ਮੁੰਬਈ (ਸਮਾਜ ਵੀਕਲੀ): ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਅਤੇ ਗੋਆ ਵਿਧਾਨ ਸਭਾ ਦੀਆਂ ਚੋਣਾਂ ਜ਼ਰੂਰ ਲੜੇਗੀ ਅਤੇ ਦਾਅਵਾ ਕੀਤਾ ਕਿ ਪੱਛਮੀ ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਉਨ੍ਹਾਂ ਦੀ ਪਾਰਟੀ ਨੂੰ ਸਮਰਥਨ ਦੇਣਾ ਚਾਹੁੰਦੀਆਂ ਹਨ।
ਰਾਊਤ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਿਵ ਸੈਨਾ ਉੱਤਰ ਪ੍ਰਦੇਸ਼ (ਜਿੱਥੇ 403 ਵਿਧਾਨ ਸਭਾ ਸੀਟਾਂ ਹਨ) ਵਿੱਚ 80 ਤੋਂ 100 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰੇਗੀ ਜਦਕਿ ਗੋਆ ਵਿਧਾਨ ਸਭਾ (ਜਿਸ ਵਿੱਚ 40 ਸੀਟਾਂ ਹਨ) ਚੋਣਾਂ ਵਿੱਚ ਪਾਰਟੀ 20 ਉਮੀਦਵਾਰ ਮੈਦਾਨ ’ਚ ਉਤਾਰੇਗੀ। ਰਾਜ ਸਭਾ ਮੈਂਬਰ ਰਾਊਤ ਨੇ ਕਿਹਾ, ‘ਪੱਛਮੀ ਉੱਤਰ ਪ੍ਰਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਸ਼ਿਵ ਸੈਨਾ ਨੂੰ ਸਮਰਥਨ ਦੇਣ ਦੀ ਇੱਛਾ ਪ੍ਰਗਟਾਈ ਹੈ ਅਤੇ ਅਸੀਂ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰ ਸਕਦੇ ਹਾਂ। ਗੋਆ ਵਿੱਚ ਮਹਾ ਵਿਕਾਸ ਅਘਾੜੀ (ਐੱਮਵੀਏ) ਵਰਗਾ ਫਾਰਮੂਲਾ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ।’
ਉਨ੍ਹਾਂ ਕਿਹਾ ਕਿ ਦੋਵਾਂ ਸੂਬਿਆਂ ਵਿੱਚ ਹੀ ਸ਼ਿਵ ਸੈਨਾ ਦੀਆਂ ਇਕਾਈਆਂ ਹਨ ਅਤੇ ਜਿੱਤ ਜਾਂ ਹਾਰ ਨੂੰ ਪਾਸੇ ਰੱਖ ਕੇ ਚੋਣ ਲੜੀਆਂ ਜਾਣਗੀਆਂ। ਵਿਜੈ ਰੂਪਾਨੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਸਬੰਧੀ ਸਵਾਲ ਦੇ ਜਵਾਬ ’ਚ ਸ੍ਰੀ ਰਾਊਤ ਨੇ ਕਿਹਾ, ‘ਇਹ ਭਾਜਪਾ ਦੇ ਅੰਦਰੂਨੀ ਮਾਮਲਾ ਹੈ, ਬਾਹਰਲੇ ਲੋਕਾਂ ਨੂੰ ਇਸ ’ਤੇ ਟਿੱਪਣੀ ਕਰਨ ਦੀ ਲੋੜ ਨਹੀਂ ਹੈ। ਮੈਂ ਰੂਪਾਨੀ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਰਾਜ ਸਭਾ ਮੈਂਬਰ ਸਨ।’ ਉਨ੍ਹਾਂ ਦਾਅਵਾ ਕੀਤਾ, ‘ਪਿਛਲੀ ਵਾਰ ਭਾਜਪਾ ਗੁਜਰਾਤ ’ਚ ਬਹੁਮੱਤ ਹਾਸਲ ਕਰਨ ਸਫਲ ਰਹੀ ਸੀ ਪਰ ਇਸ ਵਾਰ ਪਾਰਟੀ ਲਈ ਸਥਿਤੀ ਠੀਕ ਨਹੀਂ ਹੈ।’ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਦੀ ਕੌਮੀ ਪੱਧਰ ’ਤੇ ਭੂਮਿਕਾ ਸਬੰਧੀ ਸਵਾਲ ’ਤੇ ਰਾਊਤ ਨੇ ਕਿਹਾ, ‘ਠਾਕਰੇ ਵਿੱਚ ਕੌਮੀ ਪੱਧਰ ਦਾ ਨੇਤਾ ਬਣਨ ਦੀ ਸਮਰੱਥਾ ਹੈ। ਮਹਾਰਾਸ਼ਟਰ ਦਾ ਮੁੱਖ ਮੰਤਰੀ ਇੱਕ ਕੌਮੀ ਨੇਤਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly