ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ 24 ਜਨਵਰੀ ਤੱਕ ਯੋਗ ਵੋਟਰ ਫਾਰਮ ਭਰ ਕੇ ਆਪਣੀ ਵੋਟ ਜ਼ਰੂਰ ਬਣਾਉਣ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਨਯੋਗ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਣ ਵਾਲੇ ਸਮੂਹ 5 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਾ 111-ਮੁਕੇਰੀਆਂ, 112-ਦਸੂਹਾ, 113-ਸ਼ਾਮਚੁਰਾਸੀ, 114-ਹੁਸ਼ਿਆਰਪੁਰ ਅਤੇ 115-ਗੜ੍ਹਸ਼ੰਕਰ ਦੀਆਂ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਡਿਪਟੀ ਕਮਿਸ਼ਨਰ ਦਫ਼ਤਰ, ਸਬੰਧਤ ਰਿਵਾਈਜਿੰਗ ਅਥਾਰਟੀਜ਼/ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ, ਸਮੂਹ ਤਹਿਸੀਲ ਦਫ਼ਤਰਾਂ, ਪਟਵਾਰ ਸਰਕਲ ਦੇ ਪਟਵਾਰੀਆਂ ਦੇ ਦਫ਼ਤਰਾਂ ਅਤੇ ਸਮੂਹ ਨੋਟੀਫਾਇਡ ਸਿੱਖ ਗੁਰਦੁਆਰਿਆਂ ਵਿਚ ਮਿਤੀ 3 ਜਨਵਰੀ 2025 ਨੂੰ ਕਰਵਾ ਦਿੱਤੀ ਗਈ ਹੈ। 3 ਜਨਵਰੀ ਤੋਂ ਇਨ੍ਹਾਂ ਥਾਵਾਂ ’ਤੇ ਵੋਟਰ ਸੂਚੀਆਂ ਦੇਖਣ ਲਈ ਉਪਲਬਧ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸਮੂਹ ਹਲਕਿਆਂ ਦੀ ਰਿਵਾਈਜਿੰਗ ਅਥਾਰਟੀਆਂ 111-ਮੁਕੇਰੀਆਂ (ਐਸ.ਡੀ.ਐਮ. ਮੁਕੇਰੀਆਂ, 112-ਦਸੂਹਾ (ਐਸ.ਡੀ.ਐਮ. ਦਸੂਹਾ), 113-ਸ਼ਾਮਚੁਰਾਸੀ (ਨਗਰ ਨਿਗਮ ਕਮਿਸ਼ਨਰ ਹੁਸ਼ਿਆਰਪੁਰ), 114-ਹੁਸ਼ਿਆਰਪੁਰ (ਐਸ.ਡੀ.ਐਮ. ਹੁਸ਼ਿਆਰਪੁਰ) ਅਤੇ 115-ਗੜ੍ਹਸ਼ੰਕਰ (ਐਸ.ਡੀ.ਐਮ. ਗੜ੍ਹਸ਼ੰਕਰ) ਵਲੋਂ ਡਰਾਫਟ ਵੋਟਰ ਸੂਚੀਆਂ ’ਤੇ ਦਾਅਵੇ ਅਤੇ ਇਤਰਾਜ ਮਿਤੀ 3 ਜਨਵਰੀ ਤੋਂ 24 ਜਨਵਰੀ 2025 ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਮਿਤੀ 5 ਫਰਵਰੀ 2025 ਤੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨਜੂਰ ਹੋਏ ਦਾਅਵੇ ਅਤੇ ਇਤਰਾਜਾਂ ਦੇ ਮਸੌਦੇ/ਸਪਲੀਮੈਂਟ ਤਿਆਰ ਕਰਕੇ ਪ੍ਰਿੰਟਿੰਗ ਮਿਤੀ 24 ਫਰਵਰੀ 2025 ਤੱਕ ਕਰਵਾਈ ਜਾਵੇਗੀ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮਿਤੀ 25 ਫਰਵਰੀ 2025 ਨੂੰ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਵਿਚ ਕੋਈ ਕਲੈਰੀਕਲ ਜਾਂ ਪ੍ਰਿੰਟਿੰਗ ਸਬੰਧੀ ਨੁਕਸ ਹੋਵੇ ਤਾਂ ਸਬੰਧਤ ਰਿਵਾਈਜਿੰਗ ਆਥਾਰਟੀ ਦੇ ਧਿਆਨ ਵਿਚ ਲਿਆਂਦੀ ਜਾਵੇ ਤਾਂ ਜੋ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਇਸ ਵਿਚ ਜ਼ਰੂਰੀ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਡਰਾਫ਼ਟ ਵੋਟਰ ਸੂਚੀ ਸਬੰਧੀ ਬਿਨੈਕਾਰ/ਇਤਰਾਜਕਰਤਾ ਆਪਣੇ ਦਾਅਵੇ/ਇਤਰਾਜ ਲਿਖਤੀ ਰੂਪ ਵਿਚ ਤਸਦੀਕ ਤੌਰ ’ਤੇ ਆਪਣੇ ਰਿਵਾਈਜਿੰਗ ਅਥਾਰਟੀ ਨੂੰ ਵਿਅਕਤੀਗਤ ਰੂਪ ਵਿਚ, ਲਿਖਤੀ, ਡਾਕ ਰਾਹੀਂ ਜਾਂ ਕਿਸੇ ਇਸ ਤਰ੍ਹਾਂ ਦੇ ਏਜੰਟ, ਜੋ ਕਿ ਲਿਖਤੀ ਤੌਰ ’ਤੇ ਮਨਜ਼ੂਰ ਹੋਣ, ਦੇ ਵਲੋਂ ਨਿਰਧਾਰਤ ਮਿਤੀ ਤੱਕ ਭੇਜ ਸਕਦੇ ਹਨ। ਕੇਵਲ ਉਹੀ ਵਿਅਕਤੀ, ਜਿਸ ਦੀ ਉਮਰ 21 ਸਾਲ ਜਾਂ ਇਸ ਤੋਂ ਉਪਰ ਹੋਵੇ ਅਤੇ ਜਿਸ ਦਾ ਨਾਮ ਇਸ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਪਹਿਲਾਂ ਤੋਂ ਦਰਜ ਹੋਵੇ, ਹੀ ਇਤਰਾਜ ਪੇਸ਼ ਕਰ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਹੁਣ ਤੱਕ ਵੋਟ ਨਹੀਂ ਬਣੀ ਹੈ, ਉਹ ਮਿਤੀ 24 ਜਨਵਰੀ 2025 ਤੱਕ ਫਾਰਮ ਭਰ ਕੇ ਅਪਣੀ ਵੋਟ ਜ਼ਰੂਰ ਬਣਵਾ ਲੈਣ। ਉਨ੍ਹਾਂ ਕਿਹਾ ਕਿ ਵੋਟਾਂ ਸਬੰਧੀ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਵਰਕਰ ਮਲਕੀਤ ਸਿੰਘ ਮੁਕੰਦਪੁਰ ਜੀ ਸਾਡੇ ਵਿੱਚ ਇਸ ਤਰ੍ਹਾਂ ਦੇ ਕੰਮ ਕਰ ਗਏ ਜੋ ਹਮੇਸ਼ਾ ਯਾਦ ਕੀਤੇ ਜਾਣਗੇ
Next articleਨਵੇਂ ਸਾਲ ਮੌਕੇ ਨਗਰ ਨਿਗਮ ’ਚ ਕਰਵਾਇਆ ਹਵਨ, ਸੰਸਦ ਡਾ. ਰਾਜ ਕੁਮਾਰ, ਵਿਧਾਇਕ ਜਿੰਪਾ, ਡਿਪਟੀ ਕਮਿਸ਼ਨਰ ਤੇ ਮੇਅਰ ਨੇ ਕੀਤੀ ਸ਼ਿਰਕਤ