਲਰ ਚਲਾਉਣ ਵਾਲਿਆਂ ਨੂੰ ਇਨ੍ਹਾਂ ਨੂੰ ਬੰਦ ਕਰਨ ਬਾਰੇ ਰਿਪੋਰਟ ਤਾਲਿਬਾਨ ਨੂੰ ਦੇਣੀ ਪਏਗੀ। ਇਸ ਪਾਬੰਦੀ ਲਈ ਤਾਲਿਬਾਨ ਨੇ ਕੋਈ ਕਾਰਨ ਨਹੀਂ ਦਿੱਤਾ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਅਖੂੰਦਜ਼ਾਦਾ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਅਫ਼ਗਾਨਿਸਤਾਨ ਵਿਚ ਰਹਿ ਰਹੀਆਂ ਔਰਤਾਂ ਦੀ ਬਿਹਤਰੀ ਲਈ ਜ਼ਰੂਰੀ ਕਦਮ ਚੁੱਕੇ ਹਨ। ਗੌਰਤਲਬ ਹੈ ਕਿ ਤਾਲਿਬਾਨ ਨੇ ਅਗਸਤ 2021 ਵਿਚ ਅਫ਼ਗਾਨਿਸਤਾਨ ’ਚ ਮੁੜ ਸੱਤਾ ਸੰਭਾਲਣ ਤੋਂ ਬਾਅਦ ਵਾਅਦਿਆਂ ਤੋਂ ਉਲਟ ਕਈ ਸਖ਼ਤ ਕਦਮ ਚੁੱਕੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly